ਪੁਲਿਸ ਨੇ "ਜੈ ਸ਼੍ਰੀ ਰਾਮ" ਦੇ ਨਾਅਰੇ ਲਾਉਂਦਿਆਂ ਵਿਦਿਆਰਥੀਆਂ 'ਤੇ ਹਮਲਾ ਕੀਤਾ ਸੀ; ਰਿਪੋਰਟ ਵਿੱਚ ਖੁਲਾਸਾ
ਨਵੀਂ ਦਿੱਲੀ: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੀ ਜਾਂਚ ਕਰ ਰਹੀ ਕਮੇਟੀ ਦੀ ਤੱਥ-ਖੋਜ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪੁਲਿਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਉਹਨਾਂ ਗੋਲਿਆਂ ਦੀ ਵਰਤੋਂ ਕੀਤੀ ਜਿਹੜੇ ਆਮ ਕਰਕੇ ਜੰਗ ਵਰਗੇ ਹਾਲਾਤਾਂ 'ਚ ਵਰਤੇ ਜਾਂਦੇ ਹਨ। ਕਮੇਟੀ ਦੀ ਰਿਪੋਰਟ ਮੁਤਾਬਿਕ ਪੁਲਿਸ ਨੇ ਵਿਦਿਆਰਥੀਆਂ ਉੱਤੇ ਸਟੱਨ ਗ੍ਰਨੇਡ ਸੁੱਟੇ ਜਿਸ ਕਾਰਨ ਇੱਕ ਵਿਦਿਆਰਥੀ ਨੂੰ ਆਪਣਾ ਹੱਥ ਵੀ ਗੁਆਉਣਾ ਪਿਆ।
ਮੌਕੇ 'ਤੇ ਮੋਜੂਦ ਗਵਾਹਾਂ ਦੇ ਬਿਆਨਾਂ ਦੇ ਅਧਾਰ 'ਤੇ ਤਿਆਰ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀ ਕੈਂਪਸ ਅਤੇ ਕੈਂਪਸ ਵਿੱਚ ਰਹਿੰਦੇ ਲੋਕਾਂ ਨੂੰ ਪੁਲਿਸ ਦੇ ਜ਼ਬਰ ਤੋਂ ਬਚਾਉਣ ਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।
ਜਾਂਚ ਕਮੇਟੀ ਨੂੰ ਦਿੱਤੇ ਬਿਆਨਾਂ ਵਿੱਚ ਵਿਦਿਆਰਥੀਆਂ ਨੇ ਕਿਹਾ ਹੈ ਕਿ ਜਦੋਂ ਪੁਲਿਸ ਨੇ ਵਿਦਿਆਰਥੀਆਂ 'ਤੇ ਹਮਲਾ ਕੀਤਾ ਤਾਂ ਪੁਲਿਸ ਮੁਲਾਜ਼ਮ "ਜੈ ਸ਼੍ਰੀ ਰਾਮ" ਦੇ ਨਾਅਰੇ ਲਾ ਰਹੇ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਵਿਦਿਆਰਥੀਆਂ ਨੂੰ "ਅੱਤਵਾਦੀ" ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ।
ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਪੁਲਿਸ ਨੂੰ ਯੂਨੀਵਰਸਿਟੀ ਵਿੱਚ ਬੁਲਾਇਆ ਸੀ ਪਰ ਜੇ ਉਸਨੇ ਬੁਲਾਇਆ ਸੀ ਤਾਂ ਪੁਲਿਸ ਨੂੰ ਯੂਨੀਵਰਸਿਟੀ ਦੇ ਦਰਵਾਜੇ ਕਿਉਂ ਤੋੜਨੇ ਪਏ।
ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਆਪ ਗੱਡੀਆਂ ਦੀ ਭੰਨ ਤੋੜ ਕੀਤੀ ਤੇ ਹੋਸਟਲਾਂ ਵਿੱਚ ਵੀ ਸਟੰਨ ਗ੍ਰਨੇਡ ਸੁੱਟੇ।
ਇਸ 13 ਮੈਂਬਰੀ ਜਾਂਚ ਕਮੇਟੀ ਵਿੱਚ ਸਾਬਕਾ ਆਈਏਐਸ ਅਫਸਰ ਹਰਸ਼ ਮੰਡੇਰ, ਵਿਦਵਾਨ ਨੰਦੀਨੀ ਸੁੰਦਰ, ਮਨੁੱਖੀ ਹੱਕਾਂ ਦੇ ਕਾਰਕੁੰਨ ਜੋਹਨ ਦਿਆਲ ਅਤੇ ਲੇਖਕ ਨਤਾਸ਼ਾ ਬਧਵਰ ਸ਼ਾਮਲ ਸਨ। ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਇਸ ਕਮੇਟੀ ਵੱਲੋਂ 'ਦਾ ਸੀਜ ਆਫ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ" ਸਿਰਲੇਖ ਵਾਲੀ ਇਹ ਰਿਪੋਰਟ ਜਨਤਕ ਕੀਤੀ ਗਈ।
ਅਲੀਗੜ੍ਹ ਦੇ ਐਸਐਸਪੀ ਅਕਸ਼ੇ ਕੁਲਹਰੀ ਨੇ ਕਿਹਾ ਕਿ ਇਸ ਜਾਂਚ ਰਿਪੋਰਟ ਦੇ ਤੱਥਾਂ ਦੀ ਪੜਚੋਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਵੀ ਯੂਨੀਵਰਸਿਟੀ ਵਿੱਚ ਹੋਇਆ ੳੇੁਸ ਦੇ ਜ਼ਿੰਮੇਵਾਰ ਵਿਦਿਆਰਥੀ ਹਨ। ਉਹਨਾਂ ਕਿਹਾ ਕਿ ਪੁਲਿਸ ਨੇ ਆਪਣੇ ਬਚਾਅ ਲਈ ਤਾਕਤ ਦੀ ਵਰਤੋਂ ਕੀਤੀ।
ਉਹਨਾਂ ਕਿਹਾ ਕਿ ਕਮੇਟੀ ਵੱਲੋਂ ਦਿੱਤਾ ਗਿਆ ਬਿਆਨ ਬਿਲਕੁਲ ਗਲਤ ਹੈ ਕਿ ਸਟੰਨ ਗ੍ਰਨੇਡ ਜੰਗ ਵਰਗੇ ਹਾਲਾਤਾਂ 'ਚ ਵਰਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਨੂੰ ਭੀੜ ਨੂੰ ਭਜਾਉਣ ਲਈ ਵਰਤਿਆ ਜਾਂਦਾ ਹੈ ਤੇ ਜੰਗ ਵਰਗੇ ਹਾਲਾਤਾਂ 'ਚ ਫੌਜ ਗ੍ਰਨੇਡ ਵਰਤਦੀ ਹੈ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)