ਯੂਥ ਕਾਂਗਰਸ ਦਾ ਪ੍ਰਧਾਨ ਬਲਾਤਕਾਰ ਦੇ ਦੋਸ਼ਾਂ ਅਧੀਨ ਗ੍ਰਿਫਤਾਰ

ਯੂਥ ਕਾਂਗਰਸ ਦਾ ਪ੍ਰਧਾਨ ਬਲਾਤਕਾਰ ਦੇ ਦੋਸ਼ਾਂ ਅਧੀਨ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ
ਯੂਥ ਕਾਂਗਰਸ ਦੇ ਮੋਗਾ ਜ਼ਿਲ੍ਹਾ ਪ੍ਰਧਾਨ ਵਰੁਣ ਜੋਸ਼ੀ ਨੂੰ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੇ ਬਲਾਤਕਾਰ ਦੇ ਦੋਸ਼ ਅਧੀਨ ਗ੍ਰਿਫਤਾਰ ਕਰ ਲਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਯੂਥ ਕਾਂਗਰਸ ਆਗੂ ਵਰੁਣ ਜੋਸ਼ੀ ਨੂੰ ਅੱਜ ਨਿਹਾਲ ਸਿੰਘ ਵਾਲਾ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਰਿਮਾਂਡ ਦੌਰਾਨ ਉਸ ਦਾ ਕਰੋਨਾ ਟੈਸਟ ਵੀ ਕਰਵਾਇਆ ਜਾਵੇਗਾ। ਇਸ ਕਾਰਵਾਈ ਲਈ ਯੂਥ ਕਾਂਗਰਸ ਆਗੂ ਕਈ ਦਿਨ ਤੱਕ ਪੁਲੀਸ ਹਿਰਾਸਤ ਵਿੱਚ ਰਹੇਗਾ।


ਵਰੁਣ ਜੋਸ਼ੀ

ਪ੍ਰਾਪਤ ਜਾਣਕਾਰੀ ਮੁਤਾਬਕ ਵਰੁਣ ਜੋਸ਼ੀ ਦੀ ਪਤਨੀ ਮਮਤਾ ਰਾਣੀ ਜਿਸ ਪਿੰਡ ਦੀ ਸਰਪੰਚ ਹੈ, ਉਸ ਪਿੰਡ ਦੀ ਸਰਕਾਰੀ ਡਿਸਪੈਂਸਰੀ ਵਿਚ ਤੈਨਾਤ ਨਰਸ ਨਾਲ ਵਰੁਣ ਜੋਸ਼ੀ ਵੱਲੋਂ ਜਬਰ-ਜਨਾਹ ਕੀਤਾ ਗਿਆ। ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਸੀ ਕਿ ਵਰੁਣ ਜੋਸ਼ੀ ਉਸ ਦੀਆਂ ਕੁੱਝ ਇਤਰਾਜਯੌਗ ਤਸਵੀਰਾਂ ਦੇ ਹਵਾਲੇ ਨਾਲ ਉਸਨੂੰ ਬਲ਼ੈਕਮੇਲ ਕਰਕੇ 4 ਲੱਖ ਰੁਪਏ ਲੈ ਚੁੱਕਿਆ ਹੈ ਅਤੇ 25 ਅਪ੍ਰੈਲ ਨੂੰ ਉਹ ਉਸਨੂੰ ਕਿਸੇ ਸੁੰਨਸਾਨ ਥਾਂ ਲੈ ਗਿਆ ਜਿੱਥੇ ਉਸ ਨਾਲ ਬਲਾਤਕਾਰ ਕੀਤਾ। 

ਪੀੜਤ ਸਰਕਾਰੀ ਮੁਲਾਜਮ ਦੀ ਅਰਜ਼ੀ ਉੱਤੇ ਮੁਲਜ਼ਮ ਵਰੁਣ ਜੋਸ਼ੀ ਖ਼ਿਲਾਫ਼ ਅਦਾਲਤ ਦੇ ਹੁਕਮ ਉੱਤੇ 2 ਜੂਨ ਨੂੰ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਜਬਰ-ਜਨਾਹ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਮਗਰੋਂ ਡੇਢ ਮਹੀਨੇ ਤੋਂ ਵੱਧ ਸਮਾਂ ਬੀਤਣ ਮਗਰੋਂ ਵੀ ਪੁਲੀਸ ਕਥਿਤ ਰਾਜਸੀ ਦਬਾਅ ਹੇਠ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਟਾਲਾ ਵੱਟ ਰਹੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 13 ਜੁਲਾਈ ਨੂੰ ਮੁਲਜ਼ਮ ਯੂਥ ਕਾਂਗਰਸ ਆਗੂ ਵਰੁਣ ਜੋਸ਼ੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਹਾਈਕੋਰਟ ਨੇ ਹੁਕਮ ’ਚ ਲਿਖਿਆ ਕਿ ਮੁਲਜ਼ਮ ਖ਼ਿਲਾਫ਼ ਜਬਰ ਜਨਾਹ ਦਾ ਸਿੱਧਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਪੀੜਤ ਨੇ ਖਾਸ ਤੌਰ ’ਤੇ ਬਲੈਕਮੇਲ ਕਰਕੇ ਉਸ ਤੋਂ ਪੈਸੇ ਪ੍ਰਾਪਤ ਕਰਨ ਦੇ ਦੋਸ਼ ਵੀ ਲਗਾਏ ਹਨ। ਹਾਈਕੋਰਟ ਦੇ ਹੁਕਮ ਉੱਤੇ ਪੀੜਤ ਦੇ ਸਬ ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿੱਚ ਪੁਲੀਸ ਦੀ ਸੁਰੱਖਿਆ ਹੇਠ ਧਾਰਾ 164 ਸੀਆਰਪੀਸੀ ਤਹਿਤ ਬਿਆਨ ਵੀ ਦਰਜ ਕਰਵਾਏ ਹਨ। ਪੁਲੀਸ ਦੀ ਤਫ਼ਤੀਸ਼ ਦੌਰਾਨ ਸ਼ਿਕਾਇਤਕਰਤਾ ਅਤੇ ਮੁਲਜ਼ਮ ਯੂਥ ਕਾਂਗਰਸ ਆਗੂ ਦੇ ਮੋਬਾਈਲ ਵਿੱਚੋਂ ਦੌਰਾਨ 600 ਸੁਨੇਹੇ, ਫੋਟੋਆਂ, ਵੀਡੀਓ ਅਤੇ ਹੋਰ ਸਮੱਗਰੀ ਮਿਲੀ ਹੈ।