ਸਿੱਖ ਵਿਰਸੇ ਨਾਲ ਜੋੜਨ ਲਈ ਸਟਾਕਟਨ ਗੁਰੂ ਘਰ ਵਿਖੇ ਬੱਚਿਆਂ ਦਾ ਕੈਂਪ 28 ਦਸੰਬਰ ਤੋਂ

ਸਿੱਖ ਵਿਰਸੇ ਨਾਲ ਜੋੜਨ ਲਈ ਸਟਾਕਟਨ ਗੁਰੂ ਘਰ ਵਿਖੇ ਬੱਚਿਆਂ ਦਾ ਕੈਂਪ 28 ਦਸੰਬਰ ਤੋਂ

ਕੈਲੀਫੋਰਨੀਆ 'ਚ ਸਟਾਕਟਨ ਦੇ ਸਿੱਖ ਨੌਜਵਾਨਾਂ ਵੱਲੋਂ ਦਸੰਬਰ ਜਨਵਰੀ ਦੀਆਂ ਛੁੱਟੀਆਂ ਦੌਰਾਨ ਸਿੱਖ ਬੱਚਿਆਂ 'ਚ ਰਵਾਇਤੀ ਪ੍ਰੰਪਰਾਵਾਂ ਦੀ ਮੁੜ ਸੁਰਜੀਤੀ ਲਈ ਇੱਕ ਵਿਸ਼ੇਸ਼ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਕੈਂਪ ਦੇ ਮੁਖ ਪ੍ਰਬੰਧਕ ਗੁਰਭੇਜ ਸਿੰਘ ਹੋਣਗੇ ਜਿਹੜੇ ਬੱਚਿਆਂ ਨੂੰ ਸਿੱਖ ਵਿਰਸੇ ਅਤੇ ਇਤਿਹਾਸ ਨਾਲ ਬਾਵਾਸਤਾ ਕਰਾਉਣਗੇ। ਕੈਂਪ ਦਾ ਸਾਰਾ ਪ੍ਰਬੰਧ ਸਟਾਕਟਨ ਗੁਰਦਵਾਰਾ ਸਾਹਿਬ ਵਿਖੇ 28 ਦਸੰਬਰ 2019 ਤੋਂ ਲੈ ਕੇ 4 ਜਨਵਰੀ 2020 ਤੱਕ ਕੀਤਾ ਗਿਆ ਹੈ। ਕੈਂਪ ਦੇ ਪ੍ਰਬੰਧ ਬਾਰੇ ਅੰਮ੍ਰਿਤਸਰ ਟਾਈਮਜ਼ ਦੇ ਪ੍ਰਤੀਨਿਧ ਨਾਲ ਫੋਨ 'ਤੇ ਜਾਣਕਾਰੀ ਸਾਂਝੀ ਕਰਦਿਆਂ ਅਮਨਦੀਪ ਸਿੰਘ ਨੇ ਦੱਸਿਆ ਕਿ ਸਟਾਕਟਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਕੋਈ 300 ਦੇ ਕਰੀਬ ਬੱਚੇ ਹੁਣ ਤੱਕ ਆਪਣੇ ਨਾਮ ਦਰਜ ਕਰ ਚੁੱਕੇ ਹਨ। ਅਮਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਕੈਂਪ 'ਚ ਹਿੱਸਾ ਲਿਆਂ ਲਈ ਦੂਰੋਂ ਆਉਣ ਵਾਲੇ ਬੱਚਿਆਂ ਦੇ ਠਹਿਰਨ ਲਈ ਸਥਾਨਕ ਸੰਗਤ ਨੇ ਆਪਣੇ ਘਰਾਂ 'ਚ ਵਧੀਆ ਇੰਤਜ਼ਾਮ ਕੀਤੇ ਹਨ। ਕੈਂਪ ਦੌਰਾਨ ਦੇਗ਼, ਲੰਗਰ ਤਿਆਰ ਕਰਨ ਦੀ ਵਿਧੀ, ਦੁਮਾਲਾ ਅਤੇ ਦਸਤਾਰ ਬੰਨ੍ਹਣ, ਨਿਤਨੇਮ ਦੇ ਪਾਠ ਅਤੇ ਅਰਦਾਸ ਕਰਨਾ ਸਿਖਾਉਣ ਅਤੇ ਉਚੇਰਾ ਜੀਵਨ ਜਿਉਣ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਸਥਾਨਕ ਸਿੱਖ ਬੱਚਿਆਂ 'ਚ ਇਸ ਕੈਂਪ ਲਈ ਕਾਫੀ ਦਿਲਚਸਪੀ ਦੇਖਣ ਲਈ ਮਿਲ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਲਈ ਕੋਈ ਨਿਰਧਾਰਤ ਦਾਖਲਾ ਫੀਸ ਨਹੀਂ ਰੱਖੀ ਗਈ।