ਨਿਊਜ਼ੀਲੈਂਡ ਨੇ ਕੋਰੋਨਾ 'ਤੇ ਜਿੱਤ ਦਾ ਐਲਾਨ ਕੀਤਾ

ਨਿਊਜ਼ੀਲੈਂਡ ਨੇ ਕੋਰੋਨਾ 'ਤੇ ਜਿੱਤ ਦਾ ਐਲਾਨ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਦੀ ਅਗਵਾਈ ਵਿਚ ਨਿਊਜ਼ੀਲੈਂਡ ਨੇ ਕੋਰੋਨਾਵਾਇਰਸ ਮਹਾਂਮਾਰੀ 'ਤੇ ਜਿੱਤ ਦਾ ਐਲਾਨ ਕਰਦਿਆਂ ਦੇਸ਼ ਵਿਚੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਸਿਰਫ ਵਿਦੇਸ਼ੀ ਦਾਖਲੇ ਸਬੰਧੀ ਪਾਬੰਦੀਆਂ ਲਾਗੂ ਰੱਖਣ ਦੀ ਗੱਲ ਕਹੀ ਗਈ ਹੈ। ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦੀ ਆਖਰੀ ਮਰੀਜ਼ ਬੀਬੀ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਹੈ। 

ਪ੍ਰਧਾਨ ਮੰਤਰੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਦੇ ਲੋਕਾਂ ਨੇ ਮਿਲ ਕੇ ਇਸ ਵਾਇਰਸ ਨੂੰ ਹਰਾਇਆ ਹੈ। ਉਹਨਾਂ ਕਿਹਾ ਕਿ ਹੁਣ ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦਾ ਇਕ ਵੀ ਕੇਸ ਨਹੀਂ ਹੈ।

ਦੱਸ ਦਈਏ ਕਿ ਨਿਊਜ਼ੀਲੈਂਡ ਨੇ ਕੋਰੋਨਾਵਾਇਰਸ ਦੇ 200 ਦੇ ਕਰੀਬ ਮਾਮਲੇ ਸਾਹਮਣੇ ਆਉਣ ਮਗਰੋਂ 25 ਮਾਰਚ ਨੂੰ ਚਾਰ ਹਫਤਿਆਂ ਦੇ ਸਖਤ ਲਾਕਡਾਊਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੌਲੀ ਹੌਲੀ ਲਾਕਡਾਊਨ ਨਰਮ ਕੀਤਾ ਗਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਨਾਲ ਨਿਊਜ਼ੀਲੈਂਡ ਨੇ ਕੋਰੋਨਾਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਵਾਰ ਅੱਧੀ ਰਾਤ ਤੋਂ ਨਿਊਜ਼ੀਲੈਂਡ ਦੇ ਲੋਕਾਂ ਲਈ ਜ਼ਿੰਦਗੀ ਫੇਰ ਪਹਿਲਾਂ ਵਾਂਗ ਹੋ ਜਾਵੇਗੀ ਜਦੋਂ ਕੋਰੋਨਾਵਾਇਰਸ ਨਹੀਂ ਸੀ। 

ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਨਾਲ ਸਿਰਫ 22 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਨਿਊਜ਼ੀਲੈਂਡ ਵਿਚ ਦਾਖਲੇ 'ਤੇ ਪਾਬੰਦੀਆਂ ਅਜੇ ਜਾਰੀ ਰਹਿਣਗੀਆਂ ਤੇ ਸਿਰਫ ਨਿਊਜ਼ੀਲੈਂਡ ਦੇ ਸ਼ਹਿਰੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਵਿਦੇਸ਼ਾਂ ਤੋਂ ਨਿਊਜ਼ੀਲੈਂਡ ਆ ਸਕਦੇ ਹਨ ਤੇ ਉਹਨਾਂ ਨੂੰ ਵੀ 14 ਦਿਨ ਸਰਕਾਰ ਵੱਲੋਂ ਸਥਾਪਤ ਇਕਾਂਤਵਾਸ ਕੇਂਦਰ ਵਿਚ ਰਹਿਣਾ ਪਵੇਗਾ।

ਉਹਨਾਂ ਕਿਹਾ ਕਿ ਅਜੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਕੋਰੋਨਾਵਾਇਰਸ ਦੇ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ। ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ।