ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਅੰਮ੍ਰਿਤਸਰ/ਏ.ਟੀ.ਨਿਊਜ਼: ਅੰਮ੍ਰਿਤਸਰ ਦੇ ਬਾਨੀ ਅਤੇ ਸਿੱਖ ਧਰਮ ਦੇ ਚੌਥੇ ਗੁਰੂ, ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਲੰਘੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।  ਪਾਵਨ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਾਦਾਦ ’ਚ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਪਾਵਨ ਦਿਹਾੜੇ ’ਤੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਗੁਰਬਾਣੀ ਦੇ ਇਲਾਹੀ ਕੀਰਤਨ ਤੇ ਗੁਰੂ-ਜਸ ਨਾਲ ਅਧਿਆਤਮਿਕ ਮਾਹੌਲ ਸਿਰਜਿਆ ਗਿਆ। ਇਸ ਸਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ  ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਸੁੰਦਰ ਜਲੌਅ ਸਜਾਏ ਗਏ। ਗੁਰੂ ਘਰ ਦੀ ਮੁੱਖ ਇਮਾਰਤ, ਪੁਲ, ਦਰਸ਼ਨੀ ਡਿਉਢੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਰਿਕਰਮਾ ਸਮੇਤ ਹੋਰ ਥਾਵਾਂ ’ਤੇ ਫੁੱਲਾਂ ਦੀ ਸਜਾਵਟ ਕੀਤੀ ਗਈ। ਸੰਗਤ ਲਈ ਫੁੱਲਾਂ ਦੀ ਸਜਾਵਟ ਖਿੱਚ ਦਾ ਕੇਂਦਰ ਰਹੀ। ਇਸ ਸਬੰਧ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।
ਦੇਰ ਸ਼ਾਮ ਸੰਗਤ ਨੇ ਦੀਪਮਾਲਾ ਕੀਤੀ। ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਅਲੌਕਿਕ ਆਤਿਸ਼ਬਾਜ਼ੀ ਵੀ ਕੀਤੀ ਗਈ ਜੋ ਖਿੱਚ ਦਾ ਕੇਂਦਰ ਬਣੀ, ਆਈ ਸੰਗਤ ਨੇ ਇਹ ਅਲੌਕਿਕ ਦ੍ਰਿਸ਼ ਆਪਣੇ ਮੋਬਾਈਲ ਫੋਨ ’ਚ ਕੈਦ ਕੀਤਾ ਅਤੇ ਦੇਸ਼ ਵਿਦੇਸ਼ ਬੈਠੇ ਆਪਣੇ ਸਾਕ ਸਬੰਧੀਆਂ ਨੂੰ ਭੇਜਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਗੁਰਪੁਰਬ ਮੌਕੇ ਸੰਗਤ ਵਾਸਤੇ ਵਿਸ਼ੇਸ਼ ਪਕਵਾਨ ਤਿਆਰ ਕੀਤੇ ਗਏ ਅਤੇ ਵੱਡੀ ਗਿਣਤੀ ਵਿੱਚ ਸੰਗਤ ਲੰਗਰ ਛਕਣ ਲਈ ਪੁੱਜੀ। ਸ਼ਾਮ ਵੇਲੇ ਰਹਿਰਾਸ ਤੋਂ ਬਾਅਦ ਆਤਿਸ਼ਬਾਜ਼ੀ ਚਲਾਈ ਗਈ। ਗੁਰੂ ਘਰ ਦੀ ਇਮਾਰਤ ’ਤੇ ਦੀਪਮਾਲਾ ਵੀ ਕੀਤੀ ਗਈ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।

ਪਾਕਿਸਤਾਨੀ ਸ਼ਰਧਾਲੂਆਂ ਵੱਲੋਂ ਸਮਾਗਮ ’ਚ ਸ਼ਮੂਲੀਅਤ

ਪਾਕਿਸਤਾਨੀ ਸਿੱਖਾਂ ਦੇ 49 ਮੈਂਬਰੀ ਜਥੇ ਨੇ ਸੱਚਖੰਡ ਦਰਬਾਰ ਸਾਹਿਬ ਸਮੂਹ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵੀ ਮੁਲਾਕਾਤ ਕੀਤੀ। ਭਾਰਤ ਸਥਿਤ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਲਈ ਆਇਆ ਇਹ ਜੱਥਾ ਦੇਰ ਰਾਤ ਨੂੰ ਅੰਮ੍ਰਿਤਸਰ ਪੁੱਜਾ ਸੀ, ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਜਥੇ ਦਾ ਸਵਾਗਤ ਕੀਤਾ।  ਪਾਕਿਸਤਾਨੀ ਸ਼ਰਧਾਲੂਆਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਥੇ ਦੇ ਮੈਂਬਰਾਂ ਨੇ ਗੁਰੂ ਘਰ ਵਿੱਚ ‘ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ। ਉਨ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ’ਚ ਚੱਲ ਰਹੇ ਗੁਰਬਾਣੀ ਕੀਰਤਨ ਵਿੱਚ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਤੋਂ ਆਈ ਸੰਗਤ ਦਾ ਸਨਮਾਨ ਕੀਤਾ ਗਿਆ।