ਸੋਸ਼ਲ ਮੀਡੀਆ ਤੇ ਏਆਈ ਦਾ ਜ਼ਹਿਰ ਨੌਜਵਾਨਾਂ ਦੀ ਸੋਚ ਕਰ ਰਿਹੈ ਖ਼ਰਾਬ:
ਔਰਤਾਂ ਅਤੇ ਨਾਬਾਲਗ ਲੜਕੀਆਂ ਵਿਰੁੱਧ ਹਿੰਸਾ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਇੱਕ ਨਵੀਂ ਕੌਮੀ ਰਿਪੋਰਟ ਨੇ ਬੇਹੱਦ ਡਰਾਉਣੀ ਤਸਵੀਰ ਪੇਸ਼ ਕੀਤੀ ਹੈ। ਬੀਤੇ ਇੱਕ ਸਾਲ ਦੌਰਾਨ ਔਰਤਾਂ ਅਤੇ ਕੁੜੀਆਂ ਖ਼ਿਲਾਫ਼ ਕੁੱਲ 13.6 ਲੱਖ ਹਿੰਸਕ ਅਪਰਾਧ ਦਰਜ ਕੀਤੇ ਗਏ। ਇਸ ਵਿੱਚੋਂ ਕਰੀਬ 2.31 ਲੱਖ ਮਾਮਲੇ ਨਾਬਾਲਗ ਉਮਰ ਦੇ ਪ੍ਰੇਮ ਸਬੰਧਾਂ ਵਿੱਚ ਹੋਈ ਹਿੰਸਾ ਨਾਲ ਜੁੜੇ ਹੋਏ ਸਨ। ਪੁਲਿਸ ਅਧਿਕਾਰੀਆਂ ਨੇ ਇਸ ਸਥਿਤੀ ਨੂੰ ਦੇਸ਼ ਲਈ "ਕੌਮੀ ਐਮਰਜੈਂਸੀ" ਕਰਾਰ ਦਿੱਤਾ ਹੈ।
ਪੁਲਿਸ ਅਤੇ ਸੁਰੱਖਿਆ ਮਾਹਿਰਾਂ ਅਨੁਸਾਰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੌਜਵਾਨ ਮੁੰਡਿਆਂ ਦੀ ਸੋਚ ਵਿਗਾੜ ਰਹੇ ਹਨ। (ਇਨਫਲੂਐਂਸਰਜ਼) ਨੌਜਵਾਨਾਂ ਅੰਦਰ ਔਰਤਾਂ ਪ੍ਰਤੀ ਨਫ਼ਰਤ ਭਰ ਰਹੇ ਹਨ। ਸੋਸ਼ਲ ਮੀਡੀਆ ਔਰਤ-ਵਿਰੋਧੀ ਸਮੱਗਰੀ ਨੂੰ ਲਗਾਤਾਰ ਉਤਸ਼ਾਹਿਤ ਕਰਦਾ ਹੈ। ਇਸ ਕਾਰਨ ਲੜਕਿਆਂ ਅੰਦਰ ਹਿੰਸਕ ਰਵੱਈਆ ਆਮ ਬਣਦਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਬਲੈਕਮੇਲਿੰਗ ਅਤੇ ਦਬਾਅ ਬਣਾਉਣ ਲਈ ਕੀਤੀ ਜਾ ਰਹੀ ਹੈ।
ਸਕੂਲਾਂ ਅਤੇ ਕਾਲਜਾਂ ਵਿੱਚ ਦਹਿਸ਼ਤ ਦਾ ਮਾਹੌਲ
ਇਸ ਨਫ਼ਰਤੀ ਸੋਚ ਦਾ ਸਭ ਤੋਂ ਮਾੜਾ ਅਸਰ ਵਿੱਦਿਅਕ ਅਦਾਰਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ਮੁਤਾਬਕ 10 ਤੋਂ 18 ਸਾਲ ਦੇ ਨੌਜਵਾਨਾਂ ਵੱਲੋਂ ਕੀਤੇ ਗਏ ਅਪਰਾਧਾਂ ਵਿੱਚੋਂ 10 ਫ਼ੀਸਦੀ ਮਾਮਲੇ ਸਕੂਲਾਂ ਅਤੇ ਕਾਲਜਾਂ ਅੰਦਰ ਵਾਪਰੇ ਹਨ। ਜਿਨਸੀ ਸ਼ੋਸ਼ਣ ਅਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਡਰ ਕਾਰਨ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਸਕੂਲ ਜਾਣਾ ਵੀ ਛੱਡ ਦਿੱਤਾ ਹੈ। ਹਾਲਾਤ ਇੰਨੇ ਖ਼ਰਾਬ ਹਨ ਕਿ ਔਸਤਨ ਹਰ ਇੱਕ ਸਕਿੰਟ ਵਿੱਚ ਦੋ ਤੋਂ ਤਿੰਨ ਅਪਰਾਧ ਦਰਜ ਹੋ ਰਹੇ ਹਨ।
ਜਾਂਚ ਤੋਂ ਪਤਾ ਲੱਗਾ ਹੈ ਕਿ ਕੁੱਲ ਮੁਲਜ਼ਮਾਂ ਵਿੱਚੋਂ ਲਗਭਗ 24 ਫ਼ੀਸਦੀ ਅਜਿਹੇ ਅਪਰਾਧੀ ਹਨ, ਜੋ ਪਹਿਲਾਂ ਵੀ ਘੱਟੋ-ਘੱਟ ਤਿੰਨ ਵਾਰ ਹਿੰਸਾ ਕਰ ਚੁੱਕੇ ਹਨ। ਹਾਲ ਹੀ ਵਿੱਚ ਅਜਿਹੇ ਕਈ ਕੇਸ ਸਾਹਮਣੇ ਆਏ ਹਨ ਜਿੱਥੇ ਜ਼ਮਾਨਤ 'ਤੇ ਬਾਹਰ ਆਏ ਜਾਂ ਜੇਲ੍ਹ ਵਿੱਚੋਂ ਸਮੇਂ ਤੋਂ ਪਹਿਲਾਂ ਰਿਹਾਅ ਹੋਏ ਅਪਰਾਧੀਆਂ ਨੇ ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਰੇਲੂ ਹਿੰਸਾ ਅਜੇ ਵੀ ਸਭ ਤੋਂ ਵੱਡਾ ਖ਼ਤਰਾ ਬਣੀ ਹੋਈ ਹੈ। ਔਰਤਾਂ ਵਿਰੁੱਧ ਹੁੰਦੇ ਕੁੱਲ ਅਪਰਾਧਾਂ ਵਿੱਚੋਂ 65 ਫ਼ੀਸਦੀ ਕੇਸ ਸਿਰਫ਼ ਘਰੇਲੂ ਹਿੰਸਾ ਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਅੰਕੜੇ ਸਿਰਫ਼ ਬਰਫ਼ ਦਾ ਸਿਖ਼ਰ ਹਨ। ਜ਼ਮੀਨੀ ਪੱਧਰ 'ਤੇ ਅਸਲ ਸਥਿਤੀ ਇਸ ਤੋਂ ਵੀ ਕਿਤੇ ਵੱਧ ਭਿਆਨਕ ਹੈ। ਸਮਾਜਿਕ ਡਰ ਅਤੇ ਬਦਨਾਮੀ ਕਾਰਨ ਲਗਭਗ 80 ਫ਼ੀਸਦੀ ਪੀੜਤ ਔਰਤਾਂ ਪੁਲਿਸ ਕੋਲ ਸ਼ਿਕਾਇਤ ਹੀ ਦਰਜ ਨਹੀਂ ਕਰਵਾਉਂਦੀਆਂ। ਔਰਤਾਂ ਦੇ ਹੱਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਿਆਂ ਪ੍ਰਣਾਲੀ ਅਤੇ ਕਾਨੂੰਨ ਨੂੰ ਸਖ਼ਤ ਨਾ ਕੀਤਾ ਗਿਆ, ਤਾਂ ਔਰਤਾਂ ਦੀ ਸੁਰੱਖਿਆ ਪੂਰੀ ਤਰ੍ਹਾਂ ਖ਼ਤਰੇ ਵਿੱਚ ਪੈ ਜਾਵੇਗੀ।
ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਰਫ਼ ਸਜ਼ਾਵਾਂ ਵਧਾਉਣ ਨਾਲ ਕੰਮ ਨਹੀਂ ਚੱਲੇਗਾ। ਆਨਲਾਈਨ ਚੱਲ ਰਹੀ ਜ਼ਹਿਰੀਲੀ ਸਮੱਗਰੀ 'ਤੇ ਤੁਰੰਤ ਰੋਕ ਲਗਾਉਣੀ ਪਵੇਗੀ। ਸਕੂਲਾਂ ਵਿੱਚ ਮੁੰਡਿਆਂ ਨੂੰ ਔਰਤਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣੀ ਹੋਵੇਗੀ। ਵਾਰ-ਵਾਰ ਜੁਰਮ ਕਰਨ ਵਾਲੇ ਖ਼ਤਰਨਾਕ ਅਪਰਾਧੀਆਂ ਨੂੰ ਰਿਹਾਅ ਕਰਨ ਦੇ ਨਿਯਮਾਂ ਦੀ ਮੁੜ ਸਮੀਖਿਆ ਹੋਣੀ ਚਾਹੀਦੀ ਹੈ, ਤਾਂ ਜੋ ਮਾਸੂਮ ਕੁੜੀਆਂ ਅਤੇ ਔਰਤਾਂ ਨੂੰ ਦਹਿਸ਼ਤ ਤੋਂ ਮੁਕਤ ਜੀਵਨ ਦਿੱਤਾ ਜਾ ਸਕੇ।











Comments (0)