ਗਰੀਬੀ ਮਾਪਣ ਦੇ ਪੈਮਾਨਿਆਂ ’ਤੇ ਉੱਠੇ ਸਵਾਲ
ਡਾ. ਕੇਸਰ ਸਿੰਘ ਭੰਗੂ
ਸਾਬਕਾ ਪ੍ਰੋਫ਼ੈਸਰ ਅਤੇ ਡੀਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਰਥਿਕ ਵਿਕਾਸ ਦਾ ਅਸਲ ਪੈਮਾਨਾ ਸਿਰਫ਼ ਗਰੀਬੀ ਦੇ ਅੰਕੜਿਆਂ ’ਚ ਗਿਰਾਵਟ ਹੀ ਨਹੀਂ ਹੁੰਦਾ, ਸਗੋਂ ਆਮ ਲੋਕਾਂ ਦੇ ਜੀਵਨ ਪੱਧਰ, ਰੁਜ਼ਗਾਰ, ਆਮਦਨ ਤੇ ਸਮਾਜਿਕ ਸੁਰੱਖਿਆ ’ਚ ਆਇਆ ਸੁਧਾਰ ਵੀ ਹੋਣਾ ਚਾਹੀਦਾ ਹੈ। ਭਾਰਤ ’ਚ ਗਰੀਬੀ ਖ਼ਾਤਮੇ ਦਾ ਦਾਅਵਾ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਆਰਥਿਕ ਬਿਰਤਾਂਤ ਦਾ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ। ਵਿਸ਼ਵ ਬੈਂਕ ਦੇ ਤਾਜ਼ਾ ਅਨੁਮਾਨ ਇਸ ਬਹਿਸ ਨੂੰ ਮੁੜ ਕੇਂਦਰ ’ਚ ਲੈ ਆਏ ਹਨ। ਇਨ੍ਹਾਂ ਅਨੁਮਾਨਾਂ ਅਨੁਸਾਰ ਭਾਰਤ ’ਚ ਅਤਿਅੰਤ ਗਰੀਬੀ ’ਚ ਕਾਫ਼ੀ ਕਮੀ ਆਉਣ ਨਾਲ ਕਰੋੜਾਂ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਹਨ। ਵੱਡਾ ਸਵਾਲ ਇਹ ਹੈ ਕਿ ਕੀ ਗਰੀਬੀ ਘਟਣ ਦੇ ਇਹ ਅੰਕੜੇ ਭਾਰਤੀ ਲੋਕਾਂ ਦੀ ਅਸਲ ਆਰਥਿਕ ਖ਼ੁਸ਼ਹਾਲੀ ਨੂੰ ਪੂਰੀ ਤਰ੍ਹਾਂ ਦਰਸਾਉਾਂਦੇਹਨ ਜਾਂ ਗਰੀਬੀ ਮਾਪਣ ਦੀਆਂ ਵਿਧੀਆਂ ਤੇ ਮਾਪਦੰਡਾਂ ’ਚ ਕੀਤੇ ਗਏ ਬਦਲਾਅ ਇਸ ਤਸਵੀਰ ਨੂੰ ਪ੍ਰਭਾਵਿਤ ਕਰ ਰਹੇ ਹਨ?
ਵਿਸ਼ਵ ਬੈਂਕ ਦੀ ਅਕਤੂਬਰ 2026 ਦੀ ‘ਗਰੀਬੀ ਤੇ ਸਮਾਨਤਾ ਸੰਖੇਪ’ ਰਿਪੋਰਟ ਅਨੁਸਾਰ 2011-12 ਤੋਂ 2023-24 ਦਰਮਿਆਨ ਭਾਰਤ ’ਚ ਅਤਿਅੰਤ ਗਰੀਬੀ ਦੀ ਦਰ 27.1 ਫ਼ੀਸਦੀ ਤੋਂ ਘਟ ਕੇ 2.6 ਫ਼ੀਸਦੀ ਰਹਿ ਗਈ ਹੈ। ਇਸੇ ਸਮੇਂ ਦੌਰਾਨ ਹੇਠਲੇ ਮੱਧ-ਆਮਦਨ ਵਾਲੇ ਦੇਸ਼ਾਂ ਲਈ ਨਿਰਧਾਰਤ 4.20 ਡਾਲਰ (85 ਰੁਪਏ) ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀ ਗਰੀਬੀ ਰੇਖਾ ਅਨੁਸਾਰ ਗਰੀਬੀ ਦੀ ਦਰ 57.7 ਫ਼ੀਸਦੀ ਤੋਂ ਘਟ ਕੇ 16.1 ਫ਼ੀਸਦੀ ਹੋ ਗਈ ਹੈ ਤੇ ਦੇਸ਼ ਦੇ ਲਗਪਗ 49.6 ਕਰੋੜ ਲੋਕ ਇਸ ਗਰੀਬੀ ਰੇਖਾ ਤੋਂ ਉੱਪਰ ਆ ਗਏ ਹਨ।
ਇਹ ਅੰਕੜੇ ਭਾਰਤ ਦੀ ਆਰਥਿਕ ਤੇ ਸਮਾਜਿਕ ਤਰੱਕੀ ਦਾ ਇੱਕ ਮਹੱਤਵਪੂਰਨ ਪੱਖ ਪੇਸ਼ ਕਰਦੇ ਹਨ। ਵਿਸ਼ਵ ਬੈਂਕ ਅਨੁਸਾਰ 2023-24 ਵਿੱਚ 3 ਡਾਲਰ (63 ਰੁਪਏ) ਪ੍ਰਤੀ ਦਿਨ ਦੀ ਅਤਿਅੰਤ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਲਗਪਗ 3.7 ਕਰੋੜ ਸੀ, ਜਦਕਿ 4.20 ਡਾਲਰ (85 ਰੁਪਏ) ਦੀ ਗਰੀਬੀ ਰੇਖਾ ਅਨੁਸਾਰ ਇਹ ਗਿਣਤੀ ਲਗਪਗ 23.2 ਕਰੋੜ ਸੀ। ਦੂਜੇ ਪਾਸੇ, 8.30 ਡਾਲਰ (174 ਰੁਪਏ) ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀ ਉੱਚ ਮੱਧ-ਆਮਦਨ ਵਾਲੇ ਦੇਸ਼ਾਂ ਦੀ ਗਰੀਬੀ ਰੇਖਾ ਅਨੁਸਾਰ ਭਾਰਤ ਦੀ 80 ਫ਼ੀਸਦੀ ਆਬਾਦੀ ਗਰੀਬੀ ਦੀ ਸ਼੍ਰੇਣੀ ’ਚ ਆਉਂਦੀ ਹੈ। ਇਹ ਤਿੰਨੋਂ ਮਾਪਦੰਡ ਭਾਰਤ ਦੀ ਆਰਥਿਕ ਹਕੀਕਤ ਦੇ ਵੱਖੋ-ਵੱਖਰੇ ਪੱਖਾਂ ਨੂੰ ਉਜਾਗਰ ਕਰਦੇ ਹਨ। ਇਹ ਗਰੀਬੀ ਰੇਖਾਵਾਂ 2021 ਦੀ ਖ਼ਰੀਦ ਸ਼ਕਤੀ ਸਮਾਨਤਾ ਦੇ ਆਧਾਰ ’ਤੇ ਨਿਰਧਾਰਤ ਕੀਤੀਆਂ ਗਈਆਂ ਹਨ, ਜਿਸ ਤਹਿਤ ਇੱਕ ਡਾਲਰ ਲਗਪਗ 21 ਰੁਪਏ ਦੇ ਬਰਾਬਰ ਸੀ। ਜੂਨ 2025 ’ਚ ਵਿਸ਼ਵ ਬੈਂਕ ਨੇ 2017 ਦੀ ਖ਼ਰੀਦ ਸ਼ਕਤੀ ਸਮਾਨਤਾ ਦੀ ਥਾਂ 2021 ਦੀ ਖ਼ਰੀਦ ਸ਼ਕਤੀ ਨੂੰ ਅਪਣਾਉਂਦਿਆਂ ਅਤਿਅੰਤ ਗਰੀਬੀ ਦੀ ਕੌਮਾਂਤਰੀ ਰੇਖਾ 2.15 ਡਾਲਰ ਤੋਂ ਵਧਾ ਕੇ 3 ਡਾਲਰ ਕਰ ਦਿੱਤੀ ਹੈ। ਹੇਠਲੇ ਮੱਧ-ਆਮਦਨ ਵਾਲੇ ਦੇਸ਼ਾਂ ਦੀ ਗਰੀਬੀ ਰੇਖਾ 3.65 ਡਾਲਰ ਤੋਂ ਵਧਾ ਕੇ 4.20 ਡਾਲਰ ਤੇ ਉੱਚ ਮੱਧ-ਆਮਦਨ ਵਾਲੇ ਦੇਸ਼ਾਂ ਦੀ 8.30 ਡਾਲਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, ਅਮੀਰ ਵਿਕਸਤ ਦੇਸ਼ਾਂ, ਜਿਨ੍ਹਾਂ ’ਚ ਭਾਰਤ 2047 ਤੱਕ ਸ਼ਾਮਲ ਹੋਣ ਦਾ ਸੁਪਨਾ ਵੇਖ ਰਿਹਾ ਹੈ, ਦੀ ਗਰੀਬੀ ਰੇਖਾ ਵਿੱਚ 30 ਡਾਲਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਦਾ ਖ਼ਰਚ ਸ਼ਾਮਲ ਹੈ।
ਭਾਰਤ ਦਾ ਕੁਝ ਚੋਣਵੇਂ ਵਿਕਸਤ ਦੇਸ਼ਾਂ ਨਾਲ ਵੱਖ-ਵੱਖ ਸੂਚਕਾਂ—ਜਿਵੇਂ ਮਨੁੱਖੀ ਵਿਕਾਸ ਸੂਚਕ, ਖੇਤੀ ਧੰਦੇ ’ਚ ਲੱਗੇ ਲੋਕਾਂ ਦੀ ਗਿਣਤੀ, ਕੁਪੋਸ਼ਣ ਦਾ ਸ਼ਿਕਾਰ ਲੋਕਾਂ ਦੀ ਗਿਣਤੀ, ਭੁੱਖਮਰੀ, ਬੱਚਿਆਂ ਦੀ ਜਨਮ ਸਮੇਂ ਮੌਤ ਦਰ, ਔਰਤਾਂ ਦੀ ਕੰਮ 'ਚ ਹਿੱਸੇਦਾਰੀ ਤੇ ਆਰਥਿਕ ਨਾ-ਬਰਾਬਰੀ—ਦਾ ਤੁਲਨਾਤਮਕ ਅਧਿਐਨ ਕਰਦੇ ਹਾਂ। ਭਾਰਤ ਦਾ 2024 ’ਚ ਮਨੁੱਖੀ ਵਿਕਾਸ ਸੂਚਕ 0.644 ਸੀ, ਜਦਕਿ ਵਿਕਸਤ ਦੇਸ਼ਾਂ ਦਾ 0.933 ਤੋਂ ਵੱਧ ਸੀ। ਵਿਕਸਤ ਦੇਸ਼ਾਂ ਦੀ ਮਨੁੱਖੀ ਵਿਕਾਸ ਸੂਚਕ ਦਰਜਾਬੰਦੀ ਉਪਰਲੇ 25 ਦੇਸ਼ਾਂ ਵਿੱਚ ਸੀ ਤੇ ਭਾਰਤ ਇਸ ਦਰਜਾਬੰਦੀ ’ਚ 134ਵੇਂ ਨੰਬਰ ’ਤੇ ਸੀ। ਭਾਰਤ ਦੀ 44 ਫ਼ੀਸਦੀ ਆਬਾਦੀ ਖੇਤੀ ਤੋਂ ਰੁਜ਼ਗਾਰ ਪ੍ਰਾਪਤ ਕਰਦੀ ਹੈ, ਜਦਕਿ ਵਿਕਸਤ ਦੇਸ਼ਾਂ ’ਚ ਸਿਰਫ਼ 1 ਤੋਂ 4.1 ਫ਼ੀਸਦੀ ਆਬਾਦੀ ਹੀ ਖੇਤੀ ’ਚ ਲੱਗੀ ਹੋਈ ਹੈ। ਭਾਰਤ ਦੀ 13.7 ਫ਼ੀਸਦੀ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ, ਜਦਕਿ ਵਿਕਸਤ ਦੇਸ਼ਾਂ ’ਚ ਇਹ ਦਰ ਸਿਰਫ਼ 2.5 ਤੋਂ 3.2 ਫ਼ੀਸਦੀ ਹੈ। ਭੁੱਖਮਰੀ ਦਾ ਸ਼ਿਕਾਰ ਨਾ ਹੋਣ ਕਾਰਨ ਵਿਕਸਤ ਦੇਸ਼ਾਂ ਨੂੰ ਵਿਸ਼ਵ-ਵਿਆਪੀ ਭੁੱਖਮਰੀ ਸੂਚਕ ਅੰਕ ਦੇ ਸਰਵੇਖਣ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਜਦਕਿ ਭਾਰਤ ਦਾ 2024 ’ਚ ਭੁੱਖਮਰੀ ਸੂਚਕ ਅੰਕ 27.3 ਸੀ ਤੇ ਅਸੀਂ 105ਵੇਂ ਦਰਜੇ ਨਾਲ ਗੰਭੀਰ ਭੁੱਖਮਰੀ ਵਾਲੇ ਦੇਸ਼ਾਂ ’ਚ ਸ਼ਾਮਲ ਸਾਂ। ਭਾਰਤ ’ਚ ਸਿਰਫ਼ 24 ਫ਼ੀਸਦੀ ਔਰਤਾਂ ਕੰਮ ਕਰਦੀਆਂ ਹਨ, ਜਦਕਿ ਵਿਕਸਤ ਦੇਸ਼ਾਂ ’ਚ ਇਹ ਦਰ 41 ਤੋਂ 61 ਫ਼ੀਸਦੀ ਹੈ।
ਗਰੀਬੀ ਦੀ ਪਰਿਭਾਸ਼ਾ ਸਿਰਫ਼ ਕਿਸੇ ਵਿਅਕਤੀ ਦੇ ਰੋਜ਼ਾਨਾ ਖ਼ਰਚ ਦੀ ਇੱਕ ਨਿਰਧਾਰਤ ਰਕਮ ਦੇ ਘੱਟ ਜਾਂ ਵੱਧ ਹੋਣ ਤੱਕ ਸੀਮਤ ਨਹੀਂ ਮੰਨੀ ਜਾ ਸਕਦੀ। ਜੇਕਰ ਕਿਸੇ ਪਰਿਵਾਰ ਦਾ ਪ੍ਰਤੀ ਵਿਅਕਤੀ ਖਪਤ ਖ਼ਰਚ ਗਰੀਬੀ ਰੇਖਾ ਤੋਂ ਥੋੜ੍ਹਾ ਉੱਪਰ ਹੋਵੇ, ਪਰ ਉਨ੍ਹਾਂ ਕੋਲ ਬਿਮਾਰੀ, ਬੇਰੁਜ਼ਗਾਰੀ ਜਾਂ ਕਿਸੇ ਹੋਰ ਸੰਕਟ ਨਾਲ ਨਜਿੱਠਣ ਲਈ ਕੋਈ ਬੱਚਤ ਨਾ ਹੋਵੇ, ਤਾਂ ਉਸ ਨੂੰ ਆਰਥਿਕ ਤੌਰ ’ਤੇ ਖ਼ੁਸ਼ਹਾਲ ਕਿਵੇਂ ਮੰਨਿਆ ਜਾ ਸਕਦਾ ਹੈ? ਜੇਕਰ ਵਿਸ਼ਵ ਬੈਂਕ ਦੇ 8.30 ਡਾਲਰ (174 ਰੁਪਏ) ਪ੍ਰਤੀ ਦਿਨ ਵਾਲੇ ਮਾਪਦੰਡ ਨੂੰ ਵਿਚਾਰੀਏ ਤਾਂ 2023-24 ’ਚ ਭਾਰਤ ਦੀ ਲਗਪਗ 80 ਫ਼ੀਸਦੀ ਆਬਾਦੀ ਇਸ ਪੱਧਰ ਤੋਂ ਹੇਠਾਂ ਸੀ।
ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ 2017 ਤੋਂ 2023 ਦਰਮਿਆਨ ਭਾਰਤ ’ਚ 13.4 ਕਰੋੜ ਰੁਜ਼ਗਾਰ ਦੇ ਮੌਕੇ ਵਧੇ ਹਨ ਤੇ ਇਸ ’ਚ ਪੇਂਡੂ ਔਰਤਾਂ ਦੀ ਅਦਾਇਗੀ ਵਾਲੇ ਕੰਮਾਂ ’ਚ ਭਾਗੀਦਾਰੀ ਵਧਣਾ ਅਹਿਮ ਹੈ। ਪਰ ਇਸ ਰੁਜ਼ਗਾਰ ਵਾਧੇ ਦੇ ਬਾਵਜੂਦ ਅਸਲ ਮਜ਼ਦੂਰੀ ਤੋਂ ਹੁੰਦੀ ਆਮਦਨ ’ਚ ਬਹੁਤਾ ਵਾਧਾ ਨਹੀਂ ਹੋਇਆ ਤੇ ਨਵੇਂ ਰੁਜ਼ਗਾਰ ਜ਼ਿਆਦਾਤਰ ਘੱਟ ਉਤਪਾਦਕਤਾ ਵਾਲੇ ਖੇਤਰਾਂ ’ਚ ਪੈਦਾ ਹੋਏ ਹਨ। ਦੂਜੇ ਪਾਸੇ, ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 2025-26 ਦੀ ਪਹਿਲੀ ਤਿਮਾਹੀ ’ਚ 14.6 ਫ਼ੀਸਦੀ ਤੋਂ ਵਧ ਕੇ 2026-27 ਦੀ ਪਹਿਲੀ ਤਿਮਾਹੀ ਦੌਰਾਨ 15.9 ਫ਼ੀਸਦੀ ਹੋ ਗਈ। ਇਸ ਦਾ ਅਰਥ ਹੈ ਕਿ ਭਾਰਤ ਦੀ ਵਿਕਾਸ ਨੀਤੀ ’ਚ ਰੁਜ਼ਗਾਰ ਦੀ ਗੁਣਵੱਤਾ, ਸਥਿਰਤਾ ਤੇ ਮਜ਼ਦੂਰੀ ਦੀ ਖ਼ਰੀਦ ਸ਼ਕਤੀ ਨੂੰ ਪਹਿਲ ਦੇਣ ਦੀ ਲੋੜ ਹੈ। ਵਿਸ਼ਵ ਬੈਂਕ ਦੀ ਅਕਤੂਬਰ 2025 ਦੀ ਰਿਪੋਰਟ ਅਨੁਸਾਰ 2023-24 ’ਚ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ’ਚ ਬੇਰੁਜ਼ਗਾਰੀ ਦਰ 29 ਫ਼ੀਸਦੀ ਸੀ, ਜੋ ਸਿੱਖਿਆ ਤੇ ਰੁਜ਼ਗਾਰ ਵਿਚਕਾਰਲੇ ਵੱਡੇ ਪਾੜੇ ਨੂੰ ਸਪੱਸ਼ਟ ਕਰਦੀ ਹੈ।
ਵਿਸ਼ਵ ਬੈਂਕ ਦੇ ਅਨੁਮਾਨਾਂ ਮੁਤਾਬਕ 2023-24 ’ਚ 4.20 ਡਾਲਰ (85 ਰੁਪਏ) ਦੀ ਗਰੀਬੀ ਰੇਖਾ ਅਨੁਸਾਰ ਪੇਂਡੂ ਖੇਤਰਾਂ ’ਚ ਗਰੀਬੀ ਦੀ ਦਰ 19.3 ਫ਼ੀਸਦੀ ਤੇ ਸ਼ਹਿਰੀ ਖੇਤਰਾਂ ਵਿੱਚ 8.6 ਫ਼ੀਸਦੀ ਸੀ, ਜੋ ਪੇਂਡੂ ਭਾਰਤ ’ਚ ਗਰੀਬੀ ਦੀ ਗੰਭੀਰ ਸਮੱਸਿਆ ਨੂੰ ਦਰਸਾਉਂਦੀ ਹੈ। ਉੱਤਰ ਪ੍ਰਦੇਸ਼ ਤੋਂ ਪੱਛਮੀ ਬੰਗਾਲ ਤੱਕ ਦੇ ਰਾਜਾਂ ਦੀ ਪੱਟੀ ’ਚ ਦੇਸ਼ ਦੇ 57 ਫ਼ੀਸਦੀ ਗਰੀਬ ਲੋਕ ਰਹਿੰਦੇ ਹਨ। ਇਹ ਤੱਥ ਖੇਤਰੀ ਅਸਮਾਨਤਾ ਨੂੰ ਉਜਾਗਰ ਕਰਦਿਆਂ ਸਪੱਸ਼ਟ ਕਰਦੇ ਹਨ ਕਿ ਗਰੀਬੀ ਦੇ ਖ਼ਾਤਮੇ ਲਈ ਸਾਰੇ ਦੇਸ਼ ਵਾਸਤੇ ਇੱਕੋ ਜਿਹੀ ਨੀਤੀ ਪ੍ਰਭਾਵੀ ਨਹੀਂ ਹੋ ਸਕਦੀ।
ਵਿਸ਼ਵ ਬੈਂਕ ਅਨੁਸਾਰ ਭਾਰਤ ਵਿੱਚ ਬਹੁ-ਪੱਖੀ ਗਰੀਬੀ 2005-06 ਦੇ 53.8 ਫ਼ੀਸਦੀ ਤੋਂ ਘਟ ਕੇ 2019-21 ’ਚ 16.4 ਫ਼ੀਸਦੀ ਤੇ 2022-23 ਦੌਰਾਨ 5.5 ਫ਼ੀਸਦੀ ਰਹਿ ਗਈ। ਇਹ ਸਿਹਤ, ਸਿੱਖਿਆ, ਰਿਹਾਇਸ਼ ਤੇ ਬੁਨਿਆਦੀ ਸਹੂਲਤਾਂ ’ਚ ਹੋਏ ਸੁਧਾਰਾਂ ਨੂੰ ਦਰਸਾਉਂਦੀ ਹੈ, ਪਰ ਇਸ ਨੂੰ ਸਾਰੀਆਂ ਆਰਥਿਕ ਸਮੱਸਿਆਵਾਂ ਦੇ ਹੱਲ ਵਜੋਂ ਪੇਸ਼ ਕਰਨਾ ਠੀਕ ਨਹੀਂ ਹੈ। ਸਰਕਾਰ ਨੂੰ ਸਭ ਤੋਂ ਪਹਿਲਾਂ ਇੱਕ ਭਰੋਸੇਯੋਗ, ਪਾਰਦਰਸ਼ੀ ਤੇ ਨਿਯਮਤ ਰਾਸ਼ਟਰੀ ਗਰੀਬੀ ਮਾਪਣ ਪ੍ਰਣਾਲੀ ਵਿਕਸਤ ਕਰਕੇ ਘਰੇਲੂ ਖਪਤ ਸਰਵੇਖਣਾਂ ਦੇ ਅੰਕੜੇ ਸਮੇਂ ਸਿਰ ਜਾਰੀ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਤੁਲਨਾ ਲਈ ਲੋੜੀਂਦੇ ਵਿਗਿਆਨਕ ਪ੍ਰਬੰਧ ਕਰਨੇ ਚਾਹੀਦੇ ਹਨ। ਦੂਜਾ, ਖੇਤੀਬਾੜੀ ਤੇ ਛੋਟੇ ਉਦਯੋਗਾਂ ਨੂੰ ਮਜ਼ਬੂਤ ਕਰਕੇ ਵੱਡੇ ਪੱਧਰ ’ਤੇ ਸਥਾਈ ਤੇ ਵਧੀਆ ਤਨਖ਼ਾਹ ਵਾਲੇ ਰੁਜ਼ਗਾਰ ਪੈਦਾ ਕਰਨੇ ਚਾਹੀਦੇ ਹਨ। ਤੀਜਾ, ਸਿਹਤ, ਸਿੱਖਿਆ, ਪੋਸ਼ਣ ਤੇ ਸਮਾਜਿਕ ਸੁਰੱਖਿਆ ’ਤੇ ਖ਼ਰਚ ਵਧਾਉਣਾ ਚਾਹੀਦਾ ਹੈ। ਚੌਥਾ, ਵਧ ਰਹੀ ਆਮਦਨ ਤੇ ਦੌਲਤ ਦੀ ਅਸਮਾਨਤਾ ਨੂੰ ਘਟਾਉਣ ਲਈ ਪ੍ਰਗਤੀਸ਼ੀਲ ਕਰ ਪ੍ਰਣਾਲੀ ਤੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਵਿਸ਼ਵ ਬੈਂਕ ਦੇ ਨਵੇਂ ਅਨੁਮਾਨ ਭਾਰਤ ’ਚ ਗਰੀਬੀ ਘਟਣ ਦੀ ਪ੍ਰਾਪਤੀ ਨੂੰ ਤਾਂ ਦਰਸਾਉਾਂਦੇਹਨ, ਪਰ 23 ਕਰੋੜ ਤੋਂ ਵੱਧ ਲੋਕਾਂ ਦਾ 4.20 ਡਾਲਰ (85 ਰੁਪਏ) ਵਾਲੀ ਗਰੀਬੀ ਰੇਖਾ ਤੋਂ ਹੇਠਾਂ ਰਹਿਣਾ, ਪੇਂਡੂ ਖੇਤਰਾਂ ’ਚ ਵਧੇਰੇ ਗਰੀਬੀ, ਨੌਜਵਾਨਾਂ ਦੀ ਬੇਰੁਜ਼ਗਾਰੀ ਤੇ ਮਜ਼ਦੂਰੀ ਦੀ ਖ਼ਰੀਦ ਸ਼ਕਤੀ ਵਿੱਚ ਖੜੋਤ ਗੰਭੀਰ ਚੁਣੌਤੀਆਂ ਹਨ। ਵਿਕਾਸ ਦਾ ਅਸਲ ਪੈਮਾਨਾ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਦਾ ਕੋਈ ਵੀ ਨਾਗਰਿਕ ਭੋਜਨ, ਸਿਹਤ, ਸਿੱਖਿਆ, ਰੁਜ਼ਗਾਰ ਤੇ ਸਨਮਾਨਜਨਕ ਜੀਵਨ ਤੋਂ ਵਾਂਝਾ ਨਾ ਰਹੇ। ਗਰੀਬੀ ਦੇ ਅੰਕੜਿਆਂ ’ਚ ਕਮੀ ਇੱਕ ਪ੍ਰਾਪਤੀ ਜ਼ਰੂਰ ਹੈ, ਪਰ ਗਰੀਬੀ ਤੇ ਆਰਥਿਕ ਅਸੁਰੱਖਿਆ ਤੋਂ ਮੁਕਤ ਸਮਾਜ ਦੀ ਸਿਰਜਣਾ ਹੀ ਅਸਲ ਆਰਥਿਕ ਵਿਕਾਸ ਦਾ ਮੰਤਵ ਹੋਣਾ ਚਾਹੀਦਾ ਹੈ।











Comments (0)