ਕਿਸਾਨੀ ਮੰਗਾਂ ਸੰਬੰਧੀ ਜ਼ਰੂਰੀ ਹੈ ਸਰਕਾਰ ਦੀ ਜਵਾਬਦੇਹੀ

ਕਿਸਾਨੀ ਮੰਗਾਂ ਸੰਬੰਧੀ ਜ਼ਰੂਰੀ ਹੈ ਸਰਕਾਰ ਦੀ ਜਵਾਬਦੇਹੀ

ਬਲਬੀਰ ਸਿੰਘ ਰਾਜੇਵਾਲ

ਪ੍ਰਧਾਨ, ਬੀ.ਕੇ.ਯੂ.

ਮੈਂ ਆਪਣੀ ਜ਼ਿੰਦਗੀ ਦੇ 55 ਸਾਲ ਕਿਸਾਨਾਂ ਦੀ ਸੇਵਾ ਵਿੱਚ ਲਾਏ ਹਨ। ਅਨੇਕਾਂ ਅੰਦੋਲਨ ਕੀਤੇ ਤੇ ਅਣਗਿਣਤ ਵਾਰ ਸਰਕਾਰਾਂ ਨਾਲ ਮੇਜ਼ ’ਤੇ ਕਿਸਾਨਾਂ ਦੇ ਮਸਲਿਆਂ ਸਬੰਧੀ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਹ ਠੀਕ ਹੈ ਕਿ ਗੱਲਬਾਤ ਸਮੇਂ ਕਈ ਵਾਰ ਸਰਕਾਰਾਂ ਦਾ ਵਤੀਰਾ ਸਖ਼ਤ ਵੀ ਹੁੰਦਾ ਸੀ, ਪਰ ਅੰਤ ਜਦੋਂ ਕੋਈ ਸਮਝੌਤਾ ਹੋ ਜਾਂਦਾ ਸੀ ਤਾਂ ਵਧੇਰੇ ਕਰਕੇ ਕੋਈ ਵੀ ਸਰਕਾਰ ਹੋਏ ਸਮਝੌਤੇ ਨੂੰ ਲਾਗੂ ਕਰਨ ਤੋਂ ਪਿੱਛੇ ਨਹੀਂ ਸੀ ਹਟਦੀ। ਕੋਈ ਵੀ ਸਰਕਾਰ ਆਪਣੀ ਭਰੋਸੇਯੋਗਤਾ ਨੂੰ ਵੱਟਾ ਨਹੀਂ ਸੀ ਲੱਗਣ ਦਿੰਦੀ।ਪਰ ਪੰਜਾਬ ਦੀ ਮੌਜੂਦਾ ਸਰਕਾਰ ਇਸ ਸੰਬੰਧੀ ਵਾਅਦਿਆਂ ’ਤੇ ਖ਼ਰੀ ਨਹੀਂ ਉਤਰੀ।
ਸਤੰਬਰ ਮਹੀਨੇ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਪੰਜਾਬ ਦੇ ਪਾਣੀਆਂ ਤੇ ਹੋਰ ਕਿਸਾਨੀ ਮੰਗਾਂ ਲਈ ਚੰਡੀਗੜ੍ਹ ’ਚ ਇੱਕ ਹਫ਼ਤਾ ਦਿਨ-ਰਾਤ ਧਰਨਾ ਦਿੱਤਾ। ਸਰਕਾਰ ਨਾਲ ਮੰਗਾਂ ’ਤੇ ਘੋਖਵੀਂ ਬਹਿਸ ਹੋਈ। ਅੰਤ ਇੱਕ ਲਿਖਤੀ ਸਮਝੌਤਾ ਹੋਇਆ, ਜਿਸ ’ਤੇ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਸਤਖ਼ਤ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਮਝੌਤੇ ਦੀਆਂ ਕਾਪੀਆਂ ਦਿੱਤੀਆਂ। ਖੇਤੀਬਾੜੀ ਮੰਤਰੀ ਨੇ ਮੰਨੀਆਂ ਮੰਗਾਂ ਨੂੰ ਇੱਕ ਮਹੀਨੇ ’ਚ ਵਿਧਾਨ ਸਭਾ ਇਜਲਾਸ ਬੁਲਾ ਕੇ ਪਾਸ ਕਰਨ ਦਾ ਐਲਾਨ ਕੀਤਾ। ਸਰਕਾਰ ਨੇ ਮਹੀਨੇ ’ਚ ਤਾਂ ਨਹੀਂ, ਪਰ ਅਕਤੂਬਰ ਦੇ ਅੰਤ ’ਚ ਵਿਧਾਨ ਸਭਾ ਦਾ ਇਜਲਾਸ ਬੁਲਾਇਆ, ਪਰ ਸਮਝੌਤੇ ਅਨੁਸਾਰ ਇੱਕ ਵੀ ਮੰਗ ਨਹੀਂ ਮੰਨੀ। ਸਰਕਾਰ ਲਿਖਤੀ ਵਾਅਦਿਆਂ ਤੋਂ ਸਾਫ਼ ਭੱਜ ਗਈ। ਆਓ, ਸਮਝੀਏ ਮੰਗਾਂ ਕੀ ਸਨ ਤੇ ਸਰਕਾਰ ਨੇ ਕੀ ਵਾਅਦਾ ਕੀਤਾ ਸੀ।
ਸਾਡੀ ਧਰਤੀ ਦੀ ਤੀਜੀ ਅਰਥਾਤ ਆਖ਼ਰੀ ਤਹਿ ਦਾ ਪਾਣੀ ਏਨਾ ਜ਼ਹਿਰੀਲਾ ਹੈ ਕਿ ਨਾ ਤਾਂ ਇਹ ਪੀਣ ਯੋਗ ਹੈ ਤੇ ਨਾ ਹੀ ਖੇਤੀ ਯੋਗ। ਧਰਤੀ ਦੀ ਦੂਜੀ ਤਹਿ ਦਾ ਪਾਣੀ ਜੋ ਅਸੀਂ ਇਸ ਵੇਲੇ ਵਰਤ ਰਹੇ ਹਾਂ, ਉਸ ’ਚ ਯੂਰੇਨੀਅਮ, ਫਲੋਰਾਈਡ, ਜ਼ਹਿਰੀਲੇ ਤੱਤ, ਭਾਰੀਆਂ ਧਾਤਾਂ, ਲੈੱਡ ਤੇ ਨਾਈਟ੍ਰੇਟਸ ਵਰਗੇ ਖ਼ਤਰਨਾਕ ਤੱਤ ਵੱਡੀ ਮਾਤਰਾ ’ਚ ਹਨ। ਫਿਰ ਵੀ ਮੌਜੂਦਾ ਤਹਿ ਦਾ ਪਾਣੀ ਅਗਲੇ ਪੰਜ ਕੁ ਸਾਲਾਂ ਵਿੱਚ ਖ਼ਤਮ ਹੋ ਜਾਵੇਗਾ। ਜਦੋਂ ਅਸੀਂ ਜਾਣਦੇ ਹਾਂ ਕਿ ਆਖ਼ਰੀ ਤਹਿ ਦਾ ਪਾਣੀ ਜ਼ਹਿਰੀਲਾ ਹੈ ਤਾਂ ਸਰਕਾਰ ਇਸ ਸਬੰਧੀ ਕੀ ਕਰ ਰਹੀ ਹੈ? ਮੌਜੂਦਾ ਪਾਣੀ ਪੀਣ ਨਾਲ ਖ਼ਤਰਨਾਕ ਬਿਮਾਰੀਆਂ ਨੇ ਪੰਜਾਬ ਨੂੰ ਘੇਰ ਲਿਆ ਹੈ, ਪਰ ਸਰਕਾਰ ਨਿਸ਼ਚਿੰਤ ਹੈ।
ਇਹ ਨਹੀਂ ਕਿ ਪੰਜਾਬ ਕੋਲ ਉੱਚ-ਮਿਆਰੀ ਪਾਣੀ ਨਹੀਂ ਹੈ। ਸਤਲੁਜ, ਬਿਆਸ ਤੇ ਰਾਵੀ ਦੇ ਪਾਣੀਆਂ ਦਾ ਸੰਵਿਧਾਨਕ ਮਾਲਕ ਕੇਵਲ ਪੰਜਾਬ ਹੈ। ਸਾਡੇ ਸੰਵਿਧਾਨ ’ਚ ਰਾਜਾਂ ਦੀ ਸੂਚੀ ਵਿੱਚ ਲੜੀ ਨੰ: 17 ’ਤੇ ਦਰਜ ਹੈ ਕਿ ਪਾਣੀ, ਪਾਣੀ ਲਈ ਬਣਾਏ ਡੈਮ, ਡੈਮਾਂ ਦੇ ਪਾਣੀ ਦੀਆਂ ਝੀਲਾਂ ਅਤੇ ਉਸ ਤੋਂ ਪੈਦਾ ਹੁੰਦੀ ਬਿਜਲੀ ਰਾਜਾਂ ਦਾ ਵਿਸ਼ਾ ਹੈ ਤੇ ਕੇਂਦਰ ਜਾਂ ਪੰਜਾਬ ਤੋਂ ਬਾਹਰੀ ਕੋਈ ਵੀ ਸਰਕਾਰ ਇਸ ਵਿੱਚ ਦਖ਼ਲ ਨਹੀਂ ਦੇ ਸਕਦੀ। ਪਰ ਸਮੇਂ ਦੀਆਂ ਸਰਕਾਰਾਂ ਦੀਆਂ ਨਾਲਾਇਕੀਆਂ ਕਾਰਨ ਅੱਜ ਪੰਜਾਬ ਦੇ ਸਾਰੇ ਦਰਿਆਵਾਂ ਦੇ ਪਾਣੀਆਂ ’ਤੇ ਕੇਂਦਰ ਦਾ ਕੰਟਰੋਲ ਹੈ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਹਕੂਮਤ ਨੇ ਰਾਜਸਥਾਨ ਨੂੰ ਪੀਣ ਲਈ ਪਾਣੀ ਦਿੱਤਾ ਸੀ, ਜਿਸ ਦੀ ਉਹ ਪੰਜਾਬ ਸਰਕਾਰ ਨੂੰ 1960 ਤੱਕ ਨਿਰਧਾਰਤ ਕੀਮਤ ਦਿੰਦਾ ਰਿਹਾ। ਕੇਂਦਰ ਨੇ 1955 ’ਚ ਰਾਜਸਥਾਨ ਨੂੰ ਪਾਣੀ ਦੀ ਮਾਤਰਾ ਤਾਂ ਵਧਾ ਕੇ ਦੁੱਗਣੀ ਕਰ ਦਿੱਤੀ, ਪਰ ਉਸ ਦੀ ਕੀਮਤ ਨਵੇਂ ਸਿਰੇ ਤੋਂ ਤੈਅ ਕਰਨ ਲਈ ਮੰਨ ਕੇ ਵੀ ਚੁੱਪ ਧਾਰ ਲਈ। ਅੱਜ ਰਾਜਸਥਾਨ ਪੰਜਾਬ ਤੋਂ ਮੁਫ਼ਤ ਪਾਣੀ ਲੈ ਕੇ ਬਾੜਮੇਰ ਦੀ ਰਿਫ਼ਾਇਨਰੀ ਤੋਂ 1600 ਕਰੋੜ ਰੁਪਏ ਸਾਲਾਨਾ ਵਸੂਲਦਾ ਹੈ ਅਤੇ ਉਦਯੋਗਿਕ ਇਕਾਈਆਂ ਤੋਂ 2 ਰੁਪਏ ਪ੍ਰਤੀ 100 ਕਿਊਸਿਕ ਵੱਖਰੀ ਕਮਾਈ ਕਰਦਾ ਹੈ।
ਦੇਸ਼ ਵਿੱਚ ਜਦੋਂ ਵੀ ਕੋਈ ਨਵਾਂ ਸੂਬਾ ਬਣਦਾ ਹੈ ਤਾਂ ਉਸ ਦਾ ਨਵਾਂ ਪੁਨਰਗਠਨ ਐਕਟ ਸੰਸਦ ਪਾਸ ਕਰਦੀ ਹੈ ਤੇ ਇਸ ਗੱਲ ਦਾ ਹਮੇਸ਼ਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਰਾਜ ਦੇ ਕੁਦਰਤੀ ਸੋਮੇ, ਜੋ ਰਾਜ ਦੇ ਵਿਸ਼ੇ ਹੁੰਦੇ ਹਨ, ਬਿਲਕੁਲ ਪ੍ਰਭਾਵਿਤ ਨਾ ਹੋਣ। ਪਰ ਪੰਜਾਬ ਨਾਲ 1966 ’ਚ ਬਣੇ ਪੁਨਰਗਠਨ ਐਕਟ ਵਿੱਚ ਕੇਂਦਰੀ ਹੁਕਮਰਾਨਾਂ ਨੇ ਧੋਖਾ ਕੀਤਾ ਤੇ ਸਾਡੇ ਆਗੂ ਚੁੱਪ ਰਹੇ। ਸਾਡੇ ਪੁਨਰਗਠਨ ਐਕਟ ਵਿੱਚ ਧਾਰਾ 78 ਪਾ ਕੇ ਸਾਡੇ ਪਾਣੀਆਂ ’ਚ ਦਖ਼ਲ ਦੇਣ ਦਾ ਅਧਿਕਾਰ ਲੈ ਕੇ ਸਾਡੇ ਡੈਮਾਂ ਦੀਆਂ ਜਾਇਦਾਦਾਂ ’ਤੇ ਕਬਜ਼ਾ ਕਰਨ ਦੇ ਅਧਿਕਾਰ ਲੈ ਲਏ। ਧਾਰਾ 79 ਇਸ ਐਕਟ ਵਿੱਚ ਪਾ ਕੇ ਪਹਿਲਾਂ ਭਾਖੜਾ ਪ੍ਰਬੰਧਕੀ ਬੋਰਡ ਤੇ ਕੁਝ ਸਮਾਂ ਬਾਅਦ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਬਣਾ ਲਿਆ। ਇਸੇ ਤਰ੍ਹਾਂ ਧਾਰਾ 80 ਲਿਖ ਕੇ ਪਾਣੀਆਂ ਨੂੰ ਵੰਡਣ ਆਦਿ ਦੇ ਸਾਰੇ ਅਧਿਕਾਰ ਕੇਂਦਰ ਨੇ ਆਪਣੇ ਹੱਥ ਲੈ ਲਏ। ਇਸ ਤਰ੍ਹਾਂ ਕੇਂਦਰ ਸਰਕਾਰ ਨੇ ਪੰਜਾਬ ਨਾਲ ਖਿਲਵਾੜ ਕਰਕੇ ਵੱਖ-ਵੱਖ ਸਮਝੌਤਿਆਂ ਰਾਹੀਂ ਪੰਜਾਬ ਦਾ ਪਾਣੀ ਦਿੱਲੀ, ਰਾਜਸਥਾਨ ਤੇ ਹਰਿਆਣੇ ਨੂੰ ਸਾਰੇ ਕਾਨੂੰਨ ਛਿੱਕੇ ਟੰਗ ਕੇ ਮੁਫ਼ਤ ਵਿੱਚ ਦੇ ਦਿੱਤਾ।
ਸੰਵਿਧਾਨ ਅਨੁਸਾਰ ਪਾਣੀਆਂ ਦੇ ਕਿਸੇ ਵੀ ਸਮਝੌਤੇ ’ਤੇ ਪੰਜਾਬ ਦੇ ਮੁੱਖ ਮੰਤਰੀ ਦੇ ਦਸਤਖ਼ਤ ਹੋਣੇ ਜ਼ਰੂਰੀ ਹਨ ਜਾਂ ਫਿਰ ਉਹ ਪੰਜਾਬ ਵਿਧਾਨ ਸਭਾ ’ਚ ਪਾਸ ਕੀਤਾ ਹੋਵੇ। ਰਾਜੀਵ-ਲੌਂਗੋਵਾਲ ਸਮਝੌਤੇ ਦੀ ਕੋਈ ਕਾਨੂੰਨੀ ਵਾਜਬੀਅਤ ਨਹੀਂ ਹੈ। ਨਾ ਤਾਂ ਪ੍ਰਧਾਨ ਮੰਤਰੀ ਨੂੰ ਪਾਣੀਆਂ ਦੇ ਸਮਝੌਤੇ ’ਤੇ ਦਸਤਖ਼ਤ ਕਰਨ ਦਾ ਕੋਈ ਸੰਵਿਧਾਨਕ ਹੱਕ ਹੈ ਤੇ ਨਾ ਹੀ ਸੰਤ ਲੌਂਗੋਵਾਲ ਪੰਜਾਬ ਦੇ ਮੁੱਖ ਮੰਤਰੀ ਜਾਂ ਚੁਣੇ ਹੋਏ ਨੁਮਾਇੰਦੇ ਸਨ। ਫਿਰ ਵੀ ਪਾਣੀਆਂ ਦੇ ਹਰ ਸਮਝੌਤੇ ’ਤੇ ਪੰਜਾਬ ਵਿਧਾਨ ਸਭਾ ਦੀ ਮਨਜ਼ੂਰੀ ਵੀ ਜ਼ਰੂਰੀ ਹੈ, ਜੋ ਕਦੇ ਵੀ ਨਹੀਂ ਮੰਗੀ ਗਈ। ਸਾਰੇ ਸਮਝੌਤੇ ਗ਼ੈਰ-ਸੰਵਿਧਾਨਕ ਹਨ।
ਸਾਡੀ ਪੰਜਾਬ ਸਰਕਾਰ ਤੋਂ ਮੰਗ ਸੀ ਕਿ ਉਹ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਹੁਣ ਤੱਕ ਹੋਏ ਪਾਣੀਆਂ ਦੇ ਸਮਝੌਤੇ ਰੱਦ ਕਰੇ ਅਤੇ ਉਨ੍ਹਾਂ ’ਤੇ ਪੁਨਰ-ਵਿਚਾਰ ਕਰਨ ਦਾ ਮਤਾ ਪਾਸ ਕਰੇ। ਹਰ ਸਰਕਾਰ ਨੂੰ ਇਹ ਸੰਵਿਧਾਨਕ ਹੱਕ ਹੈ ਕਿ ਉਹ ਕਿਸੇ ਵੀ 25 ਸਾਲ ਪੁਰਾਣੇ ਸਮਝੌਤੇ ਨੂੰ ਰੱਦ ਕਰਕੇ ਪੁਨਰ-ਵਿਚਾਰ ਦਾ ਮਤਾ ਪਾਸ ਕਰ ਸਕਦੀ ਹੈ। ਦੂਜੀ ਮੰਗ ਸੀ ਕਿ ਵਿਧਾਨ ਸਭਾ ’ਚ ਮਤਾ ਪਾਸ ਕਰਕੇ ਪੰਜਾਬ ਪੁਨਰਗਠਨ ਐਕਟ 1966 ਵਿੱਚ ਦਰਜ ਗ਼ੈਰ-ਸੰਵਿਧਾਨਕ ਧਾਰਾ 78, 79 ਤੇ 80 ਰੱਦ ਕਰਕੇ ਇਸ ਨੂੰ ਸੰਸਦ ਵਿੱਚ ਸੋਧ ਲਈ ਭੇਜੇ। ਸਰਕਾਰ ਨੇ ਕੇਵਲ ਧਾਰਾ 78 ਦੇ ਇੱਕ ਸਬ-ਸੈਕਸ਼ਨ ’ਚ ਸੋਧ ਕਰਕੇ ਰੋਪੜ, ਫ਼ਿਰੋਜ਼ਪੁਰ ਤੇ ਹਰੀਕੇ ਹੈੱਡਵਰਕਸ ਦੇ ਕੰਟਰੋਲ ਦੀ ਮੰਗ ਦਾ ਮਤਾ ਹੀ ਪਾਸ ਕੀਤਾ ਹੈ, ਜਦਕਿ ਐੱਸ.ਕੇ.ਐੱਮ. ਨਾਲ ਹੋਏ ਸਮਝੌਤੇ ਅਨੁਸਾਰ ਪਾਣੀਆਂ ਦੇ 25 ਸਾਲ ਤੋਂ ਪੁਰਾਣੇ ਸਾਰੇ ਸਮਝੌਤੇ ਰੱਦ ਕਰਨੇ ਸਨ ਅਤੇ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 78, 79 ਤੇ 80 ਰੱਦ ਕਰਕੇ ਸੰਸਦ ਤੋਂ ਇਸ ਐਕਟ ਵਿੱਚ ਸੋਧ ਕਰਨ ਦੀ ਮੰਗ ਕਰਨੀ ਸੀ। ਜੇ ਪੰਜਾਬ ਸਰਕਾਰ ਇਹ ਦੋ ਮਤੇ ਪਾਸ ਕਰ ਦਿੰਦੀ ਤਾਂ ਸਾਡੀ ਕੇਂਦਰ ਵਿਰੁੱਧ ਲੜਾਈ ਦਾ ਆਧਾਰ ਤਿਆਰ ਹੋ ਜਾਣਾ ਸੀ, ਪਰ ਪੰਜਾਬ ਦੇ ਮੌਜੂਦਾ ਹੁਕਮਰਾਨਾਂ ਨੇ ਕੇਵਲ ਪੰਜਾਬ ਨੂੰ ਪਿੱਠ ਹੀ ਨਹੀਂ ਦਿਖਾਈ, ਸਗੋਂ ਪੰਜਾਬ ਪ੍ਰਤੀ ਗ਼ੈਰ-ਦਿਆਨਤਦਾਰੀ ਦਾ ਸਬੂਤ ਵੀ ਦਿੱਤਾ।
ਅਗਲੀ ਮੰਗ ਡੈਮ ਸੇਫਟੀ ਐਕਟ ਰੱਦ ਕਰਨ ਦਾ ਮਤਾ ਪਾਸ ਕਰਕੇ ਤਾਂ ਮੰਨ ਲਈ, ਪਰ ਬੀਜ ਬਿੱਲ 2025 ਰੱਦ ਕਰਨ ਦਾ ਮਤਾ ਪਾਉਣ ਤੋਂ ਸਾਫ਼ ਮੁੱਕਰ ਗਈ। ਪੰਜਾਬ ’ਚ ਕਮਰਸ਼ੀਅਲ ਬੈਂਕਾਂ ਵਿੱਚ ਕਿਸਾਨਾਂ ਦੇ ਕਰਜ਼ੇ ਦੇ ਨਿਪਟਾਰੇ ਲਈ ‘ਵਨ-ਟਾਈਮ ਸੈਟਲਮੈਂਟ ਸਕੀਮ’ ਲਾਗੂ ਹੈ। ਪੰਜਾਬ ਸਰਕਾਰ ਸਹਿਕਾਰੀ ਬੈਂਕਾਂ ਅਤੇ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਵੀ ਅਜਿਹੀ ਹੀ ਸਕੀਮ ਦਾ ਐਲਾਨ ਕਰਨ ਲਈ ਮੰਨ ਕੇ ਮੁੱਕਰ ਗਈ। ਸਰਕਾਰ ਨੇ ਇਹ ਵੀ ਲਿਖਤੀ ਵਾਅਦਾ ਕੀਤਾ ਸੀ ਕਿ ਉਹ ਗੰਨੇ ਦਾ ਭਾਅ ਦੇਸ਼ ’ਚ ਸਭ ਤੋਂ ਵੱਧ ਮਿਥ ਕੇ, ਕਿਸਾਨਾਂ ਦੀ ਖੰਡ ਮਿੱਲਾਂ ਵੱਲ ਬਕਾਇਆ ਰਕਮ ਤੁਰੰਤ ਅਦਾ ਕਰਨ ਦਾ ਐਲਾਨ ਕਰੇਗੀ ਅਤੇ ਸਹਿਕਾਰੀ ਮਿੱਲਾਂ ਵਾਂਗ ਪ੍ਰਾਈਵੇਟ ਮਿੱਲਾਂ ਵਿੱਚ ਵੀ ‘ਵਨ ਵਿੰਡੋ ਵਨ ਪੇਮੈਂਟ’ ਯੋਜਨਾ ਲਾਗੂ ਕਰੇਗੀ। ਸਰਕਾਰ ਇਸ ਮੰਗ ਨੂੰ ਮੰਨ ਕੇ ਵੀ ਮੁੱਕਰ ਗਈ। ਸਰਕਾਰ ਨੇ ਇਹ ਵੀ ਲਿਖਤੀ ਮੰਨਿਆ ਸੀ ਕਿ ਬਾਕੀ ਮੰਗਾਂ ਲਈ ਸਰਕਾਰ ਇੱਕ ਕਮੇਟੀ ਬਣਾਏਗੀ, ਜਿਸ ’ਚ ਕਿਸਾਨ ਆਗੂ ਤੇ ਉੱਚ ਅਧਿਕਾਰੀ ਸ਼ਾਮਲ ਹੋਣਗੇ।
ਅਫ਼ਸੋਸਨਾਕ ਪਹਿਲੂ ਇਹ ਹੈ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ 6 ਤੇ 7 ਸਤੰਬਰ ਨੂੰ ਦੋ ਦਿਨ ਦੀ ਬਹਿਸ ਮਗਰੋਂ ਕਿਸਾਨਾਂ ਨਾਲ ਲਿਖਤੀ ਸਮਝੌਤਾ ਕੀਤਾ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਇਹ ਸਮਝੌਤਾ ਪੜ੍ਹ ਕੇ ਸੁਣਾਇਆ ਤੇ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ। ਵਿਧਾਨ ਸਭਾ ’ਚ ਇਜਲਾਸ ਦੌਰਾਨ ਵੀ ਇਹ ਸਮਝੌਤਾ ਇੰਨ-ਬਿੰਨ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ ਸੀ, ਪਰ ਹੁਣ ਸਾਫ਼ ਮੁੱਕਰ ਗਏ। ਅਸੀਂ ਇਹ ਮੰਗਾਂ ਨਾ ਛੱਡੀਆਂ ਹਨ ਤੇ ਨਾ ਛੱਡਾਂਗੇ, ਸਗੋਂ ਇਨ੍ਹਾਂ ਲਈ ਹਰ ਸੰਭਵ ਲੜਾਈ ਲੜਾਂਗੇ। ਲੋਕਾਂ ਖ਼ਾਸਕਰ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਦੇਣ ਦਾ ਮਕਸਦ ਹੈ ਕਿ ਇਸ ਵੇਲੇ ਢੁੱਕਵਾਂ ਸਮਾਂ ਹੈ। ਇਹ ਲੋਕ ਤੁਹਾਡੇ ਕੋਲ ਵੋਟਾਂ ਲਈ ਆਉਣਗੇ ਤੇ ਇਨ੍ਹਾਂ ਨੂੰ ਇਸ ਸੰਬੰਧੀ ਸਵਾਲ ਜ਼ਰੂਰ ਕਰੋ। ਇਨ੍ਹਾਂ ਦੀ ਜਵਾਬਦੇਹੀ ਬੇਹੱਦ ਜ਼ਰੂਰੀ ਹੈ।