ਸਾਕਾ ਨਕੋਦਰ ‘ਚ ਸ਼ਹੀਦ ਹੋਣ ਵਾਲੇ ਸਿੱਖ ਨੌਜਵਾਨਾਂ ਦੀ ਕੁਰਬਾਨੀ ਸਮੁੱਚੀ ਕੌਮ ਲਈ ਪ੍ਰੇਰਨਾ ਸਰੋਤ : ਪ੍ਰੋ. ਬਡੂੰਗਰ

ਸਾਕਾ ਨਕੋਦਰ ‘ਚ ਸ਼ਹੀਦ ਹੋਣ ਵਾਲੇ ਸਿੱਖ ਨੌਜਵਾਨਾਂ ਦੀ ਕੁਰਬਾਨੀ ਸਮੁੱਚੀ ਕੌਮ ਲਈ ਪ੍ਰੇਰਨਾ ਸਰੋਤ : ਪ੍ਰੋ. ਬਡੂੰਗਰ

ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਸ਼ੁਸ਼ੋਭਿਤ ਹੋਣਗੀਆਂ ਸ਼ਹੀਦ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ  
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼ਹੀਦ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ, ਇਸ ਲਈ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰਨਾ ਨਹੀਂ ਚਾਹੀਦਾ ਤੇ ਉਨ੍ਹਾਂ ਵੱਲੋਂ ਕੀਤੀਆਂ ਮਿਸਾਲੀ ਕੁਰਬਾਨੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਹ ਗੁਰਦੁਆਰਾ ਬੋਹੜਾਂ-ਵਾਲਾ ਪਿੰਡ ਲਿੱਤਰਾਂ (ਨਕੋਦਰ) ਨੇੜੇ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ।
ਜ਼ਿਕਰਯੋਗ ਹੈ ਕਿ ਜਲੰਧਰ ਵਿਖੇ 4 ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾ, ਭਾਈ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਤੇ ਭਾਈ ਝਲਮਣ ਸਿੰਘ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ 31ਵੀਂ ਯਾਦ ਨੂੰ ਸਮਰਪਿਤ ਇੱਥੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਸ਼ਾਨ ਨੂੰ ਬਹਾਲ ਰੱਖਣ ਹਿਤ ਸਾਕਾ ਨਕੋਦਰ ਵਿੱਚ ਸ਼ਹੀਦ ਹੋਣ ਵਾਲੇ 4 ਸਿੱਖ ਨੌਜਵਾਨਾਂ ਦੀ ਅਦੁੱਤੀ ਕੁਰਬਾਨੀ ਸਮੁੱਚੀ ਕੌਮ ਲਈ ਪ੍ਰੇਰਨਾ ਦਾ ਸਰੋਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਨਕੋਦਰ ਵਿੱਚ ਸ਼ਹੀਦ ਹੋਣ ਵਾਲੇ ਚਾਰੇ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕਰਨ ਦਾ ਫੈਸਲਾ ਅੰਤ੍ਰਿੰਗ ਕਮੇਟੀ ਵੱਲੋਂ ਕੀਤਾ ਗਿਆ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਸਕਣ। ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ। ਦਲ ਖ਼ਾਲਸਾ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਗੁਰਦੁਆਰਾ ਬੋਹੜਾਂ ਵਾਲੇ  ਵਿਖੇ ਰਿਲੀਜ਼ ਕੀਤਾ ਗਿਆ ਅਤੇ ਸੰਗਤ ਵਿੱਚ ਵੰਡਿਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸ਼ਿੰਗਾਰਾ ਸਿੰਘ ਲੋਹੀਆਂ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਹਰਪਾਲ ਸਿੰਘ ਚੀਮਾ, ਸ. ਕੰਵਰਪਾਲ ਸਿੰਘ, ਸ. ਪਰਮਜੀਤ ਸਿੰਘ ਟਾਂਡਾ, ਸ. ਮਨਜੀਤ ਸਿੰਘ, ਸ. ਹਰਜੋਤ ਸਿੰਘ, ਸ. ਗੁਰਵਿੰਦਰ ਸਿੰਘ, ਸ. ਬਲਦੇਵ ਸਿੰਘ ਤੇ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।