ਸਿੱਖਾਂ ਵਿੱਚ ਇਲੈਕਸ਼ਨ ਨਹੀਂ ਸਲੈਕਸ਼ਨ ਦੀ ਪ੍ਰਥਾ !

ਸਿੱਖਾਂ ਵਿੱਚ ਇਲੈਕਸ਼ਨ ਨਹੀਂ ਸਲੈਕਸ਼ਨ ਦੀ ਪ੍ਰਥਾ !

     ਬੀਟੂ ਅਰਪਿੰਦਰ ਸਿੰਘ

            ਸਪੇਨ

ਇਹ ਗੱਲ ਤੇ ਪੱਕੀ ਏ ਕਿ ਸਿੱਖਾਂ ਵਿੱਚ ਇਲੈਕਸ਼ਨ ਨਹੀਂ ਸਲੈਕਸ਼ਨ ਦੀ ਪ੍ਰਥਾ ਰਹੀ ਏ ਉਹ ਵੀ ਪੰਚ ਪ੍ਰਧਾਨੀ ਮਰਿਆਦਾ ਅਨੁਸਾਰ ! ਬੀਤੇ ਸਮਿਆਂ ਦੇ ਸਿੱਖ ਉੱਚੇ ਕਿਰਦਾਰਾਂ ਵਾਲੇ ਸਨ ਜੋ ਪ੍ਰਧਾਨਗੀ ਲੰਬੜਦਾਰੀ ਦੀ ਥਾਂ ਸੇਵਾ ਨੂੰ ਪਹਿਲ ਦਿੰਦੇ ਸਨ ! ਭਾਵ ਨਵਾਬ ਕਪੂਰ ਸਿੰਘ ਜੀ ਵਰਗੇ ਗੁਰ ਸਿੱਖ ਜੋ ਪੰਜਾਂ ਪਿਆਰਿਆਂ ਦਾ ਹੁੱਕਮ ਸਿਰ ਮੱਥੇ ਮੰਨਕੇ ਜੇ ਨਵਾਬੀ ਲੈ ਵੀ ਲੈਂਦੇ ਤਾਂ ਘੋੜਿਆਂ ਦੇ ਤਬੇਲੇ ਦੀ ਸੇਵਾ ਵੀ ਨਾਲ ਮੰਗ ਲੈਂਦੇ ਮਤੇ ਕਿੱਤੇ ਹਾਓਮੈ ਨੇੜੇ ਫੜਕ ਜੇ ! ਇਹ ਵੀ ਮਨੁੱਖੀ ਇਤਹਾਸ ਵਿੱਚ ਨਿਮਰਤਾ ਦੀ ਹੱਦ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਇਕ ਸਿੱਖ ਸਿਰ ਤੇ ਕਲਗੀ ਸਜ਼ਾ ਕੇ ਘੋੜਿਆਂ ਦੀ ਲਿੱਦ ਹਟਾਵੇ !…..ਤੇ ਅੱਜ ਦੇ ਸਿੱਖ ਕੱਛਾਂ ਚ, ਫ਼ਾਈਲਾਂ ਲਈ ਨਿੱਕੀਆਂ ਨਿੱਕੀਆਂ ਪ੍ਰਧਾਨਗੀਆਂ ਲਈ ਬੀੜੀਆਂ ਪੀਣ ਵਾਲੇ ਜੱਜਾਂ ਦੀਆਂ ਚੌਂਕੀਆਂ ਭਰਦੇ ਮੈਂ ਆਪ ਵੇਖੇ ਹਨ ! ਗੱਲ ਅੱਜ ਵੱਡੀਆਂ ਕਮੇਟੀ ਦੀ ਨਹੀਂ ਕਰਨੀ ਅਤੇ ਨਾਂ ਹੀ ਦੇਸ਼ਾਂ ਵਿਦੇਸ਼ਾਂ ਵਿਚਲੇ ਅਨੇਕਾਂ ਗੁਰੂ ਘਰਾਂ ਦੀਆਂ ਕਮੇਟੀਆਂ ਦੀ ! ਗੱਲ ਕਰਦੇ ਆਂ ਅੱਜ ਆਪਣੇ ਨਗਰ ਸ੍ਰੀ ਫਰੈੰਕਫੋਰਟ ਸਾਹਿਬ ਦੀ ਤੇ ਸੱਭ ਤੋ ਪੁਰਾਣੇ ਗੁਰੂ ਘਰ ਦੀ ! 

ਪਹਿਲਾਂ ਇਹ ਦੱਸ ਦਿਆਂ ਕਿ ਮੈਨੂੰ ਆਪਣੀ ਕਰਮ ਭੂਮੀ ਜਰਮਨ ਦੇ ਮਹਾਂਨਗਰ ਨੂੰ ਸ੍ਰੀ ਫਰੈੰਕਫੋਰਟ ਸਾਹਿਬ ਕਿਉਂ ਲਿਖਣਾ ਪਿਆ ! ਕਾਰਨ ਇਹ ਕਿ ਪਿੱਛਲੇ ਤਿੰਨ ਦਹਾਕਿਆਂ ਤੋ ਮੈ ਇਕ ਤੋਂ ਦੋ, ਦੋ ਤਿੰਨ ਤੋਂ ਤਿੰਨ ਤੋਂ ਚਾਰ ਗੁਰੂ ਘਰ ਬਣਦੇ ਵੇਖੇ ਹਨ ਤੇ ਆਉਣ ਵਾਲੇ ਦਿਨਾਂ ਚ, “ਗੁਰਦੁਆਰਾ ਸ੍ਰੀ ਹਿੱਸਾ-ਪੱਤੀ ਸਾਹਿਬਬਣਨ ਦੀਆਂ ਵੀ ਕਨਸੋਆਂ ਹਨ ! ਹੁਣ ਭਲਾ ਜਿਸ ਨਗਰ ਚ, ਸਿੱਖ ਸੰਗਤ ਨਾਲ਼ੋਂ ਵੱਧ ਗੁਰੂ ਘਰ ਹੋਣ ਸ੍ਰੀ ਤੇ ਸਾਹਿਬਲਾਉਣਾ ਤੇ ਬਣਦਾ ! ਜਦੋਂ ਨਵੇਂ ਆਏ ਸਾਂ ਫਰੈੰਕਫੋਰਟ ਇਕ ਗੁਰੂ ਘਰ ਹੁੰਦਾ ਸੀ ਦੁਰੋਂ ਨੇੜਿੰਓ ਵੀ ਸੰਗਤਾਂ ਆਂਉਦੀਆਂ ਸਨ ਬੜੀ ਭਾਰੀ ਰੌਣਕ ਹੁੰਦੀ ਸੀ ! ਫਿਰ ਅਫ਼ਗ਼ਾਨੀ ਸਿੱਖਾਂ ਨੇ ਆਪਣਾ ਵੱਖਰਾ ਅਫ਼ਗ਼ਾਨ ਗੜਬਣਾ ਲਿਆ ਤੇ ਕਸਬੇ ਔਫ਼ਨਬਾਖ ਵਾਲਿਆਂ ਆਪਣਾ ਵੱਖਰਾ ਬੁੰਗਾ ਸਾਹਿਬਤੇ ਹੁੱਣ ਉਸ ਚੋ ਵੀ ਨਿਕਲ ਕੇ ਇਕ ਨਵਾਂ ਝੰਡਾ ਬੁੰਗਾਇਸ ਵਰੇ ਸਥਾਪਿਤ ਹੋਣ ਦੀ ਖ਼ਬਰ ਵੀ ਹੈ ! ਪਰ ਅੱਜ ਗੱਲ ਕਰਦੇ ਆਂ ਗੁਰਦੁਆਰਾ ਸ੍ਰੀ ਪੰਗਾ ਸਾਹਿਬਭਾਵ ਸੱਭ ਤੋਂ ਪੁਰਾਣੇ ਗੁਰੂ ਘਰ ਗੁਰਦੁਆਰਾ ਸਿੱਖ ਸੈੰਟਰ ਫਰੈੰਕਫੋਰਟ ਸਾਹਿਬਦੀ ! ਝੰਡਾ ਬੁੰਗਾ ਜਾਂ ਪੰਗਾ ਸਾਹਿਬ ਲਿੱਖਣ ਲਈ ਨਗਰ ਦੀਆਂ ਸਿੱਖ ਸੰਗਤਾਂ  ਤੇ ਸਮਰੱਥ ਗੁਰੂ ਸਾਹਿਬ ਤੋ ਅਗਾਂਊ ਮੁਆਫੀ ! ਡਰ ਲਗਦਾ ਭਾਈ ਕੋਈ ਤਲਬ ਹੋਣ  ਲਈ ਫ਼ਤਵਾ ਜਾਰੀ ਨਾਂ ਕਰਦੇ ਇਸ ਲਈ ਮੁਆਫ਼ੀ ਪਹਿਲਾਂ ! ਪੰਗਾ ਸਾਹਿਬ ਇਸ ਕਰਕੇ ਕਿ ਗੁਰੂ ਘਰ ਸਿਰਫ਼ ਪਤਵੰਤਿਆਂ ਕਰਕੇ ਸਦਾ ਵਿਵਾਦਾਂ ਵਿੱਚ ਰਿਹਾ ! ਜਦੋਂ ਨਵੇਂ ਆਏ ਸੁਣਿਆ ਚੌਧਰ ਲਈ ਕਤਲ ਤੱਕ ਵੀ ਹੋਏ ਸਨ ਤੇ ਬਾਕੀ ਜੂਤ ਪਤਾਣ, ਪੱਗੋ ਲਾਹੀ ਹੱਥੋਂ ਫਾਹੀ ਤੇ ਪੁਲਿਸ ਦਾ ਜੁੱਤੀਆਂ ਤੇ ਕੁੱਤਿਆਂ ਸਮੇਤ ਅੰਦਰ ਆਉਣਾ ਤੇ ਆਮ ਜਿਹੀ ਗੱਲ ਆ !

ਸੱਭ ਤੋਂ ਮੰਦਭਾਗੀ ਗੱਲ ਆ ਨਿੱਕੇ ਬੱਚਿਆਂ ਦੇ ਸਾਹਮਣੇ ਬੀਬੀਆਂ ਦਾ ਪ੍ਰਗਟ ਗੁਰਾਂ ਕੀ ਦੇਹ ਸਾਹਮਣੇ ਬੋਲ ਬੁਲਾਰਾ ! ਆਪੇ ਤੋਂ ਬਾਹਰ ਹੋਣਾਂ ਤੇ ਅੰਨਪੜਤਾ ਦਾ ਨੰਗਾ ਨਾਚ ਕਰ, ਮੰਦੇ ਬੋਲ ਬੋਲਕੇ ਅਕਲ ਦਾ ਦੁਆਲਾ ਕੱਢਣਾ ! ਖ਼ੈਰ ਰੱਬ ਲੱਤ ਨੀ ਮੱਤ ਮਾਰਦਾ ! ਨਗਰ ਦੇ ਪਤਵੰਤੇ ਏਨੇ ਦੂਰ ਆੰਦੇਸ਼ ਨੇ ਕਿ ਦਹਾਕੇ ਨਾਲ਼ੋਂ ਵੱਧ ਸਮਾਂ ਹੋ ਚੱਲਿਆ ਇਕ ਕਮੇਟੀ ਰਜਿਸਟਰ ਨਹੀਂ ਕਰਵਾ ਸਕੇ ! ਕਿੰਓ ਕਿ ਵਿਚਾਰਿਆਂ ਨੂੰ ਗੁਰਮਤਾ ਨੀ ਕਰਨਾਂ ਆਂਉੰਦਾ ! ਜਿਹੜਾ ਆਉੰਦਾ ਆਪਣੀ ਚੌਧਰ ਕਰ ਦੂਜਿਆਂ ਨੂੰ ਨਿੰਦ ਭੰਡ ਔਹ ਜਾਂਦਾ ਤੇ ਮਗਰ ਛੱਡ ਜਾਂਦਾ ਘੁਟਾਲੇ ਤੇ ਵਿਵਾਦ ! ਜੋ ਮੈਂ ਪਿੱਛਲੇ ਦੋ ਸਾਲਾਂ ਤੋ ਬੜਾ ਨੇੜਿੰਓ ਵੇਖਿਆ ਉਹ ਹੈ ਸਿਰਫ਼ ਹਾਓਮੈ ਦੀ ਜੰਗ ਜਿੱਤਣ ਦਾ ਜਨੂੰਨ ! ਕਿਸੇ ਨੂੰ ਗੁਰੂ ਨਾਲ, ਗੁਰਮੱਤ ਨਾਲ, ਰਹਿਤ ਨਾਲ, ਮਰਿਆਦਾ ਨਾਲ, ਪੰਥ ਜਾਂ ਗ੍ਰੰਥ ਨਾਲ ਕੋਈ ਲੈਣਾ ਦੇਣਾ ਨਹੀਂ ! ਗੁਰੂ ਘਰ ਘੱਟ ਤੇ ਕਮਿਊਨਟੀ ਸੈੰਟਰ ਵੱਧ ਲਗਦਾ ਏ ! 

ਖ਼ੈਰ ! ਮੇਰੇ ਵਰਗੇ ਬੰਦੇ ਦੀ ਗੁਰੂ ਘਰ ਦੇ ਪਾਕ ਪਵਿੱਤਰ ਕਾਰਜਾਂ ਚ, ਦੱਖਲ ਅੰਦਾਜ਼ੀ ਕਰਨ ਦੀ ਕੋਈ ਔਕਾਤ ਨਹੀਂ ਏ ਪਰ ਫਿਰ ਵੀ ਪਤਾ ਨਹੀਂ ਸੁਹਿਰਦ ਸੱਜਣ ਕਿੰਓ ਯਾਦ ਕਰ ਲੈੰਦੇ ਨੇ ! ਦੋ ਸਾਲ ਪਹਿਲਾਂ ਵੀ ਸਲਾਹ ਦਿੱਤੀ ਸੀ ਕਿ ਭਾਈ ਜੇ ਕੋਈ ਡਰਾਇਵਰ ਕਿਸੇ ਦੀ ਟੈਕਸੀ ਦਾ ਆਏ ਦਿਨ ਨੁਕਸਾਨ ਕਰੇ ਤੇ ਅਗਲੇ ਫ਼ਾਰਗ ਕਰ ਦਿੰਦੇ ਬਈ ਬੰਦਾ ਲਾਹੇਵੰਦ ਨਹੀਂ ਤੇ ਅੰਹੀ ਨੁਕਸਾਨ ਕਰਨ ਵਾਲਿਆਂ ਨੂੰ ਮੁੜ ਮੁੜ ਮੌਕੇ ਦਿਨੇ ਸਿਰਫ ਆਪਣੇ ਸਵਾਰਥ ਲਈ ! ਚਲੋ ਸਲਾਹ ਸੀ ਦੇ ਦਿੱਤੀ ਨਹੀਂ ਕਿਸੇ ਸੁਣੀ ਬਈ ! ਨਵੇਂ ਬੰਦੇ ਜਿੰਨਾਂ ਨੂੰ ਅਜੇ ਤੱਕ ਮੌਕਾ ਈ ਨੰਹੀਂ ਦਿੱਤਾ ਉਹਨਾਂ ਨੂੰ ਕਿੱਦਾਂ ਭੰਡ ਸਕਦੇ ਆਂ ! ਦੋ ਸਾਲ ਫਿਰ ਪੰਗਾ ਬਾਜ਼ੀ ਤੇ ਦੰਗਾ ਬਾਜ਼ੀ ਚ, ਗੁਜ਼ਰ ਗਏ ! ਸਮਾਂ ਅਨਰਜੀ ਤੇ ਮਾਇਆ ਦਾ ਨੁਕਸਾਨ ਕੀਤਾ ਪਰ ਪਰਨਾਲਾ ਉੱਥੇ ਦਾ ਉੱਥੇ ! ਸੋਚਿਆ ਸੀ ਪਿੱਛਲੇ ਤੀਹ ਸਾਲਾਂ ਤੋ ਨਿਰਲੇਪ ਰਹੇ ਆਂ ਆਪਾਂ ਇਹਨਾਂ ਰਾਹਾਂ ਦੇ ਪਾਂਧੀ ਨਹੀਂ ! ਬੁਰੇ ਜ਼ਰੂਰ ਆਂ ਪਰ ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਆਂ ਗੁਰੂ ਘਰ ਕਿਹੇ ਨਾਲ ਲੜਨਾਂ ਤੇ ਕੀ ਉੱਚੀ ਬੋਲਣਾ ਵੀ ਗੁਨਾਹ ਹੈ ! ਬਥੇਰਾ ਲੋਕਾਂ ਪਰਵੋਕ ਕੀਤਾ ਕਿ ਭਾਵੁਕ ਬੰਦੇ ਆ ਖਿੱਝਾਈਏ ਤੇ ਕਿਹੇ ਦੇ ਗੱਲ ਪੈਣ ! ਕਈ ਮੰਦਬੁੱਧੀਆਂ ਨੇ ਕਿਹਾ ਆਜੋ ਚਾਹ ਪਕੌੜੇ ਬਣੇ ਆ ਖਾਜੋ ! ਪਰ ਇੱਕੋ ਕਿਹਾ ਬਾਹਰ ਕੱਲੇ ਤੁਰੇ ਫਿਰਦੇ ਆ ਫੇਸਬੁੱਕ ਤੇ ਥਾਂ ਥਾਂ ਲਾਈਵ ਹੁੰਨੇ ਆ ਜਿੰਨੇ ਫੜਨਾਂ ਫੜਲੋ ਭਾਈ ਜੈੱਡ ਸਕਿਉਰਟੀ ਤੇ ਹੈਨੀ ! ਭਾਵ ਦੋ ਸਾਲ ਗੁਰੂ ਘਰ ਲੜਾਈ ਰੋਕ ਕੇ ਰੱਖੀ !

ਪਿਛਲੇ ਕੁਹ ਅਰਸੇ ਤੋਂ ਸਪੇਨ ਆਂ ਕੁਹ ਦਿਨਾਂ ਵਾਸਤੇ ਤੇ ਕੁਹ ਸੱਜਣਾਂ ਦੇ ਫ਼ੋਨ ਆ ਰਹੇ ਹਨ ਕਿ ਸਰਗਰਮੀਆਂ ਫਿਰ ਜ਼ੋਰਾਂ ਤੇ ਆਂ ਕਮੇਟੀ ਦੀ ਚੋਣ ਬਾਰੇ ! ਕੱਲ ਈ ਇਕ ਸੱਜਣ ਦਾ ਫ਼ੋਨ ਆਇਆ ਕਿ ਸ਼ਨੀਵਾਰ ਮੀੰਟੰਗ ਆ ਤੇ ਐਤਵਾਰ ਕਮੇਟੀ ਚੁਣਨੀ ਆਂ ਅਖੇ ਦੋ ਤਿੰਨ ਬੰਦੇ ਓੱਧਰੋਂ ਆਂ ਤੇ ਦੋ ਤਿੰਨ ਓਧਰੋਂ  ! ਭਾਈ ਬੇਨਤੀ ਆ ਨਗਰ ਚ, ਹੋਰ ਵੀ ਲੋਕ ਵੱਸਦੇ ਆ ਇਹ ਦੋ ਦੋ ਤਿੰਨ ਤਿੰਨ ਆਲ਼ੀ ਗੇਮ ਕਿਰਪਾ ਕਰਕੇ ਬੰਦ ਕਰੋ ! ਇਹ ਨਹੀ ਕਿ ਕਦੇ ਚੋਰ ਚੋਰ ਤੇ ਕਦੇ ਭਾਈ ਭਾਈ ! ਨਗਰ ਚ, ਹੋਰ ਵੀ ਸੰਗਤ ਵਸਦੀ ਏ ! ਇਸ ਲਈ ਬੇਨਤੀ ਆ ਸਾਰੇ ਫ਼ਾਰਗ ਹੋਵੋ ਤੇ ਵਾਹਿਗੁਰੂ ਵਾਹਿਗੁਰੂ ਕਰੋ !ਜੋ ਮੈਂ ਸਮਝਦਾ ਹਾਂ ਹੋ ਸਕਦਾ ਗਲਤ ਹੋਵਾਂ ! ਪਰ ਫਰੈੰਕਫੋਰਟ  ਗੁਰੂ ਘਰ ਦਾ ਮਸਲਾ ਪਤਵੰਤਿਆਂ ਕਸ਼ਮੀਰ ਦੇ ਮਸਲੇ ਵਾਂਗੂ ਉਲਝਾਇਆ ਹੋਇਆ ਹੈ ਜਾਂ ਤਾਂ ਹੱਲ ਕਰਨਾਂ ਨੀ ਚਹੁੰਦੇ ਤੇ ਜਾਂ ਕੋਈ ਕਰਨ ਦੇਣਾ ਨਹੀਂ ਚਹੰਦਾ ! ਪਰ ਫਿਰ ਵੀ ਗੁਰੂ ਸਮਰੱਥ ਹੈ ਆਸ ਕਾਹਨੂੰ ਛੱਡਣੀ !  ਜੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਜੇ ਤੇ ਗੁਰਾਂ ਕੀ ਦੇਹ ਨੂੰ ਪ੍ਰਗਟ ਗੁਰਾਂ ਕੀ ਦੇਹ ਸਮਝਦੇ ਹੋ ਤਾਂ ਸੱਭ ਗੁਰੂ ਤੇ ਛੱਡ ਦਓ ! ਪਰਚੀਆਂ ਪਾਓ ਕਿਸੇ ਬੱਚੇ  ਤੋਂ ਚਕਾਓ ! ਤੇ ਗੁਰੂ ਆਸਰੇ ਸੇਵਾ ਬਖ਼ਸੋ !ਤੇ ਫੇਰ ਮਸਲੇ ਸਾਰੇ ਹੱਲ ਹੋਣਗੇ ਅਖਿਰ ਨੂੰ ! ਮੁੱਖੜੇ ਗੁਰੂਆਂ ਵੱਲ ਹੋਣਗੇ ਆਖਿਰ ਨੂੰ !!