ਪਿਟਸਬਰਗ ਵਿਚ ਪੁੱਲ ਹੋਇਆ ਢਹਿਢੇਰੀ,10 ਜ਼ਖਮੀ

ਪਿਟਸਬਰਗ ਵਿਚ ਪੁੱਲ ਹੋਇਆ ਢਹਿਢੇਰੀ,10 ਜ਼ਖਮੀ
ਕੈਪਸ਼ਨ: ਡਿੱਗੇ ਪੁਲ ਦੀ ਦੂਰੋਂ ਲਈ ਗਈ ਇਕ ਤਸਵੀਰ

 * 50 ਸਾਲ ਪੁਰਾਣੇ ਪੁਲ ਦੀ ਮੁਰੰਮਤ ਦੀ ਲੋੜ ਸੀ ਜੋ ਨਹੀਂ ਕੀਤੀ ਗਈ।

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਪਿਟਸਬਰਗ ਵਿਚ ਬਰਫ ਨਾਲ ਢੱਕਿਆ ਇਕ ਪੁਲ ਅਚਾਨਕ ਢਹਿਢੇਰੀ ਹੋ ਗਿਆ ਤੇ ਉਸ ਉਪਰੋਂ ਦੀ ਲੰਘ ਰਹੇ ਵਾਹਣ ਹੇਠਾਂ ਡਿੱਗ ਗਏ ਜਿਨ੍ਹਾਂ ਵਿਚ ਸਵਾਰ 10 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ 3 ਜਣਿਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਹੈ। ਪਿਟਸਬਰਗ ਦੇ ਅੱਗ ਬੁਝਾਊ ਵਿਭਾਗ ਦੇ ਮੁੱਖੀ ਡੈਰਿਲ ਜੋਨਜ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਦਾਖਲ ਕਰਵਾਏ ਲੋਕਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲ ਡਿੱਗਾ ਤਾਂ ਉਸ ਸਮੇ ਉਸ ਉਪਰੋਂ 5 ਵਾਹਣ ਤੇ ਇਕ ਬੱਸ ਲੰਘ ਰਹੀ ਸੀ ਕਿ ਅਚਾਨਕ ਪੁਲ ਦਾ ਇਕ ਹਿੱਸਾ ਟੁੁੱਟ ਕੇ ਹੇਠਾਂ ਡਿਗ ਗਿਆ। ਜੋਨਜ ਅਨੁਸਾਰ ਕੁਝ ਸਾਲ ਪਹਿਲਾਂ ਇਸ ਪੁਲ ਦੀ ਜਾਂਚ ਹੋਈ ਸੀ ਤੇ ਇਹ ਪਾਇਆ ਗਿਆ ਸੀ ਕਿ ਇਸ ਦੀ ਹਾਲਤ ਮਾੜੀ ਹੈ। ਇਸ ਦੀ ਤੁਰੰਤ ਮੁਰੰਮਤ ਕਰਨ ਦੀ ਲੋੜ ਹੈ ਪਰੰਤੂ ਇਹ ਮੁਰੰਮਤ ਨਹੀਂ ਕੀਤੀ ਗਈ। ਪੁਲ ਡਿੱਗਣ ਨਾਲ ਕੁਝ ਵਾਹਣ ਵੀ ਹੇਠਾਂ ਡਿੱਗ ਗਏ ਜਿਨ੍ਹਾਂ ਨੂੰ ਕਰੇਨ ਦੀ ਮੱਦਦ ਨਾਲ ਚੁੱਕਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪੁਲ ਦਾ ਮਲਬਾ 150 ਫੁੱਟ ਦੇ ਕਰੀਬ ਹੇਠਾਂ ਖੱਡ ਵਿਚ ਡਿੱਗਾ ਹੈ ਜਿਥੇ ਪਹੁੰਚਣ ਲਈ ਰਾਹਤ ਕਰਮਚਾਰੀਆਂ ਵੱਲੋਂ ਰੱਸਿਆਂ ਦੀ ਵਰਤੋਂ ਕੀਤੀ ਗਈ। ਸਵੇਰ ਵੇਲਾ ਹਾਦਸਾ ਵਾਪਰਨ ਕਾਰਨ ਆਸ ਪਾਸ ਸੈਰ ਕਰ ਰਹੇ ਜਾਂ ਲੰਘ ਰਹੇ  ਲੋਕਾਂ ਨੇ ਵੀ ਬਚਾਅ ਕਾਰਵਾਈ ਵਿਚ ਮੱਦਦ ਕੀਤੀ। ਇਹ ਪੁਲ ਤਕਰੀਬਨ 50 ਸਾਲ ਪੁਰਾਣਾ ਹੈ ਜਿਸ ਦਾ ਨਿਰਮਾਣ 1970 ਵਿਚ ਹੋਇਆ ਸੀ।  ਪੁਲ ਦੇ ਨਿਰਮਾਣ ਨਾਲ  ਜੁੜੀ ਇਕ ਏਜੰਸੀ ਅਨੁਸਾਰ ਪੁਲ ਦੀ ਮੁਰੰਮਤ ਲਈ 1.5 ਮਿਲੀਅਨ ਡਾਲਰਾਂ ਦੀ ਲੋੜ ਸੀ ਪਰੰਤੂ ਪੁਲ ਦੀ ਮੁਰੰਮਤ ਨਹੀਂ ਹੋਈ ਤੇ ਇਸ ਪੁਲ ਦੀ ਹਰ ਸਾਲ ਜਾਂਚ ਕਰਨ ਲਈ ਕਿਹਾ ਗਿਆ। ਪਿਟਸਬਰਗ ਮੇਅਰ ਐਡ ਗੈਨੀ ਦੇ ਬੁਲਾਰੇ ਸੈਮ ਵੈਸਰਮੈਨ ਨੇ ਕਿਹਾ ਹੈ ਕਿ ਪੁਲ ਦੀ ਆਖਰੀ ਜਾਂਚ ਸਤੰਬਰ 2021 ਵਿਚ ਮੁਕੰਮਲ ਹੋਈ ਸੀ।