ਦੁਨੀਆ ਨੇ ਭਾਰਤੀ ਕਲਾਕਾਰਾਂ ਨੂੰ 'ਪਖੰਡੀ' ਕਿਉਂ ਕਿਹਾ?

ਦੁਨੀਆ ਨੇ ਭਾਰਤੀ ਕਲਾਕਾਰਾਂ ਨੂੰ 'ਪਖੰਡੀ' ਕਿਉਂ ਕਿਹਾ?
ਪ੍ਰਿਯੰਕਾ ਚੋਪੜਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਵਿਚ ਕਾਲੇ ਰੰਗ ਦੇ ਨੌਜਵਾਨ ਨੂੰ ਪੁਲਸ ਮੁਲਾਜ਼ਮਾਂ ਵੱਲੋਂ ਕਤਲ ਕਰਨ ਮਗਰੋਂ ਵਿਸ਼ਵ ਵਿਆਪੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਜਿਹਨਾਂ ਵਿਚ ਲੋਕ ਨਸਲੀ ਹਿੰਸਾ ਦਾ ਵਿਰੋਧ ਕਰਦਿਆਂ ਸੜਕਾਂ 'ਤੇ ਆਏ ਹੋਏ ਹਨ। ਭਾਰਤੀ ਫਿਲਮ ਇੰਡਸਟਰੀ ਨਾਲ ਜੁੜੇ ਕੁੱਝ ਲੋਕਾਂ ਵੱਲੋਂ ਵੀ ਇਸ ਨਸਲਵਾਦ ਵਿਰੋਧੀ ਲਹਿਰ ਦਾ ਸਮਰਥਨ ਕੀਤਾ ਗਿਆ। ਪਰ ਲੋਕ ਇਹਨਾਂ ਭਾਰਤੀ ਕਲਾਕਾਰਾਂ ਨੂੰ "ਹੀਪੋਕਰਾਈਟਸ" ਕਹਿ ਰਹੇ ਹਨ, ਜਿਸਦਾ ਪੰਜਾਬੀ ਅਰਥ "ਪਖੰਡੀ" ਬਣਦਾ ਹੈ। 

ਭਾਰਤੀ ਕਲਾਕਾਰਾਂ ਨੂੰ 'ਹੀਪੋਕਰੇਟਸ' ਕਿਉਂ ਕਿਹਾ ਜਾ ਰਿਹਾ ਹੈ?
ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕਾਲੇ ਨੌਜਵਾਨ ਦੇ ਕਤਲ 'ਤੇ ਬੋਲਣ ਵਾਲੇ ਇਹ ਕਲਾਕਾਰ ਭਾਰਤ ਵਿਚ ਰੋਜ਼ ਘੱਟਗਿਣਤੀਆਂ 'ਤੇ ਹੁੰਦੇ ਕਤਲਾਂ ਬਾਰੇ ਡਰਪੋਕਾਂ ਵਾਲੀ ਚੁੱਪ ਧਾਰ ਰੱਖਦੇ ਹਨ। 

ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਵੱਲੋਂ ਜਦੋਂ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਕਿਹਾ ਗਿਆ ਕਿ ਸਿਰਫ ਚਮੜੀ ਦੇ ਰੰਗ ਕਰਕੇ ਕਿਸੇ ਦਾ ਕਤਲ ਨਹੀਂ ਹੋਣਾ ਚਾਹੀਦਾ ਤਾਂ ਲੋਕਾਂ ਨੇ ਉਸ ਨੂੰ ਜਵਾਬ ਦਿੰਦਿਆਂ ਟਿੱਪਣੀਆਂ ਕੀਤੀਆਂ ਕਿ ਉਹ ਖੁਦ ਚਮੜੀ ਨੂੰ ਚਿੱਟਾ ਬਣਾਉਣ ਦੀਆਂ ਮਸ਼ਹੂਰੀਆਂ ਕਰਦੀ ਹੈ। 

ਪ੍ਰਿਯੰਕਾ ਚੋਪੜਾ ਵੱਲੋਂ ਪੰਜਾਬ ਵਿਚ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲ ਕਰਾਉਣ ਵਾਲੇ ਸਾਬਕਾ ਪੁਲਸ ਮੁਖੀ ਕੇਪੀਐਸ ਗਿੱਲ ਨੂੰ ਉਸਦੀ ਮੌਤ 'ਤੇ ਉਸਦੀਆਂ ਤਰੀਫਾਂ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਸੀ। ਲੋਕਾਂ ਨੇ ਪ੍ਰਿਯੰਕਾ ਨੂੰ ਯਾਦ ਕਰਾਇਆ ਕਿ ਜਿਸ ਕੇਪੀਐਸ ਗਿੱਲ ਦੀਆਂ ਉਹ ਤਰੀਫਾਂ ਕਰਦੀ ਸੀ, ਉਸਨੂੰ 'ਪੰਜਾਬ ਦਾ ਬੁੱਚੜ' ਕਿਹਾ ਜਾਂਦਾ ਹੈ। 

ਲੋਕਾਂ ਨੇ ਕਿਹਾ ਕਿ ਪ੍ਰਿਯੰਕਾ ਚੋਪੜਾ ਜੇ ਰੰਗ ਅਧਾਰਤ ਨਸਲਵਾਦ ਦਾ ਵਿਰੋਧ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਉਸ ਨੂੰ ਚਮੜੀ ਚਿੱਟੀ ਕਰਨ ਦੇ ਪਦਾਰਥਾਂ ਦੀਆਂ ਮਸ਼ਹੂਰੀਆਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।

ਇਸੇ ਤਰ੍ਹਾਂ ਭਾਰਤੀ ਅਦਾਕਾਰਾ ਸੋਨਮ ਕਪੂਰ, ਦੀਪਿਕਾ ਪਾਦੂਕੋਨ ਅਤੇ ਦਿਸ਼ਾ ਪਤਾਨੀ ਦੀ ਵੀ ਸੋਸ਼ਲ ਮੀਡੀਆ 'ਤੇ ਕਾਫੀ ਨਿੰਦਾ ਹੋਈ। ਇਹ ਅਦਾਕਾਰਾਂ ਵੀ ਚਮੜੀ ਚਿੱਟੀ ਕਰਨ ਦੇ ਪਦਾਰਥਾਂ ਦੀਆਂ ਮਸ਼ਹੂਰੀਆਂ ਨਾਲ ਜੁੜੀਆਂ ਰਹੀਆਂ ਹਨ।