ਭਾਈ ਅੰਮ੍ਰਿਤਪਾਲ ਸਿੰਘ ਦੀ ਸੋਸ਼ਲ ਮੀਡੀਆ ਵੀਡੀਓ ਬਣੀ ਚਰਚਾ ਦਾ ਵਿਸ਼ਾ

ਭਾਈ ਅੰਮ੍ਰਿਤਪਾਲ ਸਿੰਘ ਦੀ ਸੋਸ਼ਲ ਮੀਡੀਆ ਵੀਡੀਓ ਬਣੀ ਚਰਚਾ ਦਾ ਵਿਸ਼ਾ

ਧਰਮ ਦੇ ਚੱਕਰਾਂ ਵਿੱਚ ਪਾ ਕੇ ਸਿਆਸਤ ਖੇਡਦੀਆਂ..

ਭਾਈ ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਜਾਰੀ ਕਰਕੇ ਆਪਣੀ ਚੜ੍ਹਦੀ ਕਲਾ ਬਾਰੇ ਦੱਸਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਨੂੰ ਅਪੀਲ ਵੀ ਕੀਤੀ ਕਿ ਉਹ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਬਲਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਸਿੱਖ ਸੰਗਤਾਂ ਵੱਲੋਂ ਸਹਿਯੋਗ ਦੇਣ ਉੱਤੇ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਵੀਡੀਓ ਦਾ ਉਸ ਸਮੇਂ ਸਾਹਮਣੇ ਆਉਣਾ ਜਦੋਂ ਪੁਲਸ ਵੱਲੋਂ ਸੋਸ਼ਲ ਮੀਡੀਆ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਆਪ ਨੂੰ ਪੁਲਸ ਹਵਾਲੇ ਕਰਨ ਦੀਆਂ ਖ਼ਬਰਾਂ ਚਲ ਰਹੀਆਂ ਸਨ। ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿਚ ਸਿਆਸਤ ਤੇ ਧਾਰਮਿਕ ਆਗੂਆਂ ਵਿੱਚ ਆਪਸੀ ਟਕਰਾਅ ਪੈਦਾ ਹੋਇਆ ਸੀ। ਅਜਿਹੀ ਸਥਿਤੀ ਵਿਚ ਭਾਈ ਅੰਮ੍ਰਿਤਪਾਲ ਸਿੰਘ ਦਾ ਇਹ ਵੀਡੀਓ ਆਉਣਾ ਕਈ ਸ਼ੰਕੇ ਵੀ ਪੈਦਾ ਕਰਦਾ ਹੈ।


ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦਾ ਜੋ ਮਾਹੌਲ ਬਣਿਆ ਹੋਇਆ ਹੈ ਉਸ ਵਿੱਚ ਸਿਆਸੀ ਤੇ ਧਾਰਮਿਕ ਦੋਨਾਂ ਧਿਰਾਂ ਦੇ ਨੁਮਾਇੰਦਿਆਂ ਵੱਲੋਂ ਆਪਸੀ ਖਹਿਬਾਜ਼ੀ ਚੱਲ ਰਹੀ ਹੈ। ਪੰਜਾਬ ਵਿੱਚ ਧਰਮ ਦਾ ਸਿਆਸੀਕਰਨ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਕੁਝ ਰਾਜਨੀਤਿਕ ਪਾਰਟੀਆਂ ਨੇ ਇਸ ਨੂੰ ਆਪਣਾ ਹਥਿਆਰ ਬਣਾਇਆ ਸੀ। ਇਤਿਹਾਸ ਦੇ ਪੱਤਰਿਆਂ ਨੂੰ ਫੋਲਦਿਆਂ ਇੱਕ ਗੱਲ ਸਾਫ ਜ਼ਾਹਰ ਹੁੰਦੀ ਹੈ ਕਿ ਹਕੂਮਤਾਂ ਨੇ ਜਦੋਂ ਵੀ ਲੰਬੇ ਸਮੇਂ ਤੱਕ ਰਾਜ ਕਰਨਾ ਹੁੰਦਾ ਹੈ ਉਦੋਂ ਉਹ ਲੋਕਾਂ ਨੂੰ ਧਰਮ ਦੇ ਚੱਕਰਾਂ ਵਿੱਚ ਪਾ ਕੇ ਸਿਆਸਤ ਖੇਡਦੀਆਂ ਹਨ । ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੀ ਇਸ ਵਿੱਚ ਦੇਖਿਆ ਜਾ ਸਕਦਾ ਹੈ।
ਭਾਰਤੀ ਸ਼ੋਸ਼ਲ ਮੀਡੀਆ ਅੱਜ ਇੱਕ ਉਹ ਹਥਿਆਰ ਬਣਿਆ ਹੋਇਆ ਹੈ ਜਿਸ ਨਾਲ ਲੋਕਾਂ ਦੀ ਮਾਨਸਿਕਤਾ ਨੂੰ ਜਿਵੇਂ ਚਾਹੇਂ ਬਦਲਿਆ ਜਾ ਸਕਦਾ ਹੈ। ਇਸ ਦੀ ਪਹਿਲੀ ਸਪਸ਼ਟ ਉਦਾਹਰਣ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ ਵਿੱਚੋ ਇੰਟਰਵਿਯੂ ਹੈ। ਜਦੋਂ ਉਸ ਦੀ ਇਹ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਹੀ ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਆਪਰੇਸ਼ਨ ਸ਼ੁਰੂ ਹੋ ਗਿਆ। ਇਸ ਆਪ੍ਰੇਸ਼ਨ ਵਿਚ ਪੰਜਾਬ ਦੇ ਨੌਜਵਾਨਾਂ ਦੀ ਘਰੋ ਘਰੀ ਜਾ ਕੇ ਫੜੋ-ਫੜਾਈ ਸ਼ੁਰੂ ਹੋ ਗਈ। ਮੰਤਰੀ ਬਾਜੇਕੇ ਵਰਗੇ ਭੋਲੇ ਨੌਜਵਾਨ ਜਿਨ੍ਹਾਂ ਨੂੰ ਅਜਨਾਲੇ ਦਾ ਨਾਮ ਵੀ ਨਹੀਂ ਲੈਣ ਆਉਂਦਾ ਸੀ ਉਹਨਾਂ ਨੂੰ ਪੰਜਾਬ ਤੋਂ ਚੁੱਕ ਕੇ ਆਸਾਮ ਵਿੱਚ ਭੇਜ ਦਿੱਤਾ ਗਿਆ। ਇਹ ਸਿਆਸਤ ਨਹੀਂ ਤਾਂ ਹੋਰ ਕੀ ਹੈ?

 

ਡਾ.ਸਰਬਜੀਤ ਕੌਰ ਜੰਗ