ਡੇਰਾ ਸਿਰਸਾ ਦੇ ਆਈ.ਟੀ. ਮੁਖੀ ਨੂੰ ਕੀਤਾ ਗ੍ਰਿਫ਼ਤਾਰ

ਡੇਰਾ ਸਿਰਸਾ ਦੇ ਆਈ.ਟੀ. ਮੁਖੀ ਨੂੰ ਕੀਤਾ ਗ੍ਰਿਫ਼ਤਾਰ

ਬਰਾਮਦ 60 ਹਾਰਡ ਡਿਸਕਾਂ ਤੋਂ ਖੁੱਲ੍ਹਣਗੇ ਕਈ ਰਾਜ਼ 
ਵਿਪਾਸਨਾ ਇੰਸਾਂ ਤੋਂ ਵੀ ਹੋਵੇਗੀ ਪੁੱਛਗਿੱਛ
ਪੰਚਕੂਲਾ/ਬਿਊਰੋ ਨਿਊਜ਼ :
ਪੁਲੀਸ ਨੇ ਡੇਰੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਡੇਰਾ ਸਿਰਸਾ ਦੇ ਆਈ. ਟੀ. ਹੈੱਡ ਵਿਨੀਤ ਕੁਮਾਰ ਨੂੰ ਸਿਰਸਾ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਡੇਰੇ ਦੀਆਂ 60 ਹਾਰਡ ਡਿਸਕਾਂ ਕੱਢ ਕੇ ਛੁਪਾ ਦਿੱਤੀਆਂ ਸਨ ਤੇ ਡੇਰੇ ਦੀਆਂ ਕਾਫ਼ੀ ਸੀ.ਸੀ.ਟੀ.ਵੀ. ਫੁਟੇਜ ਵੀ ਡਿਲੀਟ ਕਰ ਦਿੱਤੀਆਂ ਸਨ। ਸਿਰਸਾ ਡੇਰਾ ਹੈੱਡਕੁਆਟਰ ਦੇ ਆਈ.ਟੀ. ਹੈੱਡ ਦੀ ਨਿਸ਼ਾਨਦੇਹੀ ‘ਤੇ ਪੁਲੀਸ ਨੇ ਇਕ ਖੇਤ ਤੋਂ 60 ਹਾਰਡ ਡਿਸਕਾਂ ਵੀ ਬਰਾਮਦ ਕਰ ਲਈਆਂ ਹਨ।
ਹਰਿਆਣਾ ਦੇ ਡੀ. ਜੀ. ਪੀ. ਬੀ. ਐੱਸ. ਸੰਧੂ ਨੇ ਕਿਹਾ ਕਿ ਡੇਰੇ ਦੀ ਤਲਾਸ਼ੀ ਮੁਹਿੰਮ ਦੌਰਾਨ ਕਈ ਹਾਰਡ ਡਿਸਕਾਂ ਮਿਲੀਆਂ ਹਨ, ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਡੇਰਾ ਮੁਖੀ ਰਾਮ ਰਹੀਮ ਨਾਲ ਆਈਆਂ ਲਗਪਗ 170 ਗੱਡੀਆਂ ਵਿਚੋਂ ਪੁਲੀਸ ਨੇ 65 ਗੱਡੀਆਂ ਨੂੰ ਕਬਜ਼ੇ ਵਿਚ ਲਿਆ ਸੀ, ਜਿਨ੍ਹਾਂ ਵਿਚੋਂ ਕਈ ਗੱਡੀਆਂ ਲਗਜ਼ਰੀ ਸਨ। ਉਨ੍ਹਾਂ ਦੱਸਿਆ ਕਿ ਸਾਰੀਆਂ ਗੱਡੀਆਂ ਦੇ ਮਾਲਕਾਂ ਨੂੰ ਪੁਲੀਸ ਨੇ ਨੋਟਿਸ ਭੇਜ ਕੇ ਜਾਂਚ ਲਈ ਬੁਲਾਇਆ ਹੈ। ਉਨ੍ਹਾਂ ਦੱਸਿਆ ਕਿ ਹਨੀਪ੍ਰੀਤ ਅਤੇ ਅਦਿੱਤਿਆ ਇੰਸਾਂ ਨੂੰ ਗ੍ਰਿਫ਼ਤਾਰ ਕਰਨ ਲਈ ਰਾਅ ਸਮੇਤ ਕਈ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਮਾਮਲੇ ਵਿਚ ਪੁਲੀਸ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ ਅਤੇ ਪੁਲੀਸ ਸਾਰੇ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲੀਸ ਨੂੰ ਡੇਰਾ ਸਿਰਸਾ ਤੋਂ ਭਾਰੀ ਗਿਣਤੀ ਵਿਚ ਹਾਰਡ ਡਿਸਕਾਂ ਮਿਲੀਆਂ ਹਨ, ਜਿਨ੍ਹਾਂ ਵਿਚ ਡੇਰੇ ਦੀ ਸੀ.ਸੀ. ਟੀ. ਵੀ ਫੁਟੇਜ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਆਈ. ਟੀ. ਮੁਖੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਿਚੋਂ ਭਜਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੰਜਾਬ ਪੁਲੀਸ ਦੇ ਕੁੱਲ 8 ਕਰਮਚਾਰੀ ਸ਼ਾਮਲ ਸਨ ਤੇ ਹਰਿਆਣਾ ਪੁਲੀਸ ਵਲੋਂ 3 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਵਿਚੋਂ 1 ਰਿਮਾਂਡ ‘ਤੇ ਅਤੇ 2 ਨਿਆਇਕ ਹਿਰਾਸਤ ਵਿਚ ਹਨ, ਬਾਕੀ 5 ਪੁਲੀਸ ਕਰਮਚਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਡੇਰਾ ਮੁਖੀ ਦੇ ਨਾਲ ਪਹੁੰਚਣ ਵਾਲੇ ਇਕ ਰਾਜਸਥਾਨ ਪੁਲੀਸ ਅਤੇ ਇਕ ਚੰਡੀਗੜ੍ਹ ਪੁਲੀਸ ਦਾ ਕਰਮਚਾਰੀ ਵੀ ਸ਼ਾਮਲ ਹੈ। ਉਨ੍ਹਾਂ ਖ਼ਿਲਾਫ਼ ਵੀ ਪੁਲੀਸ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਡੇਰਾ ਮਾਮਲੇ ਵਿਚ ਜਾਂਚ ਦਾ ਦਾਇਰਾ ਹਰਿਆਣਾ ਤੋਂ ਬਾਹਰੀ ਖੇਤਰਾਂ ਤੱਕ ਜਾ ਸਕਦਾ ਹੈ। ਹਰਿਆਣਾ ਪੁਲੀਸ ਡੇਰਾ ਪ੍ਰਬੰਧਕਾਂ ਦੇ 45 ਮੈਂਬਰਾਂ ਨੂੰ ਜਾਂਚ ਵਿਚ ਸ਼ਾਮਲ ਕਰਨ ਦੀ ਤਿਆਰੀ ਵਿਚ ਹੈ ਅਤੇ ਡੀ. ਜੀ. ਪੀ. ਨੇ ਕਿਹਾ ਕਿ ਡੇਰੇ ਦੀ ਪ੍ਰਬੰਧਕ ਬਿਪਾਸਨਾ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਸਾੜੀ ਗਈ ਲਗਜ਼ਰੀ ਕਾਰ ਦਾ ਡਰਾਈਵਰ ਵੀ ਗ੍ਰਿਫ਼ਤਾਰ
ਹਾਲਾਂਕਿ ਪੁਲੀਸ ਨੇ ਡੇਰੇ ਨਾਲ ਸਬੰਧਤ ਲੈਕਸਸ ਐਸ. ਯੂ. ਵੀ. ਕਾਰ, ਜਿਹੜੀ ਫੂਲਕਾਂ ਪਿੰਡ ਦੇ ਨੇੜੇ 28 ਅਗਸਤ ਨੂੰ ਸਾੜ ਦਿੱਤੀ ਗਈ ਸੀ, ਦੇ ਡਰਾਈਵਰ ਹਰਮੇਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਹਰਮੇਲ ਸਿੰਘ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸਬੂਤ ਮਿਟਾਉਣ ਅਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ।
ਡੇਰੇ ਦੀ ਕੁਰਬਾਨੀ ਗੈਂਗ ਦਾ ਇਕ ਹੋਰ ਮੈਂਬਰ ਗ੍ਰਿਫ਼ਤਾਰ
ਅੰਬਾਲਾ ਸ਼ਹਿਰ : ਸਾਧਵੀ ਜਬਰ ਜਨਾਹ ਮਾਮਲੇ ਵਿਚ ਸੀ. ਬੀ. ਆਈ. ਅਦਾਲਤ ਵਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ, ਪੰਜਾਬ, ਹਰਿਆਣਾ ਦੇ ਕਈ ਸ਼ਹਿਰਾਂ ਵਿਚ ਅੱਗਾਂ ਲਾਉਣ, ਭੰਨ-ਤੋੜ ਕਰਨ ਅਤੇ ਵੱਡੇ ਪੱਧਰ ‘ਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਬਣਾਏ ਗਏ ਕੁਰਬਾਨੀ ਗੈਂਗ ਦੇ ਇਕ ਹੋਰ ਮੈਂਬਰ ਨੂੰ ਅੰਬਾਲਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਏ.ਐੱਸ.ਪੀ. ਨਿਤੀਕਾ ਗਹਿਲੋਤ ਨੇ ਦੱਸਿਆ ਕਿ ਫੜਿਆ ਗਿਆ ਡੇਰਾ ਸਮਰਥਕ ਭਾਗ ਸਿੰਘ ਮੋਹੜੇ ਦਾ ਰਹਿਣ ਵਾਲਾ ਹੈ, ਉਸ ਕੋਲੋਂ 14 ਲੱਖ ਰੁਪਏ ਬਰਾਮਦ ਹੋਏ ਹਨ। ਇਹ ਨੌਜਵਾਨ ਡੇਰੇ ਵਲੋਂ ਤਿਆਰ ਕੀਤੇ 15 ਮੈਂਬਰੀ ਕੁਰਬਾਨੀ ਗੈਂਗ ਦਾ ਮੈਂਬਰ ਹੈ, ਉਸ ਨੇ ਮੰਨਿਆ ਕਿ ਉਸ ਨੂੰ ਇਹ ਪੈਸੇ ਕੁਰਬਾਨੀ ਗੈਂਗ ਦੇ ਇੱਕ ਹੋਰ ਮੈਂਬਰ ਅਸ਼ੋਕ ਕੁਮਾਰ ਨੇ ਅੱਗਜ਼ਨੀ ਭੰਨ-ਤੋੜ ਅਤੇ ਹਿੰਸਕ ਵਾਰਦਾਤਾਂ ਲਈ ਭਾੜੇ ਦੇ ਗੁੰਡਿਆਂ ਨੂੰ ਦੇਣ ਲਈ ਦਿੱਤੇ ਸਨ। ਏ.ਐੱਸ.ਪੀ. ਮੁਤਾਬਕ ਭਾਗ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਸ਼ਾਤਿਰ ਦਿਮਾਗ਼ ਰਾਮ ਰਹੀਮ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਵਾਰ ਉਹ ਕਿਸੇ ਵੀ ਹਾਲਤ ਵਿਚ ਬਚ ਨਹੀਂ ਸਕਦਾ। ਇਸ ਲਈ ਉਸ ਨੇ ਪਹਿਲਾਂ ਹੀ ਕੁਰਬਾਨੀ ਗੈਂਗ ਬਣਾ ਕੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿਚ ਅਜਿਹੇ ਅੰਧ ਵਿਸ਼ਵਾਸੀ ਸਮਰਥਕਾਂ ਦੀਆਂ ਟੋਲੀਆਂ ਤਾਇਨਾਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਸ ਦੇ ਮੈਂਬਰ ਉਸ ਦੇ ਇਕ ਇਸ਼ਾਰੇ ‘ਤੇ ਮਰਨ-ਮਾਰਨ ਲਈ ਤਿਆਰ ਰਹਿੰਦੇ ਸਨ। ਡੇਰਾ ਮੁਖੀ ਆਪਣੇ ਅਮੀਰ ਭਗਤਾਂ ਕੋਲੋਂ ਸੇਵਾ ਅਤੇ ਪਰਮਾਰਥ ਦੇ ਨਾਂਅ ‘ਤੇ ਪੈਸੇ ਇਕੱਠੇ ਕਰਦਾ ਸੀ ਅਤੇ ਭੋਲੇ ਭਾਲੇ ਗ਼ਰੀਬ ਸ਼ਰਧਾਲੂਆਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਸਮਾਗਮਾਂ ਦੌਰਾਨ ਘੜੀਆਂ, ਪੈਸੇ ਤੇ ਹੋਰ ਚੀਜ਼ਾਂ ਸੁੱਟ ਕੇ ਆਪਣੇ ਦਾਨੀ ਅਤੇ ਰੂਹਾਨੀ ਹੋਣ ਦਾ ਨਾਟਕ ਰਚਦਾ ਸੀ।