ਗੁਰਮਿਹਰ ਕੌਰ ਦੀ ਹਿੰਸਕ ਤਾਕਤਾਂ ਨੂੰ ਵੰਗਾਰ : ਮੈਂ ਏ.ਬੀ.ਵੀ.ਪੀ. ਤੋਂ ਨਹੀਂ ਡਰਦੀ

ਗੁਰਮਿਹਰ ਕੌਰ ਦੀ ਹਿੰਸਕ ਤਾਕਤਾਂ ਨੂੰ ਵੰਗਾਰ : ਮੈਂ ਏ.ਬੀ.ਵੀ.ਪੀ. ਤੋਂ ਨਹੀਂ ਡਰਦੀ

ਸੰਘਰਸ਼ ਜਾਰੀ ਰੱਖਣ ਦੇ ਅਹਿਦ ਨਾਲ ਵੱਖ ਹੋਈ ਅੰਦੋਲਨ ਤੋਂ
‘ਮਨ ਕੀ ਬਾਤ’ ਕਰਨ ਵਾਲੇ ਮੋਦੀ ਮੌਨ
ਪੰਜਾਬ ਦੇ ਸਾਬਕਾ ਫ਼ੌਜੀ ਲੜਨਗੇ ਗੁਰਮਿਹਰ ਦੀ ਲੜਾਈ

”ਮੈਂ ਏ.ਬੀ.ਵੀ.ਪੀ. ਤੋਂ ਨਹੀਂ ਡਰਦੀ। ਮੈਂ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹਾਂ ਅਤੇ ਆਪਣੇ ਸ਼ਹੀਦ ਪਿਤਾ ਵਾਂਗ ਗੋਲੀ ਖਾਣ ਨੂੰ ਵੀ ਤਿਆਰ ਹਾਂ। ਜੇਕਰ ਕਿਸੇ ਨੂੰ ਉਸ ਨੂੰ ਸ਼ਹੀਦ ਦੀ ਬੇਟੀ ਕਹਿਣ ‘ਚ ਸ਼ਰਮ ਆਉਂਦੀ ਹੈ ਤਾਂ ਉਹ ਉਸ ਨੂੰ ਸਿਰਫ ਗੁਰਮੇਹਰ ਕਹਿ ਸਕਦੇ ਹਨ। ਸੱਤਾ ‘ਚ ਬੈਠਾ ਕੋਈ ਵੀ ਵਿਅਕਤੀ ਦੇਸ਼ ਭਗਤੀ ਨੂੰ ਪਰਿਭਾਸ਼ਤ ਨਹੀਂ ਕਰ ਸਕਦਾ। ਇਹ ਕੇਵਲ ਅੰਦਰੋਂ ਮਹਿਸੂਸ ਕੀਤੀ ਜਾਣ ਵਾਲੀ ਭਾਵਨਾ ਹੈ। ਮੇਰੇ ਦੋਸਤੋ! ਮੇਰੇ ਪਿਆਰੇ ਅਧਿਆਪਕੋ! ਕਾਸ਼ ਮੈਂ ਵੀ (ਮਾਰਚ ਵਿੱਚ) ਤੁਹਾਡੇ ਨਾਲ ਹੁੰਦੀ!”  –ਗੁਰਮਿਹਰ ਕੌਰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮਿਹਰ ਕੌਰ ਭਾਵੇਂ ਆਰ.ਐਸ.ਐਸ. ਦੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਖ਼ਿਲਾਫ਼ ਮੁਹਿੰਮ ਤੋਂ ਲਾਂਭੇ ਹੋ ਗਈ ਹੈ ਪਰ ਉਹ ਆਪਣੇ ਸਟੈਂਡ ‘ਤੇ ਪੂਰੀ ਤਰ੍ਹਾਂ ਕਾਇਮ ਹੈ। ਮਹਿਜ਼ 21 ਵਰ੍ਹਿਆਂ ਦੀ ਗੁਰਮਿਹਰ ਕੌਰ ਨੇ ਫੇਸਬੁੱਕ ‘ਤੇ ਏ.ਬੀ.ਵੀ.ਪੀ. ਦੀ ਗੁੰਡਾਗਰਦੀ ਖ਼ਿਲਾਫ਼ ਖੁੱਲ੍ਹ ਕੇ ਚੁਣੌਤੀ ਦਿੰਦਿਆਂ ਲਿਖਿਆ ਸੀ-”ਮੈਂ ਏ.ਬੀ.ਵੀ.ਪੀ. ਤੋਂ ਨਹੀਂ ਡਰਦੀ”।  ਉਸ ਦੇ ਸਮਰਥਨ ਵਿਚ ਨਾ ਸਿਰਫ਼ ਸੈਂਕੜੇ ਵਿਦਿਆਰਥੀ ਡਟ ਗਏ ਹਨ, ਸਗੋਂ ਉਸ ਨਾਲ ਹਿੰਸਕ ਤਾਕਤਾਂ ਖ਼ਿਲਾਫ਼ ਲੰਬਾ ਕਾਫ਼ਲਾ ਵੀ ਜੁੜ ਗਿਆ ਹੈ। ਕਾਰਗਿਲ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਤੋਂ ਖ਼ੌਫ਼ਜ਼ਦਾ ਮੋਦੀ ਸਰਕਾਰ ਦੇ ਮੰਤਰੀਆਂ ਤਕ ਨੇ ਸ਼ਰਮਨਾਕ ਬਿਆਨ ਦਿੱਤੇ। ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਇਥੋਂ ਤਕ ਕਹਿ ਦਿੱਤਾ ਕਿ ਪਤਾ ਨਹੀਂ ਕੌਣ ਇਸ ਦੇ ਦਿਮਾਗ਼ ਵਿਚ ਗੰਦ ਭਰ ਰਿਹਾ ਹੈ। ਫੇਸਬੁੱਕ ‘ਤੇ ਇਹ ਸੁਨੇਹਾ ਅਪਲੋਡ ਕਰਨ ਕਾਰਨ ਗੁਰਮਿਹਰ ਕੌਰ ਨੂੰ ਬਲਾਤਕਾਰ ਤੇ ਮਾਰਨ ਤਕ ਦੀਆਂ ਧਮਕੀਆਂ ਦਿੱਤੀਆਂ ਗਈਆਂ। ਕ੍ਰਿਕਟ ਸਟਾਰ ਵਰਿੰਦਰ ਸਹਿਵਾਗ, ਪਹਿਲਵਾਨ ਬਬੀਤਾ ਫੋਗਾਟ, ਯਗੇਸ਼ਵਰ ਤਕ ਨੇ ਗੁਰਮਿਹਰ ਦਾ ਮਜ਼ਾਕ ਉਡਾਇਆ। ਦੇਸ਼ ਲਈ ਜਾਨ ਵਾਰਨ ਵਾਲੇ ਮਨਦੀਪ ਸਿੰਘ ਦੀ ਧੀ ਨੂੰ ‘ਗ਼ਦਾਰ’ ਦਾ ਤਗ਼ਮਾ ਦਿੱਤਾ ਗਿਆ। ਇਸ ਪੂਰੇ ਮਾਮਲੇ ਦੌਰਾਨ ਮਿੰਟ ਮਿੰਟ ‘ਤੇ ‘ਮਨ ਕੀ ਬਾਤ’ ਕਰਨ ਵਾਲੇ ‘ਭਾਜਪਾ ਤੇ ਆਰ.ਐਸ.ਐਸ. ਦੇ ਪ੍ਰਧਾਨ ਮੰਤਰੀ’ ਨਰਿੰਦਰ ਮੋਦੀ ਨੇ ਸਾਜ਼ਿਸ਼ੀ ਮੌਨ ਧਾਰਿਆ ਹੋਇਆ ਹੈ।
ਹਿੰਸਕ ਤਾਕਤਾਂ ਏਨੀਆਂ ਡਰੀਆਂ ਕਿ ਗੁਰਮਿਹਰ ਦੀ ਸਿੱਧੀ ਵੰਗਾਰ ਨੂੰ, ਉਨ੍ਹਾਂ ਦੇਸ਼ ਧਰੋਹ ਨਾਲ ਜੋੜ ਦਿੱਤਾ। ਦਰਅਸਲ, ਗੁਰਮਿਹਰ ਨੇ ਕਰੀਬ ਸਾਲ ਪਹਿਲਾਂ ਫੇਸਬੁੱਕ ‘ਤੇ ਪੋਸਟ ਪਾਈ ਸੀ ਕਿ ਉਸ ਦੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਸਗੋਂ ਜੰਗ ਨੇ ਮਾਰਿਆ ਹੈ। ਬਚਪਨ ਵਿਚ ਉਹ ਪਾਕਿਸਤਾਨੀਆਂ ਨੂੰ ਨਫ਼ਰਤ ਕਰਦੀ ਸੀ। ਇਥੋਂ ਤਕ ਕਿ ਜਦੋਂ ਉਹ 3 ਵਰ੍ਹਿਆਂ ਦੀ ਸੀ, ਇਕ ਬੁਰਕੇ ਵਾਲੀ ਔਰਤ ਨੂੰ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਸਮੇਂ ਦੇ ਨਾਲ ਨਾਲ ਉਸ ਨੂੰ ਸਮਝ ਆਈ ਕਿ ਜੰਗ ਕਿੰਨੀ ਭਿਆਨਕ ਹੁੰਦੀ ਹੈ। ਇਸ ਨਾਲ ਕਿੰਨੇ ਪਰਿਵਾਰ ਤਬਾਹ ਹੁੰਦੇ ਹਨ। ਉਸ ਨੇ ਪਾਕਿਸਤਾਨੀ ਅਵਾਮ ਨਾਲ ਮੇਲ-ਮਿਲਾਪ, ਆਪਸੀ ਸ਼ਾਂਤੀ ਦੀਆਂ ਵੀ ਅਪੀਲਾਂ ਕੀਤੀਆਂ। ਉਸ ਦੀ ਇਹ ਪੋਸਟ ਪੜ੍ਹ ਕੇ ਆਸਟਰੇਲੀਆ ਰਹਿੰਦੇ ਪਾਕਿਸਤਾਨ ਦੇ ਇਕ ਸ਼ਖ਼ਸ ਨੇ ਵੀ ਉਸ ਦੀ ਹਮਾਇਤ ਕੀਤੀ ਅਤੇ ਦੋਹਾਂ ਮੁਲਕਾਂ ਵਿਚਾਲੇ ਪਿਆਰ, ਸਾਂਝ ਦੀ ਅਪੀਲ ਕੀਤੀ। ਉਸ ਨੇ ਦੋਹਾਂ ਮੁਲਕਾਂ ਦੀ ਥਾਂ ਇਕ ਤੀਸਰੇ ਮੁਲਕ ਦਾ ਤਸਵੱਰ ਕਰਦਿਆਂ ਇਸ ਨੂੰ ਭੈਣ-ਭਰਾ ਦੇ ਮੁਲਕ ਦਾ ਨਾਂ ਦਿੱਤਾ।
ਗੁਰਮਿਹਰ ਕੌਰ ਦੀ ਇਸ ਪੋਸਟ ਨੂੰ ਭਾਜਪਾਈਆਂ, ਆਰ.ਐਸ.ਐਸ., ਅਖੌਤੀ ਰਾਸ਼ਟਰਵਾਦੀਆਂ, ਮੋਦੀ ਭਗਤਾਂ ਤੇ ਵਿਕਾਉ ਮੀਡੀਏ ਨੇ ਏਨਾ ਫੈਲਾਇਆ ਕਿ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਲਾਂਭੇ ਕਰਕੇ, ‘ਅਖੌਤੀ ਰਾਸ਼ਟਰਵਾਦੀ ਲਹਿਰ’ ਦਾ ਨਾਂ ਦੇ ਦਿੱਤਾ। ਤੇ ਇਸ ਲਹਿਰ ਵਿਚ ਮੋਦੀ ਭਗਤਾਂ ਨੇ ਚੁਣ ਚੁਣ ਕੇ ਵਾਰ ਕੀਤੇ। ਜਿਨ੍ਹਾਂ ਨੂੰ ਇਸ ਮਸਲੇ ਬਾਰੇ ਕੋਈ ਜਾਣਕਾਰੀ ਤਕ ਨਹੀਂ ਸੀ, ਮੋਦੀ ਸਰਕਾਰ ਤੋਂ ‘ਤਗ਼ਮਿਆਂ’ ਦੀ ਆਸ ਵਿਚ ਗੁਰਮਿਹਰ ਖ਼ਿਲਾਫ਼ ਅਪਸ਼ਬਦਾਂ ਦੀ ਝੜੀ ਲਾ ਦਿੱਤੀ। ਅਤੇ ਇਨ੍ਹਾਂ ਲੋਕਾਂ ਵਿਚੋਂ ਕਿਸੇ ਇਕ ਨੇ ਵੀ ਬਲਾਤਕਾਰ ਦੀਆਂ ਧਮਕੀਆਂ ਦੇਣ ਵਾਲਿਆਂ ਨੂੰ ਭੰਡਿਆ ਨਹੀਂ।
ਦਿੱਲੀ ਪੁਲੀਸ ਨੇ ਉਸ ਨੂੰ ‘ਬਲਾਤਕਾਰ’ ਦੀ ਧਮਕੀ ਦੇਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਜਦਕਿ ਸਾਈਬਰ ਕਰਾਇਮ ਲਈ ਧਮਕੀ ਦੇਣ ਵਾਲੇ ਦਾ ਪਤਾ ਲਾਉਣਾ ਔਖਾ ਨਹੀਂ। ਪੁਲੀਸ ਨੇ ਕੇਸ ਦਰਜ ਕਰਕੇ ਮਹਿਜ਼ ਖਾਨਾ ਪੂਰਤੀ ਕਰ ਦਿੱਤੀ ਹੈ। ਦਰਅਸਲ, ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਨੇ ਪਿਛਲੇ ਹਫ਼ਤੇ ਦਿੱਲੀ ਦੇ ਰਾਮਜਸ ਕਾਲਜ ਵਿਚ ਵਿਦਿਆਰਥੀਆਂ ‘ਤੇ ਕਥਿਤ ਤੌਰ ‘ਤੇ ਹਿੰਸਕ ਹਮਲੇ ਕੀਤੇ ਸਨ। ਰਾਮਜਸ ਕਾਲਜ ਵਿਚ ਵਿਦਿਆਰਥੀਆਂ ਵੱਲੋਂ ਕੀਤੇ ਇਕ ਗਏ ਸਮਾਗਮ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਉਮਰ ਖਾਲਿਦ, ਜਿਸ ‘ਤੇ ਕਥਿਤ ਤੌਰ ‘ਤੇ ਰਾਸ਼ਟਰ ਵਿਰੋਧੀ ਭਾਸ਼ਣ ਦੇਣ ਦਾ ਇਲਜ਼ਾਮ ਲੱਗਿਆ ਸੀ, ਨੂੰ ਭਾਸ਼ਣ ਦੇਣ ਦਾ ਸੱਦਾ ਦਿੱਤਾ ਗਿਆ ਸੀ ਤੇ ਏ.ਬੀ.ਵੀ.ਪੀ. ਦੇ ਹਿੰਸਕ ਦਬਾਅ ਤੋਂ ਬਾਅਦ ਇਹ ਸੱਦਾ ਰੱਦ ਕਰ ਦਿੱਤਾ ਗਿਆ ਸੀ। ਇਹੀ ਨਹੀਂ, ਦਿੱਲੀ ਯੂਨੀਵਰਸਿਟੀ ਦੇ ਐਸ.ਜੀ.ਟੀ.ਬੀ. ਖਾਲਸਾ ਕਾਲਜ ਨੇ ਨੁੱਕੜ ਨਾਟਕਾਂ ਦੇ ਮੁਕਾਬਲੇ ਇਸ ਲਈ ਮੁਲਤਵੀ ਕਰ ਦਿੱਤੇ ਕਿਉਂਕਿ ਏ.ਬੀ.ਵੀ.ਪੀ. ਨੇ ਧਮਕੀ ਦਿੱਤੀ ਸੀ ਕਿ ਜੇਕਰ ਇਨ੍ਹਾਂ ਨਾਟਕਾਂ ਵਿਚ ਰਾਸ਼ਟਰ ਵਿਰੋਧੀ ਗੱਲਾਂ ਹੋਈਆਂ ਤਾਂ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਹੈ।
ਇਨ੍ਹਾਂ ਧਮਕੀਆਂ ਤੋਂ ਬਾਅਦ ਵਿਰੋਧ ਸੁਰਾਂ ਹੋਰ ਤਿੱਖੀਆਂ ਹੋ ਗਈਆਂ। ਗੁਰਮਿਹਰ ਕੌਰ ਦੀ ਪੋਸਟ ਮਗਰੋਂ ਵਿਰੋਧੀ ਸਿਆਸੀ ਧਿਰਾਂ ਵੀ ਮੈਦਾਨ ਵਿਚ ਆ ਗਈਆਂ। ਦਿੱਲੀ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਏਬੀਵੀਪੀ ਖ਼ਿਲਾਫ਼ ਰੋਹਪੂਰਨ ਮਾਰਚ ਕੀਤਾ। ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਫ਼ੌਜੀਆਂ ਦੀ ਐਸੋਸੀਏਸ਼ਨ ਨੇ ਗੁਰਮਿਹਰ ਦੀ ਹਮਾਇਤ ਦਾ ਐਲਾਨ ਕੀਤਾ ਹੈ।
ਗੁਰਮਿਹਰ ਨੇ ਭਾਵੇਂ ਇਸ ਮੁਹਿੰਮ ਤੋਂ ਲਾਂਭੇ ਹਟਣ ਦਾ ਐਲਾਨ ਕੀਤਾ ਹੈ, ਪਰ ਆਪਣੇ ਸਟੈਂਡ ਉਤੇ ਉਹ ਕਾਇਮ ਹੈ। ਉਹ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਕਰ ਰਹੇ ਜਮਹੂਰੀਅਤ ਪੱਖੀ ਵਿਦਿਆਰਥੀਆਂ ਦੀ ਮੁਹਿੰਮ ਦੀ ਹਮਾਇਤ ਜਾਰੀ ਰੱਖੇਗੀ। ਗੁਰਮਿਹਰ ਨੇ ਲੜੀਵਾਰ ਜਾਰੀ ਆਪਣੀਆਂ ਟਵੀਟਾਂ ਰਾਹੀਂ ਇਹ ਖ਼ੁਲਾਸਾ ਕੀਤਾ। ਉਹ ਇਕ ਟਵੀਟ ਰਾਹੀਂ ਪਹਿਲਾਂ ਹੀ ਇਹ ਬੇਨਤੀ ਵੀ ਕਰ ਚੁੱਕੀ ਹੈ ਕਿ ਜੇ ਕਿਸੇ ਨੂੰ ‘ਤਕਲੀਫ਼’ ਹੁੰਦੀ ਹੈ ਤਾਂ ਉਸ ਨੂੰ ‘ਸ਼ਹੀਦ ਦੀ ਧੀ’ ਵਜੋਂ ਨਾ ਸੱਦਿਆ ਜਾਵੇ।
ਜੇਐਨਯੂ, ਡੀਯੂ ਅਤੇ ਜਾਮੀਆ ਦੇ ਵਿਦਿਆਰਥੀਆਂ ਵੱਲੋਂ ਏਬੀਵੀਪੀ ਖ਼ਿਲਾਫ਼ ਕੱਢੇ ਮਾਰਚ ਦੀ ਹਮਾਇਤ ਕਰਦਿਆਂ ਉਸ ਨੇ ਸਾਰਿਆਂ ਨੂੰ ਇਸ ਵਿੱਚ ਸ਼ਰੀਕ ਹੋਣ ਦਾ ਸੱਦਾ ਦਿੰਦਿਆਂ ਆਖਿਆ ਕਿ ਇਹ ਮਾਰਚ ‘ਮੇਰੇ ਲਈ ਨਹੀਂ, ਵਿਦਿਆਰਥੀਆਂ ਲਈ’ ਹੈ। ਉਸ ਨੇ ਇਕ ਟਵੀਟ ਵਿੱਚ ਆਖਿਆ, ”ਮੇਰੇ ਦੋਸਤੋ! ਮੇਰੇ ਪਿਆਰੇ ਅਧਿਆਪਕੋ! ਕਾਸ਼ ਮੈਂ ਵੀ (ਮਾਰਚ ਵਿੱਚ) ਤੁਹਾਡੇ ਨਾਲ ਹੁੰਦੀ!” ਦਿੱਲੀ ਦੇ ਖ਼ਾਲਸਾ ਕਾਲਜ ਦੇ ਗੇਟ ਤੋਂ ਸ਼ੁਰੂ ਹੋਏ ਇਸ ਵਿਸ਼ਾਲ ਮਾਰਚ ਵਿੱਚ ਵੱਡੀ ਗਿਣਤੀ ਅਧਿਆਪਕ ਵੀ ਸ਼ਾਮਲ ਸਨ। ਮਾਰਚ ਵਿੱਚ ਮੁੱਖ ਤੌਰ ‘ਤੇ ਖੱਬੀਆਂ ਧਿਰਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਹਿੱਸਾ ਲਿਆ। ਉਹ ਦਿੱਲੀ ਯੂਨੀਵਰਸਿਟੀ ਨੂੰ ‘ਬਚਾਉਣ’ ਅਤੇ ‘ਏਬੀਵੀਪੀ ਮੁਰਦਾਬਾਦ’ ਸਣੇ ‘ਆਜ਼ਾਦੀ’ ਦੇ ਹੱਕ ਵਿੱਚ ਨਾਅਰੇ ਲਾ ਰਹੇ ਸਨ। ਡੀਯੂ ਵਿਚ ਆਇਸਾ ਦੀ ਆਗੂ ਕੰਵਲਪ੍ਰੀਤ ਕੌਰ ਨੇ ਆਖਿਆ, ”ਇਹ ਮੁਜ਼ਾਹਰਾ ਦਿੱਲੀ ਯੂਨੀਵਰਸਿਟੀ ਸਮੇਤ ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਵਿੱਚ ਆਵਾਜ਼ ਦਬਾਏ ਜਾਣ ਦੇ ਖ਼ਿਲਾਫ਼ ਹੈ।”
ਸੂਤਰਾਂ ਮੁਤਾਬਕ ਪੁਲੀਸ ਨੇ ਉਸ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਹੈ ਤੇ ਚਿੱਟ-ਕੱਪੜੀਏ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਹਨ। ਉਸ ਦੇ ਜਲੰਧਰ ਜਾਣ ਕਾਰਨ ਦਿੱਲੀ ਪੁਲੀਸ ਨੇ ਪੰਜਾਬ ਪੁਲੀਸ ਨੂੰ ਵੀ ਉਸ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਆਖਿਆ ਹੈ। ਗੁਰਮਿਹਰ ਨੇ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਮਿਲ ਕੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਬੀਬੀ ਮਾਲੀਵਾਲ ਨੇ ਧਮਕੀਆਂ ਦੀ ਕਾਰਵਾਈ ਨੂੰ ‘ਸ਼ਰਮਨਾਕ’ ਕਰਾਰ ਦਿੰਦਿਆਂ ਦਿੱਲੀ ਪੁਲੀਸ ਦੇ ਮੁਖੀ ਅਮੁਲਿਆ ਪਟਨਾਇਕ ਨੂੰ ਐਫ਼ਆਈਆਰ ਦਰਜ ਕਰਨ ਲਈ ਆਖਿਆ ਸੀ।
ਇਸ ਦੌਰਾਨ ਪੰਜਾਬ ਸਟੇਟ ਐਕਸ-ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਨੇ ਗੁਰਮਿਹਰ ਦੀ ਪੂਰੀ ਹਮਾਇਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ (ਰਿਟਾ.) ਕੁਲਦੀਪ ਸਿੰਘ ਗਰੇਵਾਲ ਨੇ ਗੁਰਮਿਹਰ ਲਈ ਕਾਨੂੰਨੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਚੰਡੀਗੜ੍ਹ ਵਿੱਚ ਕਿਹਾ, ”ਉਸ ਦੇ ਵਿਚਾਰਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਤੇ ਉਸ ਨੇ ਕੁਝ ਵੀ ਦੇਸ਼ ਵਿਰੋਧੀ ਨਹੀਂ ਆਖਿਆ।” ਉਸ ਦੇ ਕਾਲਜ ਦੇ ਅਧਿਆਪਕਾਂ ਨੇ ਵੀ ਇਕ ਬਿਆਨ ਰਾਹੀਂ ਉਸ ਦੀ ਹਮਾਇਤ ਕੀਤੀ ਹੈ।
ਦੂਜੇ ਪਾਸੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਸ ਮਾਮਲੇ ਵਿੱਚ ਵਿਵਾਦਗ੍ਰਸਤ ਬਿਆਨ ਦਿੰਦਿਆਂ ਆਖਿਆ ਕਿ ਆਪਣੀ ਧੀ ਦੇ ਗੁੰਮਰਾਹ ਹੋਣ ਕਾਰਨ ਗੁਰਮਿਹਰ ਦੇ ਸ਼ਹੀਦ ਪਿਤਾ ਦੀ ਆਤਮਾ ਜ਼ਰੂਰ ਰੋਂਦੀ ਹੋਵੇਗੀ। ਉਨ੍ਹਾਂ ਗੁਰਮਿਹਰ ਨੂੰ ‘ਖੱਬੇਪੱਖੀਆਂ ਵੱਲੋਂ ਗੁੰਮਰਾਹ ਕੀਤੇ ਜਾਣ’ ਦਾ ਦੋਸ਼ ਵੀ ਲਾਇਆ। ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ”ਉਹ ਸ਼ਹੀਦ ਦੀ ਧੀ ਹੈ। ਪਰ ਉਸ (ਸ਼ਹੀਦ ਕੈਪਟਨ ਮਨਦੀਪ ਸਿੰਘ) ਦੀ ਆਤਮਾ ਜ਼ਰੂਰ ਰੋ ਰਹੀ ਹੋਵੇਗੀ, ਕਿਉਂਕਿ ਉਸ ਦੀ ਧੀ ਨੂੰ ਅਜਿਹੇ ਲੋਕਾਂ ਨੇ ਗੁੰਮਰਾਹ ਕਰ ਲਿਆ ਹੈ, ਜੋ ਸਾਡੇ ਜਵਾਨਾਂ ਦੇ ਮਰਨ ਦੇ ਜਸ਼ਨ ਮਨਾਉਂਦੇ ਹਨ।”
ਸ੍ਰੀ ਰਿਜਿਜੂ ਦੇ ਬਿਆਨ ਲਈ ਉਨ੍ਹਾਂ ‘ਤੇ ਮੋੜਵਾਂ ਵਾਰ ਕਰਦਿਆਂ ਸੀਪੀਐਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਆਖਿਆ ਕਿ ਇਹ ਉਹ ਲੋਕ ਹਨ ਜਿਨ੍ਹਾਂ ਮਹਾਤਮਾ ਗਾਂਧੀ ਦੀ ਮੌਤ ਦੇ ਜਸ਼ਨ ਮਨਾਏ ਸਨ। ਉਨ੍ਹਾਂ ਆਪਣੀ ਟਵੀਟ ਵਿੱਚ ਸਰਦਾਰ ਵੱਲਭਭਾਈ ਪਟੇਲ ਦੇ ਹਵਾਲੇ ਨਾਲ ਆਖਿਆ ਕਿ ‘ਆਰਐਸਐਸ ਨੇ ਮਹਾਤਮਾ ਗਾਂਧੀ ਦੀ ਮੌਤ ਦੀ ਖ਼ੁਸ਼ੀ ਮਨਾਈ’ ਸੀ। ਇਸ ਦੌਰਾਨ ਰਾਮਜਸ ਕਾਲਜ ਵਿੱਚ ਬੀਤੀ 22 ਫਰਵਰੀ ਨੂੰ ਆਇਸਾ ਤੇ ਏਬੀਵੀਪੀ ਦੇ ਹਮਾਇਤ ਵਿਦਿਆਰਥੀਆਂ ਦਰਮਿਆਨ ਹੋਈ ਝੜੱਪ ਦੌਰਾਨ ‘ਪੁਲੀਸ ਵਧੀਕੀ’ ਦੇ ਦੋਸ਼ ਲੱਗਣ ਉਤੇ ਕੌਮੀ ਮਨੁੱਖੀ ਅਧਿਕਾਰ ਕਮਿਸਨ ਨੇ ਦਿੱਲੀ ਪੁਲੀਸ ਦੇ ਮੁਖੀ ਸ੍ਰੀ ਪਟਨਾਇਕ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਇਕ ਬਿਆਨ ਵਿੱਚ ਆਖਿਆ ਕਿ ਇਸ ਨੂੰ ਸ਼ਿਕਾਇਤ ਮਿਲੀ ਸੀ ਕਿ ਪੁਲੀਸ ਨੇ ਇਕ ਵਿਦਿਆਰਥਣ ਉਤੇ ਹਮਲਾ ਕੀਤਾ, ਪੱਤਰਕਾਰਾਂ ਦੇ ਕੈਮਰੇ ਖੋਹ ਲਏ ਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ।

ਜੱਜ ਨੂੰ ਸ਼ਿਕਾਇਤਕਰਤਾ ‘ਤੇ ਆਇਆ ਗੁੱਸਾ :
ਨਵੀਂ ਦਿੱਲੀ: ਰਾਮਜਸ ਕਾਲਜ ਵਿੱਚ ਦੇਸ਼ ਵਿਰੋਧੀ ਨਾਅਰੇ ਲਾਉਣ ਵਾਲਿਆਂ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕਰਦੀ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਚੀਫ਼ ਮੈਟਰੋਪੌਲਿਟਨ ਮੈਜਿਸਟਰੇਟ ਸਤੀਸ਼ ਕੁਮਾਰ ਅਰੋੜਾ ਨੇ ਇਹ ਮਾਮਲਾ ਉਨ੍ਹਾਂ ਅੱਗੇ ਪੁੱਜਣ ਉਤੇ ਹੈਰਾਨੀ ਜ਼ਾਹਰ ਕੀਤੀ। ਉਨ੍ਹਾਂ ਨਾਰਾਜ਼ਗੀ ਪ੍ਰਗਟਾਉਂਦਿਆਂ ਸ਼ਿਕਾਇਤਕਰਤਾ ਵਕੀਲ ਨੂੰ ਸਵਾਲ ਕੀਤਾ, ”ਇਹ ਵਿਦਿਆਰਥੀਆਂ ਦਾ ਆਪਸੀ ਮਾਮਲਾ ਹੈ। ਤੁਸੀਂ ਕਿਉਂ ਦਖ਼ਲ ਦੇ ਰਹੇ ਹੋ।” ਉਨ੍ਹਾਂ ਆਖਿਆ, ”ਜੇ ਤੁਸੀਂ ਇਨ੍ਹਾਂ (ਦੇਸ਼ ਵਿਰੋਧੀ) ਨਾਅਰਿਆਂ ਤੋਂ ਇੰਨੇ ਹੀ ਦੁਖੀ ਹੋ ਤਾਂ ਇਨ੍ਹਾਂ ਨੂੰ ਭਰੀ ਅਦਾਲਤ ਵਿੱਚ ਕਿਉਂ ਦੁਹਰਾ ਰਹੇ ਹੋ।”

ਕੈਪਟਨ ਅਮਰਿੰਦਰ ਬੋਲੇ-ਗੁਰਮਿਹਰ ਕੌਰ ਨੂੰ ਧਮਕੀਆਂ ਦੇਣਾ ਸ਼ਰਮਨਾਕ:
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਗੁਰਮਿਹਰ ਨੂੰ ਬਲਾਤਕਾਰ ਦੀ ਧਮਕੀ ਦੇਣ ਵਾਲੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਨਿੰਦਾ ਕੀਤੀ ਹੈ। ਕੈਪਟਨ ਨੇ ਕਿਹਾ ਕਿ ਏ.ਬੀ.ਵੀ.ਪੀ. ਤੇ ਉਸ ਦੇ ਆਗੂਆਂ ਨੂੰ ਇਸ ਘਿਨੌਣੇ ਵਤੀਰੇ ‘ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਲੜਕੀ ਦੇ ਪਿਤਾ ਨੇ ਕਾਰਗਿਲ ਯੁੱਧ ਵਿਚ ਦੇਸ਼ ਲਈ ਕੁਰਬਾਨੀ ਦਿੱਤੀ ਸੀ ਅਤੇ ਹੁਣ ਉਸ ਨੂੰ ਸਹੀ ਕਦਮ ਬਦਲੇ ਮਾਨਸਿਕ ਤੌਰ ‘ਤੇ ਤੰਗ ਕੀਤਾ ਜਾ ਰਿਹਾ ਹੈ।

ਸਮਾਜਿਕ ਸ਼ਖ਼ਸੀਅਤਾਂ ਨਿਤਰੀਆਂ ਮੈਦਾਨ ਵਿਚ :
ਚੰਡੀਗੜ੍ਹ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪੰਜਾਬੀ ਸਾਹਿਤ ਅਕਾਦਮੀ, ਪੰਜਾਬ ਸੰਗੀਤ ਨਾਟਕ ਅਕੈਡਮੀ, ਪਟਿਆਲਾ ਤੋਂ ਐਮਪੀ ਡਾ. ਧਰਮਵੀਰ ਗਾਂਧੀ, ਨਾਮੀ ਅਕਾਦਮਿਸ਼ਨ ਡਾ. ਚਮਨ ਲਾਲ ਅਤੇ ਅਨੇਕਾਂ ਹੋਰਨਾਂ ਪਤਵੰਤਿਆਂ ਨੇ ਇਸ ਸਬੰਧੀ ਸਾਂਝਾ ਬਿਆਨ ਜਾਰੀ ਕੀਤਾ ਹੈ, ਜਿਸ ਰਾਹੀਂ ਉਨ੍ਹਾਂ ਗੁਰਮਿਹਰ ਦੀ ਡੱਟ ਕੇ ਹਮਾਇਤ ਕੀਤੀ ਹੈ। ਉਨ੍ਹਾਂ ਆਖਿਆ ਕਿ ਸੱਜੇ ਪੱਖੀ ਵਿਦਿਆਰਥੀ ਜਥੇਬੰਦੀ ਆਪਣੀਆਂ ਕਾਰਵਾਈਆਂ ਰਾਹੀਂ ਬੋਲਣ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਵਿੱਚ ਸਿੱਧਾ ਦਖ਼ਲ ਦੇ ਰਹੀ ਹੈ, ਜਿਸ ਨੂੰ ਵੰਗਾਰ ਕੇ ਗੁਰਮਿਹਰ ਨੇ ‘ਦਲੇਰਾਨਾ’ ਕਦਮ ਚੁੱਕਿਆ ਹੈ। ਸੀਪੀਆਈ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਨੇ ਆਖਿਆ ਕਿ ਏਬੀਵੀਪੀ ਦੇ ਟਾਕਰੇ ਲਈ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ ਸੀ। ਇਸ ਨੂੰ ਪ੍ਰਧਾਨ ਮੰਤਰੀ ਦਾ ਥਾਪੜਾ ਹਾਸਲ ਹੈ ਤੇ ਇਹ ਲੋਕ ਦੇਸ਼ ਵਿਚੋਂ ਵਿਰੋਧ ਦੀ ਹਰੇਕ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਗੁਰਮਿਹਰ ਨੇ ਇਹ ਕਦਮ ਚੁੱਕ ਕੇ ਸ਼ਲਾਘਾਯੋਗ ਕੰਮ ਕੀਤਾ ਹੈ।

ਪੰਜਾਬ ਯੂਨੀਵਰਸਿਟੀ ‘ਚ ਵੀ ਹਿੰਸਕ ਝੜਪ :
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੀ ਏ.ਬੀ.ਵੀ.ਪੀ. (ਭਾਜਪਾਈ) ਅਤੇ ਐੱਸ.ਐੱਫ.ਐੱਸ. (ਖੱਬੇ ਪੱਖੀ) ਵਿਚਾਲੇ ਹਿੰਸਕ ਝੜਪ ਹੋਈ। ਇਸ ਝੜਪ ਵਿਚ ਲੜਕੀਆਂ ਵੀ ਸ਼ਾਮਲ ਸਨ। ਜੰਮ ਕੇ ਹੱਥੋਪਾਈ ਕਰਦਿਆਂ ਦੋਹਾਂ ਧਿਰਾਂ ਨੇ ਯੂਨੀਵਰਸਿਟੀ ਨੂੰ ਯੁੱਧ ਦਾ ਮੈਦਾਨ ਬਣਾ ਦਿੱਤਾ। ਇਸ ਦੌਰਾਨ ਇੱਕ ਵਿਦਿਆਰਥੀ ਦੀ ਪੱਗ ਵੀ ਲੱਥ ਗਈ। ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿਚ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਰਾਮਜਸ ਕਾਲਜ ਦੇ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਵਿਚ ਇੱਕ ਦੂਜੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਏ.ਬੀ.ਵੀ.ਪੀ. ਵੱਲੋਂ ਸਟੂਡੈਂਟ ਸੈਂਟਰ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਐੱਸ.ਐੱਫ.ਐੱਸ. ਦੇ ਮੈਂਬਰ ਵੀ ਮੌਜੂਦ ਸਨ। ਇੱਕ ਟੀ.ਵੀ. ਚੈਨਲ ਵੱਲੋਂ ਦੋਨਾਂ ਧਿਰਾਂ ਨੂੰ ਬਹਿਸ (ਡਿਬੇਟ) ਲਈ ਸੱਦਿਆ ਗਿਆ ਸੀ। ਬਹਿਸ ਸਮੇਂ ਵਿਦਿਆਰਥੀ ਕਾਫ਼ੀ ਤੈਸ਼ ਵਿਚ ਆ ਗਏ। ਇਸ ਮੌਕੇ ਐੱਸ.ਐੱਫ.ਐੱਸ. ਵੱਲੋਂ ਏ.ਬੀ.ਵੀ.ਪੀ. ਦੇ ਮੈਂਬਰਾਂ ਨੂੰ ਗੁੰਡੇ ਕਿਹਾ ਗਿਆ ਤਾਂ ਮਾਹੌਲ ਬਹੁਤ ਗਰਮਾ ਗਿਆ ਅਤੇ ਕੁੱਝ ਹੀ ਦੇਰ ਵਿਚ ਇਹ ਬਹਿਸ ਹੱਥੋਪਾਈ ਵਿਚ ਬਦਲ ਗਈ, ਜਿਸ ਵਿਚ ਦੋਨੋਂ ਧਿਰਾਂ ਵਿਚ ਜੰਮ ਕੇ ਲੜਾਈ ਹੋਈ। ਪੁਲੀਸ ਨੇ ਐੱਸ.ਐੱਫ.ਐੱਸ. ਦੇ ਪ੍ਰਧਾਨ ਦਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਸੁਮਿਤ ਬਟਲਾ, ਗੁਰਪ੍ਰੀਤ ਸਿੰਘ ਅਤੇ ਏ.ਬੀ.ਵੀ.ਪੀ. ਦੇ ਸੌਰਭ ਕਪੂਰ, ਹਰਮਨਜੋਤ ਸਿੰਘ ਗਿੱਲ, ਅਕਸ਼ੇ ਅਤੇ ਕੁਸ਼ਲ ਕੁੰਡਲ ਨੂੰ ਹਿਰਾਸਤ ਵਿਚ ਲੈ ਲਿਆ।

ਗੁਰਮੇਹਰ ਦਾ ਰਿਜਿਜੂ ਤੇ ਸਹਿਵਾਗ ਨੂੰ ਜਵਾਬ :
ਨਵੀਂ ਦਿੱਲੀ : ਗੁਰਮੇਹਰ ਕੌਰ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੂੰ ਜਵਾਬ ਦਿੰਦਿਆਂ ਕਿਹਾ ਕਿ, ‘ਮੈ ਰਾਸ਼ਟਰ-ਵਿਰੋਧੀ ਨਹੀਂ ਹਾਂ, ਮੇਰੇ ਦਿਮਾਗ ਵਿਚ ਕਿਸੇ ਨੇ ਕੁਝ ਨਹੀਂ ਭਰਿਆ, ਮੇਰੇ ਕੋਲ ਖੁਦ ਦਿਮਾਗ ਹੈ ਅਤੇ ਮੈ ਸੋਚ ਸਕਦੀ ਹਾਂ ਅਤੇ ਮੈਂ ਆਪਣੇ ਫੈਸਲੇ ਖੁਦ ਲੈ ਸਕਦੀ ਹਾਂ’। ਇਸ ਤੋਂ ਪਹਿਲਾਂ ਗੁਰਮੇਹਰ ਨੇ ਉਸ ਦੀ ਅਲੋਚਨਾ ਕਰ ਰਹੇ ਕ੍ਰਿਕਟ ਵਰਿੰਦਰ ਸਹਿਵਾਗ ਦੇ ਟਵੀਟ ਦਾ ਜਵਾਬ ਦਿੱਤਾ ਅਤੇ ਕਿਹਾ, ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਜਿਹਾ ਉਹ ਵਿਅਕਤੀ ਕਹਿ ਰਿਹਾ ਹੈ ਜਿਸਦੇ ਮੈਚ ਵੇਖ ਕੇ ਲੋਕ ਖੁਸ਼ ਹੁੰਦੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ।’

ਹਮਾਇਤ ‘ਚ ਆਏ ਕਾਂਗਰਸ ਅਤੇ ‘ਆਪ’ :
ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗੁਰਮੇਹਰ ਦੀ ਹਮਾਇਤ ਵਿਚ ਆਉਂਦਿਆਂ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਭਾਜਪਾ ਸੰਸਦ ਮੈਂਬਰ ਦੀ ਟਿੱਪਣੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ (ਭਾਜਪਾ ਨੇਤਾਵਾਂ) ਨੂੰ ਲਗਦਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਬੇਇੱਜ਼ਤੀ ਕਰ ਕੇ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਥਾਂ ਮਿਲ ਜਾਵੇਗੀ। ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ‘ਤੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਹੁਣ ਇਹ ਗੁੰਡਿਆਂ ਅਤੇ ਮੁਜਰਮਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ।

ਰਾਹੁਲ ਨੇ ਕਿਹਾ-ਜ਼ੁਲਮ ਖ਼ਿਲਾਫ ਅਸੀਂ ਗੁਰਮਿਹਰ ਦੇ ਨਾਲ ਹਾਂ :
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਗੁਰਮੇਹਰ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਡਰ ਅਤੇ ਜ਼ੁਲਮ ਦੇ ਖਿਲਾਫ਼ ਅਸੀਂ ਆਪਣੇ ਵਿਦਿਆਰਥੀਆਂ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਅਸਹਿਣਸ਼ੀਲਤਾ ਅਤੇ ਅਨਿਆਂ ਦੇ ਖਿਲਾਫ਼ ਉੱਚੀ ਹਰ ਆਵਾਜ਼ ਵਿਚ ਗੁਰਮੇਹਰ ਕੌਰ ਦੀ ਹੋਵੇਗੀ।