ਭਾਰਤ-ਅਮਰੀਕੀ ਮਾਹਰਾਂ ਨੇ ਐਚ-1ਬੀ ਬਿੱਲ ‘ਤੇ ਚਿੰਤਾ ਪ੍ਰਗਟਾਈ

ਭਾਰਤ-ਅਮਰੀਕੀ ਮਾਹਰਾਂ ਨੇ ਐਚ-1ਬੀ ਬਿੱਲ ‘ਤੇ ਚਿੰਤਾ ਪ੍ਰਗਟਾਈ

ਵਾਸ਼ਿੰਗਟਨ/ਬਿਊਰੋ ਨਿਊਜ਼ :
ਸਿਲੀਕੌਨ ਵੈਲੀ ਆਧਾਰਿਤ ਭਾਰਤ ਅਮਰੀਕੀ ਆਈਟੀ ਮਾਹਰਾਂ ਨੇ ਅਮਰੀਕੀ ਕਾਂਗਰਸ ਵਿਚ ਪੇਸ਼ ਕੀਤੇ ਜਾਣ ਵਾਲੇ ਨਵੇਂ ਐਚ1ਬੀ ਵੀਜ਼ਾ ਬਿਲ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਭਾਰਤੀਆਂ ‘ਤੇ ਸਭ ਤੋਂ ਜ਼ਿਆਦਾ ਮਾੜਾ ਪ੍ਰਭਾਵ ਪਏਗਾ।
ਸਿਲੀਕੌਨ ਵੈਲੀ ਵਿਚ 100 ਤੋਂ ਵੱਧ ਭਾਰਤ-ਅਮਰੀਕੀ ਤਕਨਾਲੋਜੀ ਮਾਹਰ ਇਕੱਠੇ ਹੋਏ ਅਤੇ ਉਨ੍ਹਾਂ ਇਸ ਮੁੱਦੇ ‘ਤੇ ਕਾਨੂੰਨਸਾਜ਼ਾਂ ਅਤੇ ਨੀਤੀ ਘਾੜਿਆਂ ਨੂੰ ਜਾਗਰੂਕ ਕਰਨ ਦਾ ਫ਼ੈਸਲਾ ਲਿਆ। ਗਲੋਬਲ ਇੰਡੀਅਨ ਤਕਨਾਲੋਜੀ ਪ੍ਰੋਫ਼ੈਸ਼ਨਲਸ ਐਸੋਸੀਏਸ਼ਨ ਦੇ ਪ੍ਰਧਾਨ ਖਾਂਡੇਰਾਓ ਕਾਂਡ ਨੇ ਕਿਹਾ ਕਿ ਉਹ ਸੁਧਾਰਾਂ ਦੀ ਹਮਾਇਤ ਕਰਦੇ ਹਨ ਪਰ ਬਿਲ ਦੀਆਂ ਮੱਦਾਂ ਨਾਲ ਅਮਰੀਕੀ ਯੂਨੀਵਰਸਿਟੀਆਂ ਵਿਚ ਪੜ੍ਹਦੇ ਭਾਰਤੀਆਂ ਅਤੇ ਕਿੱਤਾ ਮਾਹਰਾਂ ‘ਤੇ ਅਸਰ ਪਏਗਾ ਕਿਉਂਕਿ ਉਨ੍ਹਾਂ ਨੂੰ ਘੱਟੋ ਘੱਟ ਤਨਖ਼ਾਹਾਂ ਦੇਣ ਵਾਲੀਆਂ ਕੰਪਨੀਆਂ ਮਿਲਣਾ ਮੁਸ਼ਕਲ ਹੋ ਜਾਏਗਾ।
ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਪੱਤਰ ਲਿਖ ਕੇ ਇਸ ਮਸਲੇ ਦਾ ਹੱਲ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰੀਨ ਕਾਰਡ ਹੋਲਡਰਾਂ ‘ਤੇ ਬਿਲ ਦਾ ਅਸਰ ਪਏਗਾ ਕਿਉਂਕਿ ਅਰਜ਼ੀਕਾਰਾਂ ਨੂੰ ਦਹਾਕੇ ਤੋਂ ਵੱਧ ਸਮੇਂ ਲਈ ਉਡੀਕ ਕਰਨੀ ਪੈ ਸਕਦੀ ਹੈ।