ਖ਼ੁਦਾ ਰਸੀਦਾ ਰੂਹਾਂ ਦੀ ਦਾਨਸ਼ੀਲਤਾ

ਖ਼ੁਦਾ ਰਸੀਦਾ ਰੂਹਾਂ ਦੀ ਦਾਨਸ਼ੀਲਤਾ

 ਜ਼ਿੰਦਗੀ 'ਚ ਦਿੱਤਾ ਸੱਭ ਤੋਂ ਵੱਡਾ ਦਾਨ ਗਿਆਨ  ਦਾ ਹੈ

ਜੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਨਾਲ ਨਸੀਬ ਹੁੰਦਾ ਹੈ। ਇਸ ਗਿਆਨ ਨੂੰ ਪਾਉਣ ਦੇ ਲਈ ਇਨਸਾਨ ਨੂੰ ਔਕੜਾਂ 'ਚੋਂ ਵੀ ਲੰਘਣਾ ਪੈਂਦਾ ਹੈ ਪਰ ਇਹ ਸਭ ਕੁਝ ਅਸਾਨ ਹੋ ਜਾਂਦਾ ਜਦੋਂ ਸਾਹ ਬਖਸ਼ਣ ਵਾਲਾ ਖੁਦਾ ਨਾਲ ਖਲ੍ਹੋ ਜਾਂਦਾ ਹੈ। ਉਸ ਸਮੇਂ ਗੁਰਬਾਣੀ ਫੁਰਮਾਨ "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ" ਆਪ ਮੁਹਾਰੇ ਨਿਕਲ ਜਾਂਦੇ ਹਨ। ਸੋ ਉਸ ਅਕਾਲ ਦੀ ਸਿਰਜੀ ਇਸ ਧਰਤਿ 'ਤੇ ਅਜਿਹਾ ਬਹੁਤ ਕੁਝ ਵਾਪਰਦਾ ਹੈ ਜੋ ਮਨੁੱਖੀ ਜੀਵਨ ਨੂੰ ਇਕ ਨਵੀਂ ਸੇਧ ਅਤੇ ਨਵੇਂ ਰਾਹ ਦਾ ਪਾਂਧੀ ਬਣਾਉਦਾ ਹੈ।ਦੁਨਿਆਵੀ ਪੱਖੋਂ ਇਨਸਾਨ ਜਨਮ ਤੋਂ ਹੀ ਆਪਣੇ ਨਾਲ ਕਈ ਰਿਸ਼ਤਿਆਂ ਨੂੰ ਨਿਭਾਉਂਦਾ ਹੈ । ਜਿਨ੍ਹਾਂ ਵਿਚ ਕੁਝ ਅਜਿਹੇ ਰਿਸ਼ਤੇ ਜੋ ਉਹ ਸਮਾਜ 'ਚ ਵਿਚਰਕੇ ਬਣਾਉਂਦਾ ਹੈ । ਅਜਿਹੇ ਰਿਸ਼ਤਿਆਂ ਨੂੰ ਆਪਣੇ ਸਕੇ ਰਿਸ਼ਤਿਆਂ ਤੋਂ ਵੀ ਵਧ ਕੇ ਪਿਆਰ ਤੇ ਸਤਿਕਾਰ ਨਾਲ ਨਿਭਾਉਣ ਦਾ ਯਤਨ ਕਰਦਾ ਹੈ।  ਅਜਿਹਾ ਹੀ ਇੱਕ ਰਿਸ਼ਤਾ ਜੋ ਜਿੰਦਗੀ ਦੇ ਅਜਿਹੇ ਮੁਕਾਮ ਉੱਤੇ ਬਣਿਆ ਜਦੋਂ ਆਪਣਿਆਂ ਵੱਲੋਂ ਨਿੱਘੀ ਵਧਾਈ ਤੇ ਬੇਗਾਨੇ ਦੇ ਅੱਗੇ ਜ਼ਿੰਦਗੀ ਦੀ ਡੋਰ ਸੌਂਪਣ ਤੋਂ ਬਾਅਦ ਬਣਿਆ ਸੀ। ਉਸ ਰਿਸ਼ਤੇ ਨੂੰ ਜੇਕਰ ਇਕ ਪਿਓ ਧੀ ਦੇ ਰਿਸ਼ਤੇ ਦਾ ਨਾਮ ਵੀ ਦਿੱਤਾ ਜਾਵੇ ਤਾਂ ਵੀ ਕੋਈ ਦੋ ਰਾਵਾਂ ਦੀ ਗੱਲ ਨਹੀ  ਸਕਦੀ।

 
 

ਮੈਂ ਇਥੇ ਗੱਲ ਕਰ ਰਹੀ ਹਾਂ ਅਵਜਿੰਦਰ ਸਿੰਘ ਅੰਕਲ ਜੀ ਦੀ। ਜੋ ਮੇਰੀ ਜ਼ਿੰਦਗੀ ਵਿਚ ਇਕ ਅਜਿਹੇ ਰਾਹ ਦਸੇਰੇ ਬਣੇ ਜਿਨ੍ਹਾਂ ਦੀ ਬਦੌਲਤ ਅੱਜ ਅਣਜਾਣ ਰੂਹਾਂ ਤੋਂ ਮਾਣ ਤੇ ਸਤਿਕਾਰ ਮਿਲ ਰਿਹਾ ਹੈ। ਮੇਰੀ ਜਿੰਦਗੀ ਦਾ ਉਹ ਦਿਨ ਜਦੋਂ ਅੰਕਲ ਜੀ ਨੇ ਮੈਨੂੰ ਆਖਿਆ ਸੀ ਕਿ ਤੂੰ ਅੱਗੇ ਪੜ੍ਹਾਈ ਜਾਰੀ ਕਰ, ਪਰ ਇਹ ਸੁਣ ਕੇ ਮੈਂ ਸੋਚ ਵਿਚ ਪੈ ਗਈ ਕੇ ਹੁਣ ਘਰ ਦੀ ਜਿੰਮੇਵਾਰੀ ਸੰਭਾਲ ਲਵਾ ਜਾ ਪੜਾਹੀ ਕਰਾਂ। ਫੇਰ ਸੋਚਿਆ ਤੇ ਸਹਿਜੇ ਸੁਭਾਅ  ਅੰਕਲ ਨੂੰ ਜਵਾਬ ਦਿੱਤਾ ਕੀ ਪੜ੍ਹਨ ਨੂੰ ਦਿਲ ਬਹੁਤ ਕਰਦੈ ਪਰ ਇਸ ਪੜ੍ਹਾਈ ਨੂੰ ਕਿਵੇਂ ਮੁਕੰਮਲ ਕਰਨਾ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ। ਉਸ ਸਮੇਂ ਅਬਜਿੰਦਰ ਅੰਕਲ ਬਿਨਾਂ ਝਿਜਕੇ ਆਖਣ ਲੱਗੇ ਕੇ ਜੇ ਤੇਰਾ ਦਿਲ ਪੜ੍ਹਾਈ ਕਰਨ ਨੂੰ ਕਰਦਾ ਹੈ ਤਾਂ ਤੂੰ ਮੇਰੇ ਨਾਲ ਪਟਿਆਲਾ ਯੂਨੀਵਰਸਿਟੀ ਚੱਲ, ਉੱਥੇ ਮੇਰੇ ਬਹੁਤ ਹੀ ਅਜ਼ੀਜ਼ ਭਰਾ ਪ੍ਰੋਫੈਸਰ ਲੱਗੇ ਹੋਏ ਹਨ ਇਹ ਸੁਣ ਕੇ ਮੈਂ ਪਹਿਲਾਂ ਡਰ ਗਈ , ਤੇ ਮਨ ਵਿਚ ਹੀ ਸੋਚਿਆ ਕੀ ਮੈਂ ਅੰਕਲ ਨੂੰ ਪੜ੍ਹਨ ਲਈ ਆਖ ਤਾਂ ਦਿੱਤਾ ਤੇ ਅੰਕਲ ਮੈਨੂੰ ਅੱਗੇ ਲੈ ਕੇ ਜਾਣ ਨੂੰ ਤਿਆਰ ਵੀ ਹੋ ਗੇ, ਪਰ ਮੈ ਇੱਕ ਪਿੰਡ ਤੋਂ ਆਈ ਕੁੜੀ ਜੋ ਕਦੇ ਅਨੰਦਪੁਰ ਸਾਹਿਬ ਤੋਂ ਅੱਗੇ ਇਕਲੀ ਨਹੀਂ ਗਈ ਸੀ ਉਹ ਕਿਵੇਂ ਏਨੇ ਵੱਡੇ ਅਦਾਰੇ ਵਿੱਚ ਪੜ੍ਹਾਈ ਕਰੇਗੀ, ਮਨ ਵਿਚ ਬਹੁਤ ਸਾਰੇ ਉਤਰਾਅ-ਚੜ੍ਹਾਅ ਚਲ ਰਹੇ ਸਨ। ਮਨ ਦੇ ਚਲਦੇ ਇਨ੍ਹਾਂ ਸਾਰੇ ਖ਼ਿਆਲਾਂ ਨੂੰ ਉਹ ਬ੍ਰਹਿਮੰਡੀ ਪਾਤਸ਼ਾਹ ਬਾਖੂਬੀ ਦੇਖ ਰਿਹਾ ਸੀ। ਮੈਨੂੰ ਨਹੀਂ ਸੀ ਪਤਾ, ਕਿ ਮੇਰੀ ਅਚਨਚੇਤ ਕੀਤੀ ਇਕ ਹਾਂ ਮੈਨੂੰ ਜ਼ਿੰਦਗੀ ਵਿਚ ਉਸ ਮੁਕਾਮ ਉੱਤੇ ਲੈ ਜਾਵੇਗੀ ਜਿਥੇ ਪਹੁੰਚਣ ਲਈ ਬਹੁਤ ਵੱਡੀ ਘਾਲਣਾ ਕਰਨੀ ਪੈਂਦੀ ਹੈ, ਪਰ ਉਸ ਅਕਾਲ ਦੀ ਰਹਿਮਤ ਤੇ ਸਬਰ ਦੇ ਸੰਘਰਸ਼ ਨਾਲ ਉਸ ਵਿਦਿਅਕ ਗੁਰੂ ਕੋਲ ਪੁੱਜੀ ਜਿਨ੍ਹਾਂ ਸਦਕਾ  ਜ਼ਿੰਦਗੀ ਨੂੰ ਹਰ ਸੁਖ ਦੁਖ ਵਿਚ ਜਿਉਣ ਦਾ ਪਤਾ ਹੀ ਨਹੀਂ ਲੱਗਿਆ ਸਗੋਂ ਸ਼ਬਦ ਦੀ ਸਮਝ, ਬੋਲਣ ਦੀ ਕਲਾ ਤੇ ਸੱਚ ਨਾਲ ਜ਼ਿੰਦਗੀ ਜਿਉਣ ਦਾ ਪਤਾ ਲੱਗਿਆ।

ਨਾਨਕ ਪਾਤਸ਼ਾਹ ਦੇ ਮੁਰੀਦ ਪ੍ਰੋਫੈਸਰ ਸਰਬਜਿੰਦਰ ਸਿੰਘ ਜੀ ਇਕ ਅਜਿਹੀ ਰੂਹਾਨੀ ਰੂਹ ਜਿਨ੍ਹਾਂ ਨੂੰ  ਪਹਿਲੀ ਵਾਰ ਮਿਲਦੇ ਸਾਰ ਹੀ ਮੇਰੇ ਮਨ ਵਿਚ ਚਲਦੇ ਉਤਰਾਅ-ਚੜ੍ਹਾਅ ਇਕ ਸ਼ਾਂਤ ਮਈ ਸਥਿਤੀ ਵਿਚ ਤਬਦੀਲ ਹੁੰਦੇ ਨਜ਼ਰੀ ਪਏ। ਉਹਨਾਂ ਦੇ ਪਹਿਲੇ ਬੋਲਾਂ ਨੇ ਵਜੂਦ ਵਿਚ ਅਕਾਲ ਦੀ ਲੋਅ ਭਰ ਦਿੱਤੀ ਜਿਥੋਂ ਸ਼ਬਦ ਬਾਣੀ ਨਾਲ ਜੁੜਨ ਦਾ ਰਾਹ ਸ਼ੁਰੂ ਹੋ ਗਿਆ, ਤੇ ਮਨ ਵਿਚ ਗੁਰਬਾਣੀ ਸ਼ਬਦ, "ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ" ਦਾ ਝਲਕਾਰਾ ਰੂਹਾਨੀ ਰੂੂਹ ਵਿਚ ਸਮਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਭਾਗ ਮੇਰੀ ਜ਼ਿੰਦਗੀ ਵਿਚ ਇਕ ਅਜਿਹਾ ਬਦਲਾਅ ਲੈਕੇ ਆਇਆ ਜਿਸ ਨੂੰ ਧਾਰਨ ਕਰਕੇ ਜ਼ਿੰਦਗੀ ਦਾ ਅਸਲ ਸੱਚ ਸਾਹਮਣੇ ਆ ਗਿਆ। ਬੇਸ਼ੱਕ ਇਸ ਬਦਲਾਵ ਨੇ ਮੈਨੂੰ ਦੁਨਿਆਵੀ ਮੋਹ ਮਾਇਆ ਤੋਂ ਛੁਟਕਾਰਾ ਦਿੱਤਾ ਪਰ ਇਸ ਦੇ ਨਾਲ ਹੀ ਜਿੰਦਗੀ ਨੂੰ ਜਿਉਂਣ ਦਾ ਚੱਜ ਵੀ ਦੱਸਿਆ ਤੇ ਇਹ ਸਮਝ ਪੈਦਾ ਕੀਤੀ ਕਿ ਆਪਣੇ ਤੇ ਆਪਣਿਆਂ ਲਈ ਹਰ ਕੋਈ ਜਿਉਂਦਾ ਪਰ ਦੂਜਿਆਂ ਲਈ ਤੇ ਉਹਨਾਂ ਨੂੰ ਆਪਣਾ ਬਣਾਉਣ ਲਈ ਜਿਉਣਾ, ਜ਼ਿੰਦਗੀ ਦਾ ਅਸਲ ਫਲਸਫਾ ਹੈ। ਭਾਵ ਇਨਸਾਨ ਜਿਸ ਖਿੱਤੇ ਤੇ ਧਰਮ ਵਿਚ ਪੈਦਾ ਹੋਇਆ ਹੈ ਉਸ ਪ੍ਰਤੀ ਵੀ ਕੁਝ ਜਿਮੇਵਾਰੀਆਂ ਹਨ ਉਹਨਾਂ ਦੀ ਸਾਂਭ ਸੰਭਾਲ ਤੇ ਵਿਰਸੇ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਇਹ ਸਭ ਕੁਝ ਇਸ ਵਿਸ਼ੇ ਵਿਚ ਸ਼ਾਮਿਲ ਹੈ। ਪਰ ਇਹ ਸਭ ਕੁਝ ਕਿਵੇਂ ਤੇ ਕਦੋਂ ਹੋਣਾ ਇਹ ਸਭ ਪਾਤਸ਼ਾਹ ਦੇ ਹੱਥ ਹੈ। ਇਤਿਹਾਸ ਨੂੰ ਪੜ੍ਹਨ ਵਾਲਾ ਵਿਦਿਆਰਥੀ ਕਿਵੇਂ ਧਰਮ ਦੀ ਦੁਨੀਆਂ ਵਿੱਚ ਪੈਰ ਰੱਖਦਾ ਹੈ ।ਇਹ ਸਭ ਉਸ ਅਕਾਲ ਪੁਰਖ ਦੀ ਰਹਿਮਤ ਸਦਕਾ ਹੀ ਸੀ। ਅਕਾਲ ਪੁਰਖ ਦੇ ਗਿਆਨ ਤੋਂ ਵਾਂਝੀ, ਕਰਮਕਾਂਡ ਵਿਚ ਜਕੜੀ ਉਹ ਰੂਹ ਜਿਸ ਨੂੰ ਸ਼ਬਦ ਦਾ ਪਤਾ ਹੀ ਨਹੀਂ ਸੀ। ਉਸ ਉੱਤੇ ਹੋਈ ਉਸ ਅਕਾਲ ਦੀ ਸ਼ਬਦ ਰੂਪੀ ਵਰਖਾ ਨੇ ਵਜੂਦ ਨੂੰ ਇਕ ਨਵਾਂ ਰੂਪ ਕਦੋਂ ਕਿਵੇਂ ਦਿੱਤਾ ਪਤਾ ਹੀ ਲੱਗਿਆ। ਪੇਕੇ ਘਰ ਕਦੇ ਵੀ ਜੋ ਇਕਲੀ ਪਿੰਡ ਤੋਂ ਬਾਹਰ ਨਹੀਂ ਗਈ ਉਹ ਜ਼ਿੰਦਗੀ ਵਿਚ ਇਕੱਲੀ ਹੀ ਪੜਾਹੀ ਦਾ ਸਫ਼ਰ ਤੈਅ ਕਰਨ ਲੱਗੀ ਤੇ ਸਮਾਜ ਦੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਹਿੰਮਤ ਰੱਖ ਸਫ਼ਰ ਸ਼ੁਰੂ ਕੀਤਾ, ਇਹ ਸਿਰਫ ਸ਼ਬਦ ਗੁਰੂ ਦਾ ਗਿਆਨ ਦੇਣ ਵਾਲੇ ਪ੍ਰੋਫ਼ੈਸਰ ਸਰਬਜਿੰਦਰ ਸਿੰਘ ਸਰ ਜੀ ਦੀ ਰਹਿਨੁਮਾਈ ਵਿਚ ਹੀ ਹੋਇਆ।

ਇਸ ਦੇ ਨਾਲ ਹੀ ਇਕ ਹੋਰ ਰੂਹਾਨੀ ਰੂਹ ਡਾ. ਸੁਖਵਿੰਦਰ ਸਿੰਘ ਜੀ, ਜਿਨ੍ਹਾਂ ਨੂੰ ਭਾਈ ਸੁਖਵਿੰਦਰ ਸਿੰਘ ਰਾਤਵਾੜਾ ਸਾਹਿਬ ਵਾਲੇ ਵੀ ਕਿਹਾ ਜਾਂਦਾ ਹੈ । ਜਿਨ੍ਹਾਂ ਨਾਲ ਰਿਸਰਚ ਦੌਰਾਨ ਵਿਸ਼ੇ ਨਾਲ ਸਬੰਧਿਤ ਵੀਚਾਰਾਂ ਕਰਨ ਦਾ ਮੌਕਾ ਮਿਲਿਆ। ਉਹਨਾਂ ਦੇ ਵੀਚਾਰਾਂ ਤੇ ਗਿਆਨ ਦੀ ਰੌਸ਼ਨੀ ਨੇ ਚੰਗੇ ਮਹਾਂਪੁਰਖਾਂ ਦੀਆਂ ਗੱਲਾਂ ਸੁਣਨ ਤੇ ਵੀਚਾਰਾਂ ਉਤੇ ਅਮਲ ਕਰਨਾ ਸਿਖਾ ਦਿਤਾ। 


 

ਅੱਜ ਦੇ ਸਮੇਂ ਉਚ ਗਿਆਨ ਪ੍ਰਾਪਤ ਕਰਨ ਲਈ ਮਨੁੱਖ ਨੂੰ ਆਰਥਿਕ ਪੱਖੋਂ ਵੀ ਖੁਸ਼ਹਾਲ ਹੋਣਾ ਪੈਂਦਾ ਹੈ,ਸੋ ਮੈਂ ਖੁਸ਼ਨਸੀਬ ਸੀ ਜਿਸ ਨੂੰ ਪੜ੍ਹਾਈ ਦੌਰਾਨ ਸਕਾਲਰਸ਼ਿਪ ਮਿਲੀ। ਪੰਜਾਬੀ ਯੂਨੀਵਰਸਿਟੀ ਵਿਚ ਰਿਸਰਚ ਸਕਾਲਰਸ਼ਿਪ ਦੇਣ ਵਾਲੇ ਜਸਜੀਤ ਭਾਜੀ ਤੇ ਡਾ. ਸਤਿੰਦਰਪਾਲ ਸਿੰਘ/ ਸਤਿੰਦਰ ਸਰਤਾਜ ਭਾਜੀ ਜਿਨ੍ਹਾਂ ਬਾਰੇ ਓਦੋਂ ਪਤਾ ਲੱਗਿਆ ਜਦੋਂ ਨਾਨਕ ਪਾਤਸ਼ਾਹ ਜੀ ਨੇ ਇਨ੍ਹਾਂ ਦੇ ਅਦਾਰੇ ਅੰਮ੍ਰਿਤਸਰ ਟਾਈਮਜ਼ ਵਿਚ ਹੀ ਕਿਰਤ ਕਮਾਈ ਬਖਸ਼ ਦਿਤੀ। ਉਸ ਸਮੇਂ ਦੀ ਇਸ ਆਰਥਿਕ ਮਦਦ ਨੇ ਮੈਨੂੰ ਲੱਖਾਂ 'ਚ ਹੋਣ ਦਾ ਅਹਿਸਾਸ ਕਰਵਾਇਆ। ਜਿਸ ਦੀ ਮੈਂ ਆਖ਼ਰੀ ਸਾਹ ਤੱਕ ਕਰਜ਼ਦਾਰ ਰਹਾਂਗੀ।

ਅੰਮ੍ਰਿਤਸਰ ਟਾਈਮਜ਼ ਵਿਚ ਕੰਮ ਕਰਦੇ ਇਹ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਇਥੇ ਇਕ ਵਰਕਰ ਹਾਂ, ਸਗੋਂ ਹਮੇਸ਼ਾ ਇਕ ਆਪਣਾ ਪਨ ਤੇ ਪਰਿਵਾਰ ਨਾਲੋਂ ਵੀ ਵਧੇਰੇ ਚੰਗਾ ਮਹੌਲ ਮਿਲੀਆਂ, ਜਿਥੇ ਵੱਡੇ ਛੋਟੇ ਵਿਚ ਕੋਈ ਫ਼ਰਕ ਨਹੀ ਸਾਰੇ ਇਕ ਪਰਿਵਾਰ ਦੇ ਮੈਂਬਰ ਹਨ।  ਜਸਜੀਤ ਭਾਜੀ ਵਲੋਂ ਮਿਲਦੀ ਹੱਲਾ- ਸ਼ੇਰੀ ਸਦੈਵ ਚੜ੍ਹਦੀ ਕਲਾ ਦੀ ਮਾਨਸਿਕਤਾ ਤੇ ਹੋਰ ਮਿਹਨਤ ਨਾਲ਼ ਕੰਮ ਕਰਨ ਦਾ ਚਾਅ ਪੈਦਾ ਕਰਦੀ ਹੈ ਜਿਸ ਨਾਲ ਹੋਰ ਚੰਗੀ ਪੱਤਰਕਾਰੀ ਕਰਨ ਤੇ ਸਿਖਣ ਦੀ ਲਾਲਸਾ ਰਹਿੰਦੀ ਹੈ।

ਬਾਕੀ ਪੜ੍ਹਾਈ ਦੇ ਇਸ ਸਫ਼ਰ ਦੌਰਾਨ ਅਰਪਿੰਦਰ ਬਿੱਟੂ ਵੀਰ ਜੀ ਤੇ ਸਿੱਕੀ ਝੱਜੀ ਵਰਗੇ ਭਰਾਵਾਂ ਨੇ ਸਮਾਜ ਵਿਚ ਵਿਚਰਨ ਦੀ ਜੋ ਸਮਝ ਬਖਸ਼ੀ ਉਸ ਨੇ ਦੁਨਿਆਵੀ ਸੋਚ ਸਮਝ ਪੱਖੋਂ ਮਜਬੂਤ ਕੀਤਾ। ਸੋ ਇਨ੍ਹਾਂ ਰੂਹਾਨੀ ਰੂਹਾਂ ਸਦਕਾ ਜੋ ਬਦਲਾਅ ਜ਼ਿੰਦਗੀ ਵਿਚ ਆਇਆ ਉਹ ਕੋਈ ਇਕਦਮ ਨਹੀਂ ਸੀ ਸਗੋਂ ਸਹਿਜੇ ਸਹਿਜੇ ਹੀ ਔਕੜਾਂ ਵਿਚੋਂ ਲੰਘਣ ਕਾਰਨ ਹੀ ਆਇਆ। ਮੈਨੂੰ ਲਗਦਾ ਜ਼ਿੰਦਗੀ ਕੋਈ ਠਹਿਰਾਵ ਨਹੀਂ ਇਹ ਵਗਦਾ ਦਰਿਆਂ ਹੈ ਜੋ ਅਖੀਰ ਉਸ ਅਕਾਲ ਪੁਰਖ ਰੂਪੀ ਸਮੁੰਦਰ ਵਿਚ ਮਿਲ ਜਾਣਾ ਹੈ। ਕਿਸੇ ਨੇ ਸੱਚ ਹੀ ਕਿਹਾ, ਜ਼ਿੰਦਗੀ ਵਕਤ ਦੀ ਕਹਾਣੀ ਹੈ ਜੋ ਵਕਤ ਓਤੇ ਮੁਕ ਜਾਣੀ ਹੈ।

 

ਡਾ. ਸਰਬਜੀਤ ਕੌਰ ਜੰਗ