ਜਿੱਤ ਦਾ ਪ੍ਰਚੰਡ ਰੂਪ ਜ਼ਫ਼ਰਨਾਮਾ ਸਿੱਖ ਇਨਕਲਾਬ ਦਾ ਮਹਾਨ ਦਸਤਾਵੇਜ਼

ਜਿੱਤ ਦਾ ਪ੍ਰਚੰਡ ਰੂਪ ਜ਼ਫ਼ਰਨਾਮਾ ਸਿੱਖ ਇਨਕਲਾਬ ਦਾ ਮਹਾਨ ਦਸਤਾਵੇਜ਼

ਤਾਰਿਕ ਕਿਫ਼ਾਇਤਉਲਾ

ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਫ਼ਾਰਸੀ ਰਚਨਾ ਹੈ। ਜ਼ਫ਼ਰ ਦਾ ਅਰਥ ਹੈ ਜਿੱਤ, ਕਾਮਯਾਬੀ, ਤਕਮੀਨ ਅਤੇ ਨਾਮਾ ਦਾ ਅਰਥ ਹੈ ਲਿਖਤ, ਕਿਰਤ, ਚਿੱਠੀ, ਪੱਤਰ, ਪੁਸਤਕ ਆਦਿ। ‘ਜ਼ਫ਼ਰਨਾਮਾ’ ਦਾ ਜਿਹੜਾ ਪਾਠ ‘ਦਸ਼ਮ ਗ੍ਰੰਥ’ ਵਿਚ ਦਰਜ ਹੈ, ਉਸ ਵਿਚ ਕੇਵਲ 111 ਤੋਂ 115 ਬੈਂਤ ਜਾਂ ਸ਼ਿਅਰ ਸ਼ਾਮਲ ਹਨ। ਕੁਝ ਖੋਜੀਆਂ ਦਾ ਵਿਚਾਰ ਹੈ ਕਿ ਇਹ ‘ਜ਼ਫ਼ਰਨਾਮਾ’ ਦਾ ਸੰਪੂਰਨ ਪਾਠ ਨਹੀਂ ਹੈ, ਸਗੋਂ ਜ਼ਫ਼ਰਨਾਮਾ ਦੇ ਮੂਲ ਪਾਠ ਦਾ ਕੇਵਲ ਇਕ ਭਾਗ ਹੈ। ‘ਜ਼ਫ਼ਰਨਾਮਾ’ ਦੇ ਸਿਰਲੇਖ ਅਧੀਨ ਛਪੀਆਂ ਪੁਸਤਕਾਂ ਵਿਚ ਅਕਸਰ 861-867 ਸ਼ਿਅਰ ਮਿਲਦੇ ਹਨ। ਕਿਸੇ ਵੀ ਉਪਲਬਧ ਪ੍ਰਕਾਸ਼ਨ ਵਿਚ ਸ਼ਿਅਰਾਂ ਦੀ ਗਿਣਤੀ 904 ਤੋਂ ਵੱਧ ਨਹੀਂ ਹੈ। ‘ਦਸਮ ਗ੍ਰੰਥ’ ਵਿਚ ਸ਼ਾਮਲ ਸ਼ਿਅਰਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਮਜ਼ਮੂਨ ਦੇ ਲਿਹਾਜ਼ ਨਾਲ ਲੜੀ ਵਿਚ ਜ਼ਰੂਰ ਕਿਤੇ ਵਿਘਨ ਪਿਆ ਹੈ। ਸਾਰੇ ਸ਼ਿਅਰ ਆਪਣੀ ਅਸਲੀ ਤਰਤੀਬ ਤੇ ਸਰੂਪ ਵਿਚ ਉਪਲੱਬਧ ਹੋ ਸਕਦੇ ਹਨ ਤਾਂ ਗੁਰੂ ਸਾਹਿਬ ਦੇ ਕਾਵਿ ਕੋਸ਼ਲ ਦਾ ਮੁਨੱਵਰ ਜਲਵਾ ਤੇ ਰਯਾਤੀਅਤਾ ਕਰਨ ਵਾਲੇ ਜਜ਼ਬਾਤ ਦਾ ਪ੍ਰਗਟਾਵਾ ਆਪਣੇ ਪੂਰੇ ਸ਼ਬਾਬ ਤੇ ਵੇਖਣ ਨੂੰ ਮਿਲਦਾ। ਇਹ ਫਾਰਸੀ ਸਾਹਿਤ ਦਾ ਇਕ ਨਿਵੇਕਲਾ ਨਮੂਨਾ ਹੋਣਾ ਸੀ। ਇਸ ਦਾ ਕੁੱਝ ਅੰਦਾਜ਼ਾ ਉਨ੍ਹਾਂ ਰਕਾਯਤਾਂ ਦੇ ਸ਼ਿਅਰਾਂ ਤੋਂ ਲਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਕਈ ਪ੍ਰਕਾਸ਼ਕਾਂ ਵੱਲੋਂ ‘ਜ਼ਫ਼ਰਨਾਮਾ’ ਦੇ ਹਿੱਸੇ ਵਜੋਂ ਹੀ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਪੁਰਾਤਨ ਬੀੜਾਂ ਵਿਚ ਇਹ ‘ਜ਼ਫ਼ਰਨਾਮਾ’ ਤੋਂ ਪਿਛੋਂ ਸ਼ਾਮਲ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਦਾ ਵਿਸ਼ਾ ‘ਜ਼ਫ਼ਰਨਾਮਾ’ ਤੋਂ ਵੱਖਰਾ ਹੈ। 
ਇਨ੍ਹਾਂ ਨੂੰ ਇਕੱਠਿਆਂ ਕਰਨ ਦਾ ਕਾਰਨ ਇਹ ਜਾਪਦਾ ਹੈ ਕਿ ਸਾਰੇ ਫ਼ਾਰਸੀ ਕਲਾਮ ਨੂੰ ਸੁਰੱੀਅਤ ਕਰ ਲਿਆ ਜਾਵੇ। ਫਿਰ ਇਨ੍ਹਾਂ ਸਭ ਦੀ ਬਹਿਰ ‘ਮੁਰਕਾਰਿਬ ਮੁਸੱਮਨ ਮਹਿਜੂਫ਼ (ਮਕਸੂਰ)’ ਅਰਥਾਤ ਫਊਲਨ ਫਊਲਨ ਫਊਲਨ ਫਊਲ ਹੈ, ਉਹੀ ਬਹਿਰ ਜਿਸ ਵਿਚ ਫਾਰਸੀ ਦੀਆਂ ਸ਼ਾਹਨਾਮਾ-ਏ-ਫਿਰਦੋਸੀ ਵਰਗੀਆਂ ਪ੍ਰਸਿੱਧ ਰਜ਼ਮੀਆਂ ਮਸਨਵੀਆਂ ਲਿਖੀਆਂ ਗਈਆਂ ਹਨ। ਇਨ੍ਹਾਂ ਦੇ ਕਥਾ ਪੱਖ ਨੂੰ ਛੱਡ ਕੇ ਇਨ੍ਹਾਂ ਦਾ ਜੋਸ਼, ਇਨ੍ਹਾਂ ਦਾ ਵਲਵਲਾ, ਇਨ੍ਹਾਂ ਦੀ ਕਾਟ, ਇਨ੍ਹਾਂ ਦੀ ਤੜਪ, ਹਰੇਕ ਜਜ਼ਬਾ ਸੀਨੇ ਵਿਚ ਅੱਗ ਬਾਲਦਾ ਨਜ਼ਰ ਆਉਂਦਾ ਹੈ। ਜਾਪਦਾ ਹੈ ਕਿ ‘ਦਸਮ ਗ੍ਰੰਥ’ ਵਿਚ ਸ਼ਾਮਲ ਜ਼ਫਰਨਾਮਾ ਉਹੀ ਸ਼ਾਮਲ ਕੀਤਾ ਹੈ, ਜਿਸ ਦੀ ਪ੍ਰਮਾਣਿਕਤਾ ਨਿਸ਼ਚਿਤ ਹੈ। ਭਾਵੇਂ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ‘ਜ਼ਫ਼ਰਨਾਮਾ’ ਇਕ ਪੱਤਰ ਨਾ ਹੋ ਕੇ ਇਕ ਮਸਨਵੀਂ ਦੇ ਰੂਪ ਵਿਚ ਲਿਖਿਆ ਗਿਆ ਸੀ। 
ਇਸੇ ਲਈ ਇਸ ਵਿਚ ਮਸਨਵੀ ਦੀ ਪਰੰਪਰਾ ਨੂੰ ਸਨਮੁੱਖ ਰਖਿਆ ਗਿਆ ਹੈ। ਪਰ ਸਾਡੇ ਵਿਚਾਰ ਅਨੁਸਾਰ ਫ਼ਾਰਸੀ ਵਿਚ ਪੱਤਰ ਲਿਖਣ ਲਈ ਵੀ ਕਈ ਰਵਾਇਤਾਂ ਨੂੰ ਸਾਹਮਣੇ ਰੱਖਿਆ ਜਾਂਦਾ ਸੀ। ਇਸ ਵਿਚ ਵੀ ਹਮਦ, ਮੁਨਾਮਾਤ, ਨਾਅਤ ਆਦਿ ਦੇ ਸ਼ਿਅਰ ਉਸੇ ਤਰ੍ਹਾਂ ਸ਼ੁਰੂ ਵਿਚ ਆਉਂਦੇ ਸਨ ਜਿਵੇਂ ਕਿ ਮਸਨਵੀ ਵਿਚ ਰੱਖੇ ਜਾਂਦੇ ਸਨ। ‘ਜ਼ਫ਼ਰਨਾਮਾ’ ਜੇ ਹਮਦ ਨਾਲ ਸ਼ੁਰੂ ਹੋਇਆ ਹੈ ਅਤੇ ਇਸ ਵਿਚ ਨਾਅਤ ਦੇ ਸ਼ਿਅਰ ਵੀ ਹਨ ਤਾਂ ਇਸ ਤੋਂ ਇਸ ਗੱਲ ਸਾਬਿਤ ਹੁੰਦੀ ਕਿ ਇਸ ਨੂੰ ਪੱਤਰ ਰੂਪ ਵਿਚ ਨਹੀਂ, ਮਸਨਵੀਂ ਰੂਪ ਵਿਚ ਰਚਿਆ ਗਿਆ ਸੀ। ਫਿਰ ਇਹ ਵੀ ਕੋਈ ਪਾਬੰਦੀ ਨਹੀਂ ਕਿ ਪੱਤਰ ਲਈ ਮਸਨਵੀਂ ਦਾ ਕਾਵਿ-ਰੂਪ ਵਰਤਿਆ ਨਹੀਂ ਜਾ ਸਕਦਾ।
‘ਜ਼ਫ਼ਰਨਾਮਾ’ ਜਿਵੇਂ ਕਿ ਸਿਰਨਾਵਾਂ ਦੱਸਦਾ ਹੈ ਕਿ ਜਿੱਤ ਦਾ ਪ੍ਰਤੀਕ ਹੈ। ਇਹ ਜਿੱਤ ਗੁਰੂ ਸਾਹਿਬ ਨੂੰ ਕਿਵੇਂ ਅਤੇ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਦੇ ਸਿੱਟੇ ਵਿਚ ਪ੍ਰਾਪਤ ਹੋਈ, ਇਸ ਜਿੱਤ ਲਈ ਗੁਰੂ ਸਾਹਿਬ ਦੇ ਕਿਹੜੇ ਚਹੇਤੇ ਸ਼ਹੀਦ ਹੋਏ, ਕਿਹੜੇ ਵੈਰੀ ਫ਼ਨ੍ਹਾ ਹੋਏ, ਇਹ ਸਭ ਇਤਿਹਾਸ ਵਿਚ ਅੰਕਿਤ ਹੈ ਅਤੇ ਅਸੀਂ ਸਾਰੇ ਉਸ ਤੋਂ ਭਲੀ ਭਾਂਤ ਜਾਣੂ ਹਾਂ। ਔਰੰਗਜੇਬ, ਜਿਸ ਨੂੰ ਇਸ ‘ਜ਼ਫਰਨਾਮੇ’ ਰਾਹੀ ਸੰਬੋਧਿਤ ਕੀਤਾ ਗਿਆ ਸੀ ਕਿਵੇਂ ਮਾਨਿਸਕ ਤੌਰ ’ਤੇ ਪ੍ਰੇਸ਼ਾਨੀ ਦਾ ਸ਼ਿਕਾਰ ਹੋਇਆ, ਉਸ ਦੀ ਵਿਸ਼ਾਲ ਸਲਤਨਤ (ਮੁਗ਼ਲ ਰਾਜ) ਦੀ ਕੀ ਬੁਰੀ ਹਾਲਤ ਹੋਈ ਇਹ ਵੀ ਦੁਨੀਆਂ ਵੇਖ ਚੁੱਕੀ ਹੈ। ਇਸ ਤਾਰੀਖ਼ੀ ਪੱਖ ਨੂੰ ਛੱਡਦਿਆਂ ਅਸੀਂ ਤਾਂ ‘ਜ਼ਫ਼ਰਨਾਮਾ’ ਦੇ ਰੂਹਾਨੀ ਪੱਖ ’ਤੇ ਝਾਤ ਮਾਰਨੀ ਚਾਹੁੰਦੇ ਹਾਂ ਅਤੇ ਇਹ ਵੇਖਣਾ ਚਾਹੁੰਦੇ ਹਾਂ ਕਿ ਕੀ ‘ਜ਼ਫਰਨਾਮਾ’ ਇਸ ਪੱਖੋਂ ਵੀ ਆਪਣੇ ਸਿਰਨਾਵੇਂ ਅਨੁਸਾਰ ਵਾਕਈ ਜਿੱਤ ਦਾ ਰੂਪ ਹੈ।
ਹਾਰ ਅਤੇ ਜਿੱਤ ਦੋ ਪ੍ਰਕਾਰ ਦੀ ਹੁੰਦੀ ਹੈ। ਆਮ ਲੋਕ ਫ਼ੌਜਾਂ ਤੇ ਹਥਿਆਰਾਂ ਦੇ ਬਲਬੂਤੇ ਹਾਸਲ ਕੀਤੇ ਭੁਇ ਦੇ ਟੁੱਕੜੇ ਜਾਂ ਵੈਰੀ ਕੋਲੋਂ ਗਏ ਮਾਲ ਨੂੰ ਹੀ ਜਿੱਤ ਸਮਝਦੇ ਹਨ, ਪਰ ਇਹ ਜਿੱਤ ਕੇਵਲ ਜ਼ਾਹਰੀ ਤੇ ਆਰਜ਼ੀ ਹੁੰਦੀ ਹੈ। ਇਹ ਜਿੱਤ ਤਬਾਹੀ, ਬਰਬਾਦੀ ਅਤੇ ਨਫਰਤ ਲਿਆਉਂਦੀ ਹੈ। ਇਸ ਜਿੱਤ ਨਾਲ ਲੋਕਾਂ ਦੇ ਸ਼ਰੀਰਾਂ ਨੂੰ ਆਪਣੇ ਅਧੀਨ ਕਰਕੇ ਉਨ੍ਹਾਂ ’ਤੇ ਰਾਜ ਖਤਿ ਜਾ ਸਕਦਾ ਹੈ, ਪਰ ਉਹਨਾਂ ਦੇ ਮਨਾਂ ਉ¤ਤੇ ਜੇਤੂ ਦਾ ਕੋਈ ਵੱਸ ਨਹੀਂ ਹੁੰਦਾ। ਇਸ ਦੇ ਮੁਕਾਬਲੇ ਵਿਚ ਦੂਜੀ ਤਰ੍ਹਾਂ ਦੀ ਜਿੱਤ ਰੂਹਾਨੀ ਹੈ, ਜਿਸ ਵਿਚ ਮਨਾਂ ਨੂੰ ਜਿੱਤਿਆ ਜਾਂਦਾ ਹੈ। 
ਇਸ ਜਿੱਤ ਦਾ ਪ੍ਰਭਾਵ ਕਿਤੇ ਲਮੇਰਾ ਹੁੰਦਾ ਹੈ। ਇਹ ਜਿੱਤ ਹੀ ਅਸਲ ਜਿੱਤ ਹੈ ਅਤੇ ਇਸ ਦੇ ਹਥਿਆਰ ਈਮਾਨ, ਅਖ਼ਲਾਕ, ਖੁਦਾ-ਪ੍ਰਸਤੀ ਤੇ ਨਿਮਰਤਾ ਭਾਵ ਆਦਿ ਹੁੰਦੇ ਹਨ। ਇਸ ਜਿੱਤ ਦੇ ਸਿੱਟੇ ਵਜੋਂ ਪਿਆਰ ਮੁਹੱਬਤ ਅਤੇ ਭਾਈਚਾਰੇ ਦੀ ਫਸਲ ਪੁੰਗਰਦੀ ਹੈ। ‘ਜ਼ਫ਼ਰਨਾਮਾ’ ਪਹਿਲੀ ਤਰ੍ਹਾਂ ਦੀ ਜਿੱਤ ਦਾ ਸੂਚਕ ਹੈ ਜਾਂ ਨਹੀਂ? ਇਹ ਗੱਲ ਬਾਅਦ ਦੀ ਹੈ, ਪਰ ਨਿਰਸੰਦੇਹ ਇਹ ਦੂਜੀ ਪ੍ਰਕਾਰ ਦੀ ਜਿੱਤ ਦਾ ਪ੍ਰਤੀਕ ਜ਼ਰੂਰ ਹੈ ਇਹ ਧਰਮ ਤੇ ਮਨੁੱਖਤਾ ਦੇ ਉ¤ਤੇ ਆਦਰਸ਼ਾਂ ਦਾ ਅਲਮਬਰਦਾਰ ਹੈ ਅਤੇ ਉਨ੍ਹਾਂ ਦੀ ਪਾਲਨਾ ਕਰਨ ਲਈ ਪ੍ਰੇਰਦਾ ਹੈ। ‘ਜ਼ਫ਼ਰਨਾਮਾ’ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਧਰਮ ਦੀ ਪਾਲਨਾ ਇਕ ਸ਼ਹਿਨਸ਼ਾਹ ਲਈ ਵੀ ਉ¤ਨੀ ਹੀ ਜ਼ਰੂਰੀ ਹੈ ਜਿੰਨੀ ਇਕ ਸਾਧਾਰਨ ਮਨੁੱਖ ਲਈ, ਸਗੋਂ ਇਕ ਸ਼ਾਸ਼ਕ ਲਈ ਤਾਂ ਧਰਮ ਦਾ ਪਾਲਣ ਵਧੇਰੇ ਜ਼ਰੂਰੀ ਹੈ ਕਿਉਂ ਜੋ ‘ਯਥਾ ਰਾਜਾ ਤਥਾ ਪਰਜਾ’ ਅਤੇ ‘ਐਨਾਸੁਅਲਾ ਦੀਨਿ ਮਲੂਕਿਹੁਮਾ’ (ਪਰਜਾ ਉਸੇ ਧਰਮ ਨੂੰ ਅਪਣਾਉਂਦੀ ਹੈ ਜਿਹੜਾ ਰਾਜੇ ਦਾ ਹੁੰਦਾ ਹੈ) ਅਨੁਸਾਰ ਕਿਸੇ ਸ਼ਾਸ਼ਕ ਦਾ ਕੋਈ ਕਸਬ, ਜਾਤੀ ਜਾਂ ਵਿਅਕਤੀਗਤ ਨਹੀਂ ਰਹਿੰਦਾ ਸਗੋਂ ਸਮੂਹਕ ਹੋ ਜਾਂਦਾ ਹੈ ਅਤੇ ਇਸੇ ਕਾਰਨ ਜੇ ਰਾਜੇ ਨੂੰ ਵੇਖ ਕੇ ਪਰਜਾ ਵਿਗੜਦੀ ਹੈ ਤਾਂ ਉਸ ਦਾ ਗੁਨਹਾਗਾਰ ਵੀ ਰਾਜਾ ਹੀ ਹੁੰਦਾ ਹੈ।
ਗੁਰੂ ਸਾਹਿਬ ਨੇ ਇਨ੍ਹਾਂ ਹੀ ਆਦਰਸ਼ਾਂ ਨੂੰ ਸਾਹਮਣੇ ਰਖਦਿਆਂ ਹੋਇਆਂ ਆਪਣਾ ਫਰਜ਼ ਅਦਾ ਕਰਦੇ ਹੋਏ ਔਰੰਗਜੇਬ ਨੂੰ ਆਪਣੀ ਜ਼ਿੰਮੇਵਾਰੀ ਸਮਝਾਉਣ ਲਈ ਇਹ ਪੱਤਰ ਲਿਖਿਆ। ਨੇਕ ਮਕਸਦ ਲਈ ਆਪਣੀ ਥਾਂ ‘ਤੇ ਅਟੱਲ ਤੇ ਅਹਿੱਲ ਰਹਿਣਾ ਭਾਵੇਂ ਇਸ ਲਈ ਕਿੱਡੀ ਵੱਡੀ ਕੁਰਬਾਨੀ, ਜਾਂ ਤਿਆਗ ਦੀ ਲੋੜ ਪਵੇ। ਨਿਡਰਤਾ ਤੇ ਦਲੇਰੀ ਨਾਲ, ਨੰਗੀ ਤਲਵਾਰ ਵਾਂਗ, ਜ਼ਾਲਮ ਸ਼ਾਸਕ ਨੂੰ ਉਸ ਦੇ ਮੂੰਹ ’ਤੇ ਜ਼ਾਲਮ ਕਹਿਣਾ ਅਤੇ ਜ਼ੁਲਮ ਤੋਂ ਬਾਜ਼ ਆਉਣ ਲਈ ਤਾੜਨਾ ਕਰਨੀ ਅਤੇ ਸਭ ਤੋਂ ਵੱਧ ਇਹ ਕਿ ਹਰ ਹਾਲ ਵਿਚ ਆਪਣੇ ਰੱਬ ਦੀ ਰਜ਼ਾ ਵਿਚ ਰਹਿਣਾ, ਹਰ ਥਾਂ, ਹਰ ਸਮੇਂ ਉਸ ਦੇ ਨਾਮ ਦਾ ਸਿਮਰਨ ਤੇ ਉਸ ਦੀ ਉਸਤਤੀ ਦੇ ਨਾਲ ਉਸ ਦਾ ਸ਼ੁਕਰ ਕਰਨਾ, ਇਹ ਸਾਰੇ ਮਹਾਨ ਆਦਰਸ਼ ਗੁਰੂ ਸਾਹਿਬ ਦੇ ਆਪਣੇ ਮਹਾਨ ਚਰਿੱਤਰ ਦਾ ਹਿੱਸਾ ਹਨ, ਇਸੇ ਕਰਕੇ ‘ਜ਼ਫ਼ਰਨਾਮੇ’ ਵਿਚ ਵੀ ਪ੍ਰਗਟ ਹੋਏ ਹਨ। ਗੁਰੂ ਸਾਹਿਬ ਦਾ ਇਨ੍ਹਾਂ ਉ¤ਤੇ ਕਿੰਨਾ ਦ੍ਰਿੜ੍ਹ ਵਿਸ਼ਵਾਸ ਸੀ ਇਸ ਦਾ ਅਨੁਮਾਨ ‘ਜ਼ਫ਼ਰਨਾਮੇ’ ਦੇ ਸ਼ਿਅਰਾਂ ਤੋਂ ਭਲੀ ਭਾਂਤ ਲੱਗਦਾ ਹੈ।
‘ਜ਼ਫ਼ਰਨਾਮਾ’ ਜਿਸ ਬੁਨਿਆਦੀ ਨਜ਼ਰੀਏ ਨੂੰ ਸਭ ਤੋਂ ਵਧੇਰੇ ਉਘਾੜਦਾ ਹੈ ਉਹ ਹੈ ਗੁਰੂ ਸਾਹਿਬ ਦਾ ਆਪਣੇ ਵਾਹਿਗੁਰੂ ਪ੍ਰਤਿ ਅਹਿਲ ਵਿਸ਼ਵਾਸ ਅਤੇ ਉਸ ਦੀ ਮਦਦ ਬਾਰੇ ਬੇ-ਜੋੜ ਯਕੀਨ। ਗੁਰੂ ਸਾਹਿਬ ਵਲੋਂ ਇਸ ਸਦੀਵੀ ਹਕੀਕਤ ਨੂੰ ਪੂਰੇ ਜ਼ੋਰ ਨਾਲ ਬਿਆਨ ਕੀਤਾ ਗਿਆ ਹੈ ਕਿ ਮਨੁੱਖ ਜੇ ਕਿਸੇ ਸਹਾਰੇ ਉ¤ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦਾ ਹੈ ਤਾਂ ਉਹ ਹੈ ਰੱਬੀ ਤਾਕਤ ਜਿਹੜੀ ਰੱਬ ਦੇ ਉਨ੍ਹਾਂ ਬੰਦਿਆਂ ਨੂੰ ਜ਼ਰੂਰ ਰਸਤਾ ਵਿਖਾਉਂਦੀ ਹੈ ਜਿਹੜੇ ਉਸ ’ਤੇ ਯਕੀਨ ਰੱਖਦੇ ਹਨ। ਵੈਰੀ ਕਿੰਨਾ ਵੀ ਜ਼ੋਰਾਵਰ ਹੋਵੇ, ਰੱਬ ਤੇ ਭਰੋਸਾ ਰੱਖਣ ਵਾਲੇ ਬੰਦੇ ਨੂੰ ਉਸ ਤੋਂ ਕੋਈ ਡਰ ਨਹੀਂ ਹੁੰਦਾ। ਉਹ ਉਸ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।ਰੱਬੀ ਮਦਦ ਸਾਹਮਣੇ ਦੁਸ਼ਮਣ ਦੇ ਸਾਰੇ ਹਥਿਆਰ, ਸਾਰੇ ਲਸ਼ਕਰ, ਸਾਰੇ ਸਾਜ-ਸਾਮਾਨ ਅਰਥਹੀਨ ਹੋ ਜਾਂਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ :
ਚੁ ਹੱਕ ਯਾਰ ਬਾਸ਼ਦ ਚਿੱਹ ਦੁਸ਼ਮਨ ਕਨਦ।
ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ
(ਜਦੋਂ ਅਕਾਲ ਪੁਰਖ ਦੀ ਸਰਪ੍ਰਸਤੀ ਹਾਸਲ ਹੋਵੇ ਤਾਂ ਵੈਰੀ ਭਾਵੇਂ ਪੂਰਾ ਜ਼ੋਰ ਲਾ ਲਵੇ ਕੁੱਝ ਵੀ ਨਹੀਂ ਵਿਗਾੜ ਸਕਦਾ)
ਚਿਹ ਦੁਸ਼ਮਨ ਕੁਨਦ 
ਮਿਹਰਬਾਨ ਅਸਤ ਦੋਸਤ।
ਕਿ ਬਖ਼ਸ਼ਿੰਦਗੀ ਕਾਰ-ਬਖ਼ਸ਼ਿੰਦਹ ਓਸਤ
(ਦੁਸ਼ਮਨ ਕੀ ਕਰ ਸਕਦਾ ਜਦੋਂ ਮੇਰਾ ਯਾਰ ਮੇਰੇ ਉ¤ਤੇ ਮਿਹਰਬਾਨ ਹੈ ਅਤੇ ਕਿਸੇ ਨੂੰ ਵੀ ਸ਼ਕਤੀ ਪ੍ਰਦਾਨ ਕਰਨਾ ਜਾਂ ਨਿਰਬਲ ਬਣਾ ਦੇਣਾ ਉਸੇ ਦੇ ਵੱਸ ਹੈ)
ਰੱਬ ਸੱਚੇ ’ਤੇ ਗਾਮਿਲ ਭਰੋਸਾ ਹੀ ਇਸ ਤੁੱਛ ਜਿਹੇ ਮਨੁੱਖ ਨੂੰ ਉਹ ਬਲ, ਉਹ ਸ਼ਕਤੀ ਪ੍ਰਦਾਨ ਕਰਦਾ ਹੈ ਕਿ ਉਹ ਹੋਣੀ ਨੂੰ ਅਣਹੋਣੀ ਅਤੇ ਅਸੰਭਵ ਕਰ ਵਿਖਾਉਣ ਤੇ ਸਮਰਥ ਹੋ ਜਾਂਦਾ ਹੈ। ‘ਸਵਾ ਲਾਖ ਸੇ ਏਕ ਲੜਾਊ’ ਕਹਿਣ ਦਾ ਹੀਆ ਉਹੀ ਸਿਦਕੀ ਮਹਾਂਪੁਰਸ਼ ਕਰ ਸਕਦਾ ਹੈ ਜਿਸ ਨੂੰ ਆਪਣੇ ਕਾਦਰ-ਏ-ਮੁਲਤਕ (ਸਰਬ ਸ਼ਕਤੀਮਾਨ) ਰੱਬ ਉ¤ਤੇ ਕਾਮਿਲ ਈਮਾਨ ਹੋਵੇ ਜਿਸ ਦੀ ਮੌਜੂਦਗੀ ਬੰਦੇ ਨੂੰ ਸ਼ੇਰ ਬਣਾ ਦਿੰਦੀ ਹੈ ਕਿ ਉਹ ਇਕੱਲਾ ਹੀ ਹਜ਼ਾਰਾਂ ਲੱਖਾਂ ਨਾਲ ਟੱਕਰ ਲੈਣ ਅਤੇ ਉਨ੍ਹਾਂ ਦਾ ਸਰਵਨਾਸ਼ ਕਰਨ ਦਾ ਯਕੀਨ ਰੱਖਦਾ ਹੈ, ਕਿਉਜੋ ਉਸ ਦਾ ਈਮਾਨ ਹੈ ਕਿ ਉਸ ਨੂੰ ਉਸ ਰੱਬ ਦੀ ਹਮਾਇਤ ਪ੍ਰਾਪਤ ਹੈ ਜਿਹੜਾ ਸਭ ਸ਼ਕਤੀਆਂ ਦਾ ਸੋਮਾ ਹੈ :
ਅਗਰ ਬਰ ਯਕ ਆਯਦ ਦਹੋ ਦਹ ਹਜ਼ਾਰ
ਨਿਗਾਹਬਾਨ ਊ ਰਾ ਸ਼ਵਦ ਕਿਰਦਗਾਰ
(ਜਦੋਂ ਮੇਰਾ ਯਾਰ ਮੇਰੇ ਉ¤ਤੇ ਮਿਹਰਬਾਨ ਹੈ ਤੇ ਮੇਰਾ ਸਾਥ ਦੇ ਰਿਹਾ ਹੈ ਤਾਂ ਮੈਂ ਉਸ ਦੀ ਮਿਹਰ ਸਦਕੇ ਹਜ਼ਾਰਾਂ ਲੱਖਾਂ ਨਾਲ ਲੜ ਸਕਦਾ ਹਾਂ)
ਇਸੇ ਤੱਥ ਨੂੰ ਇਕ ਹੋਰ ਥਾਂ ਗੁਰੂ ਸਾਹਿਬ ਇੰਜ ਬਿਆਨ ਕਰਦੇ ਹਨ :
ਬਬੀਂ ਕੁਦਰਤਿ ਨੇਕ ਯਜਦਾਨਿ ਪਾਕ
ਕਿ ਅਜ਼ ਯਕ ਬ ਦਹ ਲੱਕ ਰਸਾਨਦ ਹਲਾਕ
(ਪਵਿੱਤਰ ਅਕਾਲ ਪੁਰਖ ਦੀ ਅਪਰਮਪਾਰ ਮਹਿਮਾ ਨੂੰ ਵੇਖ ਉਸ ਦੀ ਸ਼ਕਤੀ ਦਾ ਇਕ ਪ੍ਰਗਟਾਵਾ ਇਵੇਂ ਹੀ ਹੁੰਦਾ ਹੈ ਕਿ ਜਦੋਂ ਉਹ ਚਾਹੁੰਦਾ ਹੈ ਤਾਂ ਆਪਣੇ ਕਿਸੇ ਇਕ ਬੰਦੇ ਨੂੰ ਉਹ ਦੈਵੀ ਸ਼ਕਤੀ ਬਖਸ਼ ਦਿੰਦਾ ਹੈ ਜਿਸ ਨਾਲ ਉਹ ਦਸ ਲੱਖਾਂ ਫ਼ੌਜਾਂ ਨੂੰ ਫ਼ਨ੍ਹਾ ਕਰ ਛੱਡਦਾ ਹੈ।)
ਇਕ ਨਾਸਤਕ ਅਤੇ ਖੁਦਾ ਪ੍ਰਸਤ ਬੰਦੇ ਵਿਚ ਇਹੀ ਫ਼ਰਕ ਹੈ ਕਿ ਰੱਬ ਤੋਂ ਮੁਨਕਰ ਜ਼ਾਹਰੀ ਵਸੇਬਿਆਂ ਉ¤ਤੇ ਨਿਰਭਰ ਕਰਦਾ ਹੈ। ਉਸ ਦੀ ਨਿਗਾਹ ਧਨ ਦੌਲਤ, ਹਥਿਆਰਾਂ ਤੇ ਲੜਾਕਿਆਂ ਦੀ ਗਿਣਤੀ ’ਤੇ ਹੁੰਦੀ ਹੈ। ਜਦੋਂ ਕਿ ਆਪਣੇ ਰੱਬਵਚ ਆਸਥਾ ਰੱਖਣ ਵਾਲਾ ਮਨੁਖ ਕੇਵਲ ਯਕੀਨ-ਏ-ਕਾਮਿਲ ਨੂੰ ਆਪਣਾ ਅਸਲਾ ਸਮਝਦਾ ਹੈ ਅਤੇ ਬਿਨਾਂ ਕੁਝ ਹੁੰਦਿਆਂ ਵੀ ਵੱਡੀ ਤਾਕਤ ਨਾਲ ਟਕਰਾ ਜਾਂਦਾ ਹੈ। ਇਕਬਾਲ ਨੇ ਕਿਹਾ ਸੀ :
ਕਾਫ਼ਿਰ ਹੋ ਤੋ ਤਲਵਾਰ ਪੇ ਕਰਤਾ ਹੈ ਭਰੋਸਾ
ਮੋਮਿਨ ਹੋ ਤੋ ਬੇਤੇਗ ਭੀ 
ਲੜਤਾ ਹੈ ਸਿਪਾਹੀ।
ਇਹੀ ਸਦੀਵੀ ਹਕੀਕਤ ਗੁਰੂ ਸਾਹਿਬ ਦੇ ਮੂੰਹੋ ਇਸ ਪ੍ਰਕਾਰ ਅਦਾ ਹੋਈ ਹੈ :
ਕਿ ਊ ਰਾ ਗ਼ਰੂਰ ਅਸਤ ਬਰ ਮੁਲਕੁ ਮਾਨ
ਵ ਮਾ ਰਾ ਪਨਾਹ ਅਸਤ ਯਜ਼ਦਾਂ ਅਕਾਲ
(ਉਸ ਨੂੰ ਆਪਣੇ ਮਹਾਨ ਤੇ ਮੁਲਕ ਦਾ ਘਮੰਡ ਹੈ ਤਾਂ ਸਾਨੂੰ ਇਹ ਇਤਮੀਨਾਨ ਹੈ ਕਿ ਅਸੀਂ ਆਪਣੇ ਅਕਾਲ ਪੁਰਖ ਦੀ ਸ਼ਰਨ ਵਿਚ ਹਾਂ) ਇਹ ਤੱਥ ਉਹ ਔਰੰਗਜ਼ੇਬ ਨੂੰ ਸਮਝਾਉਣ ਦਾ ਜਤਨ ਕਰਦੇ ਹਨ ਕਿ ਉਹ ਇਸ ਫ਼ਰਕ ਨੂੰ ਆਪਣੇ ਸਾਹਮਣੇ ਰਖੇ। (ਤੈਨੂੰ ਆਪਣੀਆਂ ਫ਼ੌਜਾਂ ਅਤੇ ਧਨ ਦਾ ਅਭਿਆਨ ਮਾਰੀ ਜਾਂਦਾ ਹੈ ਸਾਡਾ ਹਥਿਆਰ ਸਿਰਫ਼ ਆਪਣੇ ਵਾਹਿਗੁਰੂ ਦਾ ਸ਼ੁਕਰ ਹੈ ਜਿਸ ਦੇ ਆਸਰੇ ਦੁਨੀਆਂ ਦੀ ਵੱਡੀ ਤੋਂ ਵੱਡੀ ਫ਼ੌਜ ਅਤੇ ਮਹਾਨ ਤੋਂ ਮਹਾਨ ਉ¤ਤੇ ਜਿੱਤ ਪ੍ਰਾਪਤ ਕਰਨ ਦਾ ਸਮਰੱਥ ਸਾਨੂੰ ਹਾਸਲ ਹੈ)
ਵੈਰੀ ਕਿੰਨਾ ਵੀ ਜ਼ੋਰਾਵਰ ਜਾਂ ਕਹਿਰਵਾਨ ਕਿਉਂ ਨਾ ਹੋਵੇ, ਸੱਚੇ ਪਾਤਸ਼ਾਹ ਦੀ ਸ਼ਰਨ ਵਿਚ ਆਏ ਹੋਏ ਬੰਦੇ ਦਾ ਉਹ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਸੇ ਤੱਥ ਨੂੰ ਗੁਰੂ ਸਾਹਿਬ ਵਲੋਂ ‘ਹੁਮਾ’ ਅਤੇ ‘ਸ਼ੇਰ-ਏ-ਨਰ’ ਰੂਪਕਾਂ ਦੇ ਵਸੀਲੇ ਨਾਲ (ਜਿਹੜੇ ਰੱਬ ਲਈ ਵਰਤੇ ਗਏ ਹਨ) ਬੜੇ ਖੂਬ ਅੰਦਾਜ਼ ਵਿਚ ਬਿਆਨ ਕੀਤੇ ਗਿਆ ਹੈ :
ਹੁਮਾਂ ਰਾ ਕਸੇ ਸਾਯਹ ਆਯਦ ਬਜ਼ੇਰ।
ਬਰੋ ਦਸਤ ਦਾਰਦ ਨ ਜ਼ਾਗੇ ਦਿਲੇਰ।
ਕਸੇ ਪੁਸ਼ਤ ਉਫ਼ਤਦ ਪਸੇ ਸ਼ੋਰਿ ਨਰ।
ਨ ਗੀਰਦ ਬੁਜ਼ੋ ਮੇਸ਼ ਆਹੂ ਗੁਜ਼ਰ।
(ਜਿਹੜਾ ਕੋਈ ਹੁਮਾ ਇਕ ਕਾਲਪਨਿਕ ਪੰਛੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੀ ਛਾਂ ਜਿਸ ਉ¤ਤੇ ਪੈ ਜਾਵੇ ਉਹ ਬਾਦਸ਼ਾਹ ਬਣ ਜਾਂਦਾ ਹੈ, ਦੀ ਛਾਂ ਥੱਲੇ ਆ ਗਿਆ, ਕਾਵਾਂ, ਇੱਲ੍ਹਾਂ ਦੀ ਕੀ ਮਜਾਲ ਕਿ ਉਸ ਨੂੰ ਹੱਥ ਪਾ ਸਕਣ ਅਤੇ ਜਿਹੜਾ ਕੋਈ ਬੱਬਰ ਸ਼ੇਰ ਦੀ ਸਰਪ੍ਰਸਤੀ ਵਿਚ ਆ ਗਿਆ ਹੋਵੇ, ਛੋਟੇ ਜਾਨਵਰ ਤਾਂ ਉਸ ਦੇ ਨੇੜਿਓਂ ਲੰਘਣ ਦੀ ਵੀ ਹਿੰਮਤ ਨਹੀਂ ਕਰ ਸਕਦੇ) ਇਸ ਲਈ ਕਿ ਸਰਬ ਸਮਰਥ ਰੱਬ ਭਲੀ ਭਾਂਤ ਜਾਣਦਾ ਹੈ ਕਿ ਆਪਣੇ ਵਫ਼ਾਦਾਰ ਨੇਕ ਬੰਦੇ ਨੂੰ ਉਸ ਦੇ ਵੈਰੀਆਂ ਤੋਂ ਕਿਵੇਂ ਸੁਰੱਖਿਅਤ ਰੱਖਣਾ ਹੈ। ਕਿਸੇ ਵੀ ਮਨੁੱਖ ਦੇ ਵੱਸ ਨਹੀਂ ਕਿ ਰੱਬ ਦੀ ਇਸ ਸਮਰਥਾ ’ਤੇ ਕਿੰਤੂ ਕਰ ਸਕੇ ਜਾਂ ਉਸ ਨੂੰ ਵੰਗਾਰ ਸਕੇ। ਵੰਗਾਰਨਾ ਤਾਂ ਇਕ ਪਾਸੇ ਰਿਹਾ ਬੰਦੇ ਲਈ ਰੱਬੀ ਸਾਧਨਾਂ ਨੂੰ ਸਮਝਣਾ ਵੀ ਅਸੰਭਵ ਹੈ, ਜਿਨ੍ਹਾਂ ਰਾਹੀਂ ਉਹ ਆਪਣੀ ਮਰਜ਼ੀ ਨੂੰ ਲਾਗੂ ਕਰਾਉਂਦਾ ਹੈ। ਮਨੁੱਖਾਂ ਦੀਆਂ ਸਾਰੀਆਂ ਜੁਗਤਾਂ ਰੱਬੀ ਫ਼ੈਸਲਿਆਂ ਸਾਹਮਣੇ ਧਰੀਆਂ ਦੀਆਂ ਧਰੀਆਂ ਹੀ ਰਹਿ ਜਾਂਦੀਆਂ ਹਨ। ਕਈ ਵਾਰੀ ਤਾਂ ਉਸ ਦੇ ਆਪਣੇ, ਉਸ ਦੇ ਸਰੀਰ ਦੇ ਅੰਗ ਵੀ ਉਸ ਦੀ ਪਾਲਣਾ ਨਹੀਂ ਕਰਦੇ। 
ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ।
ਨ ਯਕ ਮੂਇ-ਊ ਰਾ ਆਜ਼ਾਰ ਆਵੁਰਦ।
ਖ਼ਸਮ ਰਾ ਚੁ ਕੋਰ ਊ ਕੁਨਦ ਵਕਤਿ ਕਾਰ।
ਚਸ਼ਮ ਰਾ ਬਕੋਰ ਊ 
ਕੁਨਦ ਵਕਤ-ਏ-ਕਾਰ।
ਯਤੀਮਾਂ ਬਿਰੂੰ ਬੁਰਦ ਬੇ-ਜ਼ਖ਼ਮਿ ਖ਼ਾਰ।
ਜ਼ਿ ਪੈਮਾਂਨ ਬੈਰੂ ਬੁਰਦ ਬੇ ਅਜ਼ਾਰ।
(ਦੁਸ਼ਮਨ ਕਿੰਨਾ ਵੀ ਜ਼ੋਰ ਲਾ ਲਵੇ, ਉਹ ਰੱਬ ਦੀ ਸ਼ਰਨ ਆਏ ਬੰਦੇ ਦਾ ਕੁਝ ਨਹੀਂ ਵਿਗਾੜ ਸਕਦਾ। ਰੱਬ ਜਦੋਂ ਆਪਣੇ ਬੰਦੇ ਦੀ ਸੁਰੱਖਿਆ ਕਰਨੀ ਚਾਹੁੰਦਾ ਹੈ ਤਾਂ ਉਹ ਦੁਸ਼ਮਣ ਨੂੰ ਅੰਨ੍ਹਾ ਕਰ ਦਿੰਦਾ ਹੈ ਅਤੇ ਨਿਆਸਰਿਆਂ ਨੂੰ ਉਸ ਦੇ ਘੇਰੈ ਵਿਚੋਂ ਸਾਫ਼, ਬਿਨਾਂ ਕਿਸੇ ਹਾਨੀ ਤੋਂ, ਬਚਾ ਕੇ, ਕੱਢ ਲੈ ਜਾਂਦਾ ਹੈ) ਪਰ ਸੱਚੇ ਪਾਤਸ਼ਾਹ ਦੀ ਮਦਦ ਦਾ ਪਾਤਰ ਉਹੀ ਸਖ਼ਸ ਹੋ ਸਕਦਾ ਹੈ ਜਿਹੜਾ ਉਸ ਉ¤ਤੇ ਕਾਮਿਨ ਇਮਾਨ ਰੱਖਦਾ ਹੀ ਹੋਵੇ, ਕਾਰ-ਵਿਹਾਰ ਵਿਚ ਵੀ ਸੱਚੇ-ਸੁੱਚੇ ਚਰਿੱਤਰ ਦਾ ਮਾਲਕ ਹੋਵੇ। ਵੱਡੀ ਤੋਂ ਵੱਡੀ ਮੁਸੀਬਤ ਦੇ ਮੁਕਾਬਲੇ ਵਿਚ ਵੀ ਉਹ ਆਪਣੇ ਆਦਰਸ਼ਾਂ ’ਤੇ ਅਡੋਲ ਤੇ ਅਹਿਲ ਚੱਟਾਨ ਬਣ ਜਾਵੇ। ‘ਜ਼ਫਰਨਾਮਾ’ ਭਾਵੇ ਧਾਰਮਿਕ ਪ੍ਰਚਾਰ ਦੇ ਉਦੇਸ਼ ਨੂੰ ਸਾਹਮਣੇ ਰਖ ਕੇ ਨਹੀਂ ਰੱਚਆ ਗਿਆ ਪਰ ਜੇ ਇਸ ਪਖੋਂ ਵੇਖੀਏ ਤਾਂ ਇਹ ਇਕ ਅਦੁੱਤੀ ਤੇ ਬੇਜੋੜ ਕਿਰਤ ਹੈ, ਜਿਸ ਵਿਚ ਸੱਚੀਆਂ-ਸੁਚੀਆਂ ਕੀਮਤਾਂ ਦੀ ਮਹਾਨਤਾ ਨੂੰ ਉਜਾਗਰ ਕੀਤਾ ਗਿਆ ਹੈ ਤੇ ਜਿਸ ਰਾਹੀਂ ਇਨ੍ਹਾਂ ਨੂੰ ਆਪਣਾ ਜੀਵਨ ਆਧਾਰ ਬਣਾਉਣ ਲਈ ਪ੍ਰੇਰਣਾ ਤੇ ਅਗਵਾਈ ਪ੍ਰਾਪਤ ਹੁੰਦੀ ਹੈ। ਇਹ ਉਹ ਆਦਰਸ਼ ਹਨ ਜਿਹੜੇ ਗੁਰੂ ਸਾਹਿਬ ਨੇ ਖੁਦ ਅਪਣਾਏ ਹਨ। ਇਹ ਉਨ੍ਹਾਂ ਦੀ ਨੇਕ ਨੀਯਤੀ ਦਾ ਸਬੂਤ ਹੈ ਕਿ ਉਹ ਔਰੰਗਜ਼ੇਬ ਜਿਹੇ ਜਾਨੀ ਦੁਸ਼ਮਣ ਨੂੰ ਵੀ ਇਨ੍ਹਾਂ ’ਤੇ ਚੱਲ ਕੇ ਆਪਣਾ ਜੀਵਨ ਸਫਲ ਤੇ ਸਾਕਾਰ ਬਣਾ ਲੈਣ ਦਾ ਮੌਕਾ ਦੇਣਾ ਚਾਹੁੰਦੇ ਹਨ :
ਕਿ ਈਂ ਕਾਰਿ ਨੇਕ ਅਸਤ ਦੀ ਪਰਵਰੀ।
ਚੁ ਯਜ਼ਦਾਂ ਸ਼ਨਾਸੀ ਬ ਜਾਂ ਬਰਤਰੀ।
(ਇਹੀ ਸਰਬ ਉ¤ਚ ਨੇਕੀ ਹੈ ਤੇ ਸਭ ਤੋਂ ਵੱਡਾ ਧਰਮ ਹੈ ਕਿ ਤੂੰ ਰੱਬ ਨੂੰ ਪਛਾਣ ਕੇ ਆਪਣੇ ਮਨ ਵਿਚ ਵਸਾ ਲਵੇ)
ਜਦੋਂ ਵੀ ਬੰਦਾ ਰੱਬ ਦੀ ਯਾਦ ਮਨ ਵਿਚ ਵਸਾ ਕੇ, ਉਸ ਦੇ ਆਦੇਸ਼ਾਂ ਦੀ ਪਾਲਨਾ ਨੂੰ ਆਪਣਾ ਵਤੀਰਾ ਬਣਾ ਲੈਂਦਾ ਹੈ ਤਾਂ ਪ੍ਰਭੂ ਵੀ ਉਸ ਦੀ ਬਾਂਹ ਜ਼ਰੂਰ ਫੜ੍ਹਦਾ ਹੈ, ਉਸ ਨੂੰ ਕਦੀ ਨਿਰਾਸ਼ ਨਹੀਂ ਹੋਣ ਦਿੰਦਾ, ਨਾ ਹੀ ਉਸ ਨੂੰ ਆਪਣੀ ਮਿਹਰ ਦੀ ਛਾਂ ਤੋਂ ਮਹਿਰੂਮ ਕਰਦਾ ਹੈ:
ਹਰਾਂ ਕਸ ਬ ਕਉਲਿ ਕੁਰਾ ਆਯਦੁਸ਼।
ਕਿ ਯਜ਼ਦਾਂ ਬਰੋ ਰਹਨੁਮਾ ਆਯਦਸ਼।
ਕਸੇ ਖ਼ਿਦਮਤ ਆਯਦ ਬਸੇ ਦਿਲੋ ਜਾਂ।
ਬ ਬਖ਼ਸਦ ਖੁਦਾਬੰਦ ਬਰ ਵੈ ਅਮਾਂ।
(ਜਿਹੜਾ ਵੀ ਕੋਈ ਕੁਰਆਨ ਅਨੁਸਾਰ ਚਲਦਾ ਹੈ ਖੁਦਾ ਉਸ ਨੂੰ ਅਗਵਾਈ ਬਖ਼ਸਦਾ ਹੈ ਅਤੇ ਜਿਹੜਾ ਸੁਹਿਰਦਤਾ ਨਾਲ ਉਸ ਦੀ ਭਗਤੀ ਵਿਚ ਲੀਨ ਹੁੰਦਾ ਹੈ ਖੁਦਾ ਹਰ ਤਰ੍ਹਾਂ ਉਸ ਨੂੰ ਸਲਾਮਤੀ ਦੀ ਦਾਤ ਅਦਾ ਕਰਦਾ ਹੈ। ਇਸ ਦੇ ਉਲਟ ਜਿਹੜਾ ਕੋਈ ਰੱਬ ਨੂੰ ਵਿਸਾਰ ਦਿੰਦਾ ਹੈ ਤਾਂ ਰੱਬ ਵਲੋਂ ਵੀ ਉਹ ਵਿਸਾਰਿਆ ਜਾਂਦਾ ਹੈ :
ਵਗਰਨਹ ਤੂ ਈਂ ਰਹ ਫ਼ਰਾਮੁਸ਼ ਕੁਨਦ।
ਤੁਰਾ ਹਮ ਫਰਾਮੋਸ਼ ਯਜ਼ਦਾ ਕਰਨਦ।
(ਜੇ ਤੂੰ ਇਹ ਰਸਤਾ ਭੁੱਲ ਜਾਵੇਂ ਤਾਂ ਰੱਬ ਵੀ ਤੈਨੂੰ ਭੁੱਲ ਜਾਵੇਗਾ।
ਨੇਕ ਬੰਦੇ ਦਾ ਇਹ ਵਸਫ਼ ਹੋਣਾ ਚਾਹੀਦਾ ਹੈ ਕਿ ਉਸ ਦਾ ਜ਼ਾਹਿਰ ਅਤੇ ਬਾਤਿਨ ਇਕੋ ਹੋਵੇ, ਇਨ੍ਹਾਂ ਵਿਚ ਕੋਈ ਅੰਤਰਵਿਰੋਧ ਨਾ ਹੋਵੇ।
ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ।
ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ।
(ਅਸਲ ਮਰਦ ਅਖਵਾਉਣ ਦਾ ਹੱਕਦਾਰ ਉਹੀ ਹੈ, ਜਿਸ ਦੇ ਮਨ ਅਤੇ ਹੇਠਾਂ ’ਤੇ ਇਕੋ ਹੀ ਗੱਲ ਹੋਵੇ)
ਅਜਿਹਾ ਮਹਾਂ ਪੁਰਖ ਹਮੇਸ਼ਾਂ ਆਪਣੇ ਬਚਨਾਂ ਦਾ ਪਾਬੰਦ ਰਹਿੰਦਾ ਹੈ। ਪ੍ਰਾਣ ਦੇ ਕੇ ਵੀ ਉਹ ਆਪਣੇ ਵਚਨ ਦਾ ਪਾਲਣ ਕਰਦਾ ਹੈ:
ਹਰਾਂ ਕਸ ਕਿ ਈਮਾਂ ਪਰਸਤੀ ਕੁਨੰਦ।
ਨ ਪੈਮਾਂ ਖੁਦਸ਼ ਪੇਸ਼ੋ ਪਸਤੀ ਕੁਨੱਦ।
(ਜਿਹੜਾ ਵੀ ਕੋਈ ਮੋਮਿਨ ਹੈ ਉਹ ਕਦੇ ਵੀ ਆਪਣੇ ਇਕਰਾਰ ਤੋਂ ਨਹੀਂ ਫਿਰਦਾ)
ਇਹ ਇਸ ਲਈ ਕਿ ਇਹ ਸੰਸਾਰ ਤਾਂ ਇਕ ਆਰਜ਼ੀ ਟਿਕਾਣਾ ਹੈ ਅਸਲੀ ਮੰਜ਼ਿਲ ਤਾਂ ਰੱਬ ਦਾ ਘਰ ਹੈ। ਜੇ ਕੋਈ ਇੱਥੇ ਆਪਣੇ ਕੋਲ ਦਾ ਪਾਸ ਨਹੀਂ ਕਰੇਗਾ ਤਾਂ ਉਸ ਨੂੰ ਅਖੀਰ ਵਿਚ ਆਪਣੇ ਮਾਲਕ ਸਾਹਮਣੇ ਜਵਾਬਦੇਹੀ ਕਰਨੀ ਪਵੇਗੀ।
ਤੂ ਗ਼ਾਫ਼ਿਲ ਮਸ਼ਉ ਜੀ ਸਿਪੰਜੀ ਸਰਾਇ।
ਕਿ ਆੱਲਮ ਬਿਗੁਜ਼ਰਦ ਸਰੇ ਜਾ ਬਜਾਇ।
(ਤੂੰ ਇਕ ਹਕੀਕਤ ਨੂੰ ਨਾ ਭੁੱਲ, ਇਹ ਦੁਨੀਆਂ ਚਾਰ ਦਿਨਾਂ ਦੀ ਹੈ, ਤੇ ਇੱਥੇ ਸਭ ਨੂੰ ਚਲ-ਚਲਾਓ ਲੱਗ ਰਿਹਾ ਹੈ) ਗੁਰੂ ਸਾਹਿਬ ਵੱਲੋਂ ‘ਜ਼ਫ਼ਰਨਾਮਾ’ ਰਾਹੀਂ ਇਕ ਹੋਰ ਅਹਿਮ ਅਖ਼ਲਾਕੀ ਨੁਕਤੇ ’ਤੇ ਚਾਨਣਾ ਪਾਇਆ ਗਿਆ ਹੈ ਉਹ ਇਹ ਕਿ ਬੰਦੇ ਨੂੰ ਜ਼ੋਸ ਵਿਚ ਵੀ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ। ਦੁਸ਼ਮਣੀ ਵਿਚ ਵੀ ਪਹਿਲੀ ਕੋਸ਼ਿਸ ਇਹ ਹੋਣੀ ਚਾਹੀਦੀ ਹੈ ਕਿ ਮਾਮਲਾ ਗੱਲ ਬਾਤ ਰਾਹੀਂ ਨਜਿੱਠ ਲਿਆ ਜਾਵੇ ਪਰ ਜੇ ਗੱਲਬਾਤ ਰਾਹੀਂ ਕੋਈ ਹੱਲ ਸੰਭਵ ਨਾ ਹੋਵੇ ਤਾਂ ਪੂਰੀ ਦਲੇਰੀ ਤੇ ਮਰਦਾਨਗੀ ਨਾਲ ਕੰਮ ਲੈਂਦੇ ਹੋਏ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਇਸ ਵਿਚ ਕੋਈ ਢਿੱਲ ਨਹੀਂ ਕਰਨੀ ਚਾਹੀਦੀ।
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲੱਸਤ ਬੁਦਨ ਬ ਸ਼ਮਸ਼ੀਰ ਦਸਤ।
(ਜਦੋਂ ਗੱਲ ਬਾਤ ਤੇ ਵਾਰਤਾ ਦੇ ਸਾਰੇ ਉਪਾਅ ਅਸਫ਼ਲ ਹੋ ਜਾਣ ਤਾਂ ਫੇਰ ਕਿਰਪਾਨ ਚੁੱਕਣ ਜਾਇਜ਼ ਜ਼ਰੂਰੀ ਹੋ ਜਾਂਦਾ ਹੈ)
ਜ਼ੁਲਮ ਕਰਨਾ ਬੁਰਾ ਹੈ ਤਾਂ ਜ਼ੁਲਮ ਨੂੰ ਚੁੱਪਚਾਪ ਸਹਿੰਦੇ ਜਾਣਾ ਵੀ ਜ਼ੁਲਮ ਕਰਨ ਦੇ ਬਰਾਬਰ ਹੀ ਬੁਰਾ ਹੈ। ਇਸਲਾਮੀ ਵਿਚਾਰਧਾਰਾ ਅਨੁਸਾਰ ਤਕਵਾ (ਨੇਕੀ) ਦੇ ਤਿੰਨ ਦਰਜੇ ਹਨ। ਸਰਬ ਸ੍ਰੇਸ਼ਟ ਤਕਵਾ ਇਹ ਹੈ ਕਿ ਤੁਸੀਂ ਜੋ ਕੋਈ ਜ਼ੁਲਮ ਹੁੰਦਾ ਵੇਖੋ ਤਾਂ ਆਪਣੀ ਪੂਰੀ ਸ਼ਕਤੀ ਤੇ ਸਮਰੱਥਾ ਨਾਲ ਜ਼ਾਲਮ ਨੂੰ ਉਸ ਜ਼ੁਲਮ ਤੋਂ ਰੋਕਣ ਦਾ ਜਤਨ ਕਰੋ। ਮਧਿਅਮ ਦਰਜੇ ਦਾ ਤੱਕਵਾ ਇਹ ਹੈ ਕਿ ਮੂੰਹੋਂ ਉਸ ਜ਼ੁਲਮ ਨੂੰ ਭੈੜਾ ਆਖੋ ਅਤੇ ਜ਼ਾਲਮ ਦੀ ਨਿਖੇਧੀ ਖੁੱਲ੍ਹੇ ਆਮ ਕਰੋ, ਜੇ ਇਹ ਵੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਦਿਲ ਵਿਚ ਇਸ ਜ਼ੁਲਮ ਨੂੰ ਬੁਰਾ ਸਮਝੋ ਤੇ ਜ਼ਾਲਮ ਨਾਲ ਨਫ਼ਰਤ ਕਰੋ, ਪਰ ਇਹ ਸਭ ਤੋਂ ਨੀਵੇ ਦਰਜੇ ਦਾ ਤਕਵਾ ਹੈ। ‘ਜ਼ਫ਼ਰਨਾਮਾ’ ਦੇ ਰਚੈਤਾ ਗੁਰੂ ਸਾਹਿਬ ਨੇ ਉ¤ਚਤਮ ਦਰਜ਼ੇ ਦੇ ਤੱਕਵੇ ਦਾ ਸਬੂਤ ਦਿੱਤਾ ਹੈ। ‘ਜ਼ਫਰਨਾਮਾ’ ਇਸ ਕਰਕੇ ਵੀ ਬੇਮੀਸਾਲ ਹੈ ਕਿ ਇਹ ਅਮਲੀ ਰੂਪ ਵਿਚ ਇਸ ਹਦੀਸ ਦਾ ਪਾਤਰ ਬਣਦਾ ਹੈ ਜਿਸ ਅਨੁਸਾਰ ‘ਜ਼ਾਲਮ ਹੁਕਮਰਾਨ ਸਾਹਮਣੇ ਸੱਚੀ ਗੱਲ ਆਖਣਾ ਜਿਹਾਦ ਹੈ’। ‘ਜ਼ਫਰਨਾਮਾ’ ਦਾ ਪ੍ਰੇਖਣ ਇਸ ਤੱਥ ਨੂੰ ਸਪਸ਼ਟ ਕਰਦਾ ਹੈ ਕਿ ਇਸ ਦੀ ਰਚਨਾ ਦਾ ਅਸਲ ਉਦੇਸ਼ ਤਾਂ ਇਹੀ ਹੈ। 
ਏਨੇ ਵੱਡੇ ਤੇ ਵਿਸ਼ਾਲ ਸਾਮਰਾਜ (ਮੁਗਲ ਸਾਮਰਾਜ) ਨੂੰ ਵੰਗਾਰਨਾ, ਉਸ ਦੇ ਸਮਰਾਟ ਤੇ ਦੂਜੇ ਉ¤ਚ ਅਧਿਕਾਰੀਆਂ ਦੀ ਅਧਰਮੀ ਹਵਸ ਦਾ ਪਰਦਾਫਾਸ਼ ਕਰਨਾ ਬੇਮਿਸਾਲ ਮਰਦਾਨਗੀ ਅਤੇ ਉ¤ਚ ਕੋਟੀ ਦੀ ਅਖ਼ਲਾਕੀ ਬਰਤਰੀ ਦਾ ਪ੍ਰਤੱਖ ਸਬੂਤ ਹੈ। 
ਗੁਰੂ ਸਾਹਿਬ ਨੇ ‘ਜ਼ਫ਼ਰਨਾਮੇ’ ਰਾਹੀਂ ਇਸ ਸਾਮਰਾਜ ਦੇ ਅਨੇਕਾਂ ਕਾਰਿੰਦਿਆਂ ਤੇ ਫੌਜੀ ਆਹੁਦੇਦਾਰਾਂ ਦੀ ਬੁਜ਼ਦਿਲੀ ਤੇ ਬਦ-ਕਿਰਦਾਰੀ ਦਾ ਵਰਨਨ ਤਾਂ ਕੀਤਾ ਹੀ ਹੈ (ਜਿਹੜਾ ਇਸ ਰਚਨਾ ਦਾ ਪੁਰਜਨਾਲ ਭਾਗ ਹੈ) ਪਰ ਸਭ ਤੋਂ ਮਹਾਨ ਦਲੇਰੀ ਇਹ ਹੈ ਕਿ ਖੁਦ ਸ਼ਹਿਨਸ਼ਾਹ, ਦੇ ਇਸਲਾਮ-ਵਿਰੋਧੀ ਕੁਕਰਮਾਂ ਵਿਰੁੱਧ ਆਵਾਜ਼ ਉਠਾਉਂਦੇ ਹੋਏ ਉਸ ਨੂੰ ਉਨ੍ਹਾਂ ਦੇ ਭੈੜੇ ਅੰਜਾਮ ਤੋਂ ਬਾਖ਼ਬਰ ਕੀਤਾ ਹੈ।ਥਾਂ ਦੀ ਘਾਟ ਕਾਰਨ ਉਹ ਸਾਰੇ ਸ਼ਿਅਰਾਂ ਨੂੰ ਦਰਜ ਕਰਨਾ ਔਖਾ ਹੈ ਪਰ ਇੱਥੇ ਨਮੂਨੇ ਵਜੋਂ ਕੁਝ ਸ਼ਿਅਰ ਦਰਜ ਕੀਤੇ ਗਏ ਹਨ ਜੋ ਗੁਰੂ ਸਾਹਿਬ ਦੀ ਸ਼ੁਅਲਾ ਬਿਆਨੀ ਦਾ ਅਨੁਮਾਨ ਲਗਾਉਣ ਲਈ ਕਾਫ਼ੀ ਹਨ।
ਤੁਰਾ ਮਨ ਨ ਦਾਨਮ ਕਿ ਯਜ਼ਦਾਂ ਸ਼ਨਾਸ।
ਬਰਾਮਦ ਜ਼ਿ ਤੂ ਕਾਰਹਾ ਪੁਰਖ਼ਰਾਸ਼।
(ਤੇਰੇ ਵਰਗੇ ਬੰਦੇ ਨੂੰ, ਜਿਸ ਦੇ ਹੱਥੋਂ ਇੰਨੇ ਜ਼ੁਲਮ ਹੋਏ ਹੋਣ ਮੈਂ ਕਿਵੇਂ ਵੀ ਖੁਦਾ ਸ਼ਨਾਸ ਨਹੀਂ ਸਮਝ ਸਕਦਾ)
ਤੂ ਮਸਨਦ ਨਸ਼ੀ ਸਰਵਰਿ ਕਾਇਨਾਤ।
ਕਿ ਅੱਜਬ ਅਸਤ ਇਨਸਾਫ਼ ਈਂ 
ਹਮ ਸਿਫ਼ਾਤ।
ਕਿ ਅੱਜਬ ਅਸਤ ਇਨਸਾਫ਼ ਦੀ ਪਰਵਾਰੀ।
ਕਿ ਹੈਫ਼ ਅਸਤ ਸਦ ਹੈਫ਼ ਈਂ ਸਰਵਰੀ।
(ਤੂੰ ਇੱਡਾ ਮਹਾਨ ਸ਼ਹਿਨਸ਼ਾਹ ਬਣਿਆ ਫਿਰਦਾ ਹੈ ਅਤੇ ਦੀਨਦਾਰੀ ਦਾ ਦਾਅਵਾ ਕਰਦਾ ਹੈ, ਤੇਰਾ ਇਨਸਾਫ ’ਤੇ ਤੇਰੀ ਦੀਨਦਾਰੀ ਬਸ ਇਹੀ ਹੈ। ਲਾਅਨਤ ਹੈ, ਇਸ ’ਤੇ)
ਕਿ ਅੱਜਬ ਅਸਤੁ ਅੱਜਬ ਫਤੁਵਾ ਸ਼ੁਮਾ।
ਬਜੁਜ ਰਾਸਤੀ ਸੁਖ਼ਨ ਗੁਫਤਨ ਜ਼ਯਾਂ।
ਨ ਦਾਨਮ ਕਿ ਈਂ ਮਰਦਿ ਪੈਮਾਂ ਸ਼ਿਕੱਨ।
ਕਿ ਦੌਲਤ ਪਰੱਸਤ ਅਸਤ ਈਮਾਂ ਫ਼ਿਕੱਨ।
(ਕਿ ਇਹੀ ਤੇਰੀ ਨੇਕੀ ਹੈ ਕਿ ਤੂੰ ਝੂਠਾ ਹੈ, ਮੈਂ ਨਹੀਂ ਜਾਣਦਾ ਸਾਂ ਇਹ ਵਾਅਦਾ ਫ਼ਰਾਮੋਸ਼ ਬੰਦਾ ਬੇਈਮਾਨ ਤੇ ਦੁਨੀਆਂ ਦਾ ਲੋਭੀ ਹੈ)
ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ।
ਕਿ ਆਤਸ਼ ਦਮਾਂ ਰਾ ਬ ਦੌਰਾਂ ਕੁਨੀ।
ਬ ਬਾਯਸ ਕਿ ਯਜ਼ਦਾਂ ਪ੍ਰਸਤੀ ਕੁਨੀ।
ਨ ਗੁਫ਼ਤਾਹ ਕਸਾਂ ਕਸ ਖ਼ਰਾਸ਼ੀ ਕੁਨੀ।
(ਇਹ ਕੀ ਮਰਦਾਨਗੀ ਹੈ ਕਿ ਸੱਚ ਬੋਲਣ ਵਾਲਿਆਂ ਨੂੰ ਚੁੱਪ ਕਰਾ ਦਿੱਤਾ ਜਾਵੇ। ਤੈਨੂੰ ਚਾਹੀਦਾ ਹੈ ਕਿ ਰੱਬ ਤੋਂ ਡਰੇਂ ਅਤੇ ਐਵੇਂ ਕਿਸੇ ਦੇ ਆਖੇ ਲੱਗ ਕੇ ਨਿਆਸਰਿਆਂ ਤੋਂ ਜ਼ੁਲਮ ਨਾ ਕਮਾਵੇ)
ਮਜ਼ਨ ਤੇਗ਼ ਬਰ ਖੂਨਿ ਕਸ ਬੇ ਦਰੇਗ।
ਤੁਰਾ ਨੀਜ਼ ਖੂੰ ਚਰਖ ਰੇਜ਼ਦ ਬ-ਤੇਗ।
(ਕਿਸੇ ਬੇਗੁਨਾਹ ਦਾ ਖੂਨ ਵਗਾਉਣ ਲਈ ਤਲਵਾਰ ਨਾ ਚਲਾ, ਨਹੀਂ ਤਾਂ ਇਕ ਦਿਨ ਸਮਾਂ ਤੈਨੂੰ ਵੀ ਇਸੇ ਤਰ੍ਹਾਂ ਮਾਰ ਕੇ ਖ਼ਤਮ ਕਰ ਦੇਵੇਗਾ।
ਗੁਰੂ ਸਾਹਿਬ ਦੀ ਅਖ਼ਲਾਕੀ ਫ਼ਤਹ, ਜਿਸ ਦਾ ਪ੍ਰਤੀਕ ‘ਜ਼ਫ਼ਰਨਾਮਾ’ ਹੈ, ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋਵੇਗਾ ਕਿ ਆਪਣੇ ਦੁਸ਼ਮਣ ਜਿਸ ਦੇ ਕਾਰਿੰਦਿਆਂ ਵਲੋਂ ਗੁਰੂ ਸਾਹਿਬ ਨੂੰ ਸਤਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ, ਜਿਸ ਦੀਆਂ ਫੌਜਾਂ ਨੇ ਗੁਰੂ ਸਾਹਿਬ ਨੂੰ ਮਾਰ ਮਕਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ, ਅਜਿਹੇ ਦੁਸ਼ਮਣ ਨੂੰ ਵੀ ਜਦੋਂ ਗੁਰੂ ਸਾਹਿਬ ਸੰਬੋਧਨ ਕਰਦੇ ਹਨ ਤਾਂ ਸ੍ਰਿਸ਼ਟਾਚਾਰ ਤੇ ਤਹਿਜ਼ੀਬ ਦੇ ਤਕਾਜ਼ਿਆਂ ਨੂੰ ਅੱਖੋ ਪਰੋਖੇ ਨਹੀਂ ਕਰਦੇ ਜਿਸ ਦਾ ਪ੍ਰਮਾਣ ਇਹੋ ਜਿਹੇ ਸ਼ਿਅਰ ਹਨ:
ਖੁਸ਼ਸ਼ ਸ਼ਾਹਿ ਸ਼ਾਹਾਨ ‘ਅਉਰੰਗਜੇਬ‘।
ਕਿ ਚਾਲਾਕ ਦਸਤ ਅਸਤੁ ਚਾਬੁਕ ਰਕੇਬ।
ਕਿ ਤਰਤੀਬ ਦਾਨਿਸ਼ ਬਤਦਬੀਰਿ ਤੇਗ।
ਖੁਦਾਵੰਦਿ ਦੇਗਉ ਖੁਦਾਵੰਦਿ ਤੇਗ਼।
ਚਿ ਹੁਸਨੂਲ ਜਮਾਲ ਅਸਤ ਰੌਸ਼ਨ ਜ਼ਮੀਰ।
ਖੁਦਾਵੰਤ ਮੁਲਕ ਅਸਤੁ ਸਾਹਿਬਿ ਅਮੀਰ।
ਉਪਰੋਕਤ ਅਧਿਐਨ ਸਮੇਂ ਸਾਡੀ ਨਜ਼ਰ ‘ਜ਼ਫ਼ਰਨਾਮੇ’ ਦੇ ਕੇਵਲ ਦਾਰਸ਼ਨਿਕ ਤੇ ਨੈਤਿਕ ਪੱਖਾਂ ਤੇ ਹੀ ਰਹੀਂ ਹੈ। ਭਾਵੇਂ ਅਜਿਹਾ ਕਰਨ ਲੱਗਿਆਂ ਅਨੇਕਾਂ ਇਤਿਹਾਸਿਕ ਤੇ ਜੰਗੀ ਘਟਨਾਵਾਂ ਤੋਂ ਜਿਨ੍ਹਾਂ ਦਾ ਜ਼ਿਕਰ ਇਸ ਅਜ਼ੀਮ ਕਿਰਤ ਵਿਚ ਮੌਜੂਦ ਹੈ, ਸਾਨੂੰ ਆਪਣੇ ਆਪ ਨੂੰ ਲਾਂਭਿਆਂ ਕਰਨਾ ਬਹੁਤ ਔਖਾ ਲੱਗਾ ਹੈ। ਪਰ ਇੱਥੇ ਇਹ ਅਰਜ਼ ਕਰਨੀ ਜ਼ਰੂਰੀ ਹੈ ਕਿ ‘ਜ਼ਫ਼ਰਨਾਮਾ’ ਆਪਣੇ ਆਪ ਵਿਚ ਸੱਚਾਈ, ਹੌਂਸਲਾ, ਦਲੇਰੀ, ਮਰਦਾਨਗੀ ਜਾਹੋ-ਜਲਾਲ ਦਾ ਪ੍ਰਗਟਾਵਾ ਤਾਂ ਹੈ ਹੀ ਸੀ, ਆਪਣੇ ਯੁੱਗ ਦੀ ਭਵਿਖਬਾਣੀ ਵੀ ਸਾਬਿਤ ਹੋਇਆ ਕਿਉਂ ਜੋ ਉਹ ਮੁਗ਼ਲ ਸਾਮਰਾਜ ਜਿਹੜਾ ਆਪਣੀ ਵਿਸ਼ਾਲਤਾ ਵਿਚ ਆਪਣੀ ਮਿਸਾਲ ਆਪ ਸੀ, ‘ਜ਼ਫ਼ਰਨਾਮੇ’ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਉਹ ਪਿੰਜੀ ਹੋਈ ਰੂੰ ਦੀ ਢੇਰੀ ਵਾਂਗ ਖੇਰੂੰ ਖੇਰੂੰ ਹੁੰਦਾ ਦੁਨੀਆਂ ਨੇ ਆਪਣੀ ਅੱਖੀ ਵੇਖ ਲਿਆ।