ਸਿਆਸੀ ਦਖ਼ਲਅੰਦਾਜ਼ੀ ਕਾਰਨ ਡੇਰਾ ਸੱਚਖੰਡ ਬੱਲਾਂ ’ਚ ਵਿਵਾਦ ਵਧਿਆ
ਜਲੰਧਰ/ਏ.ਟੀ.ਨਿਊਜ਼ : ਜਲੰਧਰ ਦੇ ਨੇੜੇ ਸਥਿਤ ਡੇਰਾ ਸੱਚਖੰਡ ਬੱਲਾਂ ਇਸ ਸਮੇਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਸ ਵਿਵਾਦ ਦਾ ਮੁੱਖ ਕਾਰਨ ਡੇਰੇ ਵਿੱਚ ਵੱਧਦੀਆਂ ਜਾ ਰਹੀਆਂ ਸਿਆਸੀ ਦਖ਼ਲਅੰਦਾਜ਼ੀਆਂ ਹਨ। ਇਸ ਡੇਰੇ ਵਿੱਚ ਦੋ ਮੁੱਖ ਧੜੇ ਹਨ, ਜਿਹਨਾਂ ਵਿਚੋਂ ਇੱਕ ਧੜਾ ਭਾਜਪਾ ਦੇ ਨੇੜੇ ਹੈ, ਜਦੋਂਕਿ ਦੂਜਾ ਧੜਾ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਹੈ। ਇਸ ਕਾਰਨ ਦੋਵਾਂ ਧੜਿਆਂ ਵਿੱਚ ਅਕਸਰ ਤਨਾਓ ਪੈਦਾ ਹੋ ਜਾਂਦਾ ਹੈ। ਇਸ ਸਮੇਂ ਵੀ ਡੇਰਾ ਸੱਚਖੰਡ ਬੱਲਾਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਭਾਜਪਾ ਦੀ ਪ੍ਰਸਤਾਵਿਤ ‘ਸਮਰਸਤਾ ਸੰਕਲਪ ਯਾਤਰਾ’ ਨੂੰ ਡੇਰੇ ਤੋਂ ਹਰੀ ਝੰਡੀ ਦਿਵਾਉਣ ਦੀ ਕੋਸ਼ਿਸ਼ ਨੇ ‘ਆਪ’ ਅਤੇ ਭਾਜਪਾ ਪੱਖੀ ਧੜਿਆਂ ਵਿਚਾਲੇ ਟਕਰਾਅ ਤੇਜ਼ ਕਰ ਦਿੱਤਾ ਹੈ। ਇੱਕ ਪਾਸੇ ਭਾਜਪਾ ਸਮਰਥਕ ਡੇਰੇ ਦੀ ਨੇੜਤਾ ਨੂੰ ਸਿਆਸੀ ਤਾਕਤ ਵਜੋਂ ਪੇਸ਼ ਕਰਨਾ ਚਾਹੁੰਦੇ ਹਨ, ਦੂਜੇ ਪਾਸੇ ‘ਆਪ’ ਸਮਰਥਕ ਇਸ ਨੂੰ ਧਾਰਮਿਕ ਸੰਸਥਾ ਦਾ ਸਿਆਸੀਕਰਨ ਕਰਾਰ ਦੇ ਰਹੇ ਹਨ। ਸੰਤ ਨਿਰੰਜਣ ਦਾਸ ਤੱਕ ਪਹੁੰਚ ਅਤੇ ਡੇਰੇ ਦੇ ਪ੍ਰਬੰਧਨ ਨੂੰ ਲੈ ਕੇ ਉੱਠੇ ਸਵਾਲਾਂ ਨੇ ਵਿਵਾਦ ਨੂੰ ਹੋਰ ਭਖਾ ਦਿੱਤਾ ਹੈ। ਸਵਾਲ ਇਹ ਹੈ ਕਿ ਸ਼ਰਧਾ ਦੇ ਕੇਂਦਰਾਂ ਨੂੰ ਸਿਆਸੀ ਪਾਰਟੀਆਂ ਆਪਣੀ ਤਾਕਤ ਦਿਖਾਉਣ ਦਾ ਅਖਾੜਾ ਕਿਉਂ ਬਣਾਉਣਾ ਚਾਹੁੰਦੀਆਂ ਹਨ?











Comments (0)