ਸਵੇਰ ਦਾ ਭੁੱਲਿਆ ਮੁੜ ਆਵੇ ਨ ਸ਼ਾਮ ਨੂੰ ਓਸ ਨੂੰ ਭੁਲਿਆ ਥੋੜਾ ਕਹਿੰਦੇ !

ਸਵੇਰ ਦਾ ਭੁੱਲਿਆ ਮੁੜ ਆਵੇ ਨ ਸ਼ਾਮ ਨੂੰ ਓਸ ਨੂੰ ਭੁਲਿਆ ਥੋੜਾ ਕਹਿੰਦੇ !

         ਡਾ.ਸਰਬਜਿੰਦਰ ਸਿੰਘ

ਗਲ ਈ ਭਲਿਆ ਵੇਲਿਆਂ ਦੀ  ਬਖ਼ਸਾ ਸਿੰਹਾਂ, ਧੱਕੇ ਧੋੜੇ ਖਾਂਦਾ ਨਾ ਗੁਜਰਾਤ ਵਲੀਓਂ, ਆਣ ਵੜਿਆ ਇਕ ਸਵਾਮੜਾ ਜਿਹਾ ਪੰਜਾਬ ', ਇਜਤ ਮਾਣ ਦਿੱਤਾ ਭਾਊ ਬਥੇਰਾ ਲੋਕਾਂ ਨੇ, ਪਲਕਾਂ ਤੇ ਬੈਠਾ ਲਿਆ ਪਰ ਪਾਪੀ ਤੇ ਪਾਪੀ ਹੁੰਦਾ ਨ  ਬਾਬਾ ਸਿੰਹਾ  । ਬਸ ਥੋੜ੍ਹਾ ਜਿਹਾ ਥਾਂ ਸਿਰ ਹੋਇਆ ਨੀ ਕਿ ਲਗਾ ਕਰਨ ਗਲੀਆਂ ਸਿਰਾਂ 'ਚ ਤੇ ਬੋਲੇ ਕੁਬੋਲ ਗੁਰਾਂ ਬਾਰੇ। ਸਿਰ ਫਿਰੇ ਕਈ ਇੱਥੋਂ ਦੇ ਲੱਗ ਗਏ ਉਹਦੇ ਪਿਛੇ, ਤੇ ਵੇਂਹਦਿਆਂ ਵੇਂਹਦਿਆਂ ਸਵਾਮੜਾ ਬਣ ਪ੍ਰਧਾਨ ਲਗਾ ਮੋਢਿਆਂ ਤੋਂ ਥੁੱਕਣ। ਇਸੇ ਮਲੰਗ ਟੋਲੇ ਦਾ ਇਕ ਪਾਂਧੀ ਸੀ ਆਪਣਾ 'ਦੌਲਤ ਰਾਮ ਲਾਲਾ' ਵੀ। ਲਗਾ ਇਹ ਬਰਾਹਮਣ ਵੀ ਆਪਣੀ ਕੁਲ ਨੂੰ ਦਾਗ ਲਾਣ। ਮਾਹਰ ਸੀ ਬਾਹਲਾ ਈ ਲਿਖਣ ਪੜ੍ਹਨ 'ਚ। ਬਸ ਜੀ ਫਿਰ ਕੀ ਸੀ, ਹੁਣ ਉਹ ਤੇ ਉਹਦਾ ਸਵਾਮੀ ਤੇ ਦੋਵਾਂ ਦੇ ਮੁਖ 'ਚ ਕੂੜ।।

  ਬਾਬਾ ਸਿੰਹਾਂ, ਦਾਦੀ ਸੀ ਉਸ ਲਾਲੇ ਦੀ ਪਾਤਸ਼ਾਹਾਂ ਦੀ ਸੇਵਕ, ਜਪਣ ਵਾਲੀ ਨਾਮ ਸਵਾਸ ਸਵਾਸ ਗੁਰਾਂ ਦਾ। ਪਤਾ ਲੱਗਾ ਪੋਤਰਾ ਪਾਪੀ ਹੋ ਗਿਆ, ਮੰਦਾ ਬੋਲਦਾ ਨਾਨਕ ਜੀਆਂ ਨੂੰ ਤੇ ਵੇਚਦਾ ਫਿਰਦਾ ਕੁਫਰ ਗੁਰਾਂ ਵਿਰੁੱਧ ਲਾਹੌਰ ਤੋਂ ਪਸ਼ੌਰ ਤਕ। ਬਾਬਿਆ ਹੋਣਾ ਕੀ ਸੀ ਫਿਰ, ਬੇਬੇ ਦੀਆਂ ਰਾਤਾਂ ਦੀ ਹੋ ਗਈ ਨੀਂਦ ਹਰਾਮ ਤੇ ਛਡਤਾ ਖਾਣਾ ਪੀਣਾ ਉਕਾ ਈ। ਘਰਦਿਆਂ ਹੱਥ ਪੈਰ ਜੋੜੇ ਪਰ ਮਾਈ ਨੇ ਘੁੱਟ ਨਾ ਉਤਾਰਿਆ ਪਾਣੀ ਦਾ ਵੀ ਹਲਕ ਹੇਠਾਂ। ਬੇਬੇ ਦੀਆਂ ਕਹਿਰ ਛੱਡਦੀਆਂ ਅੱਖਾਂ ਤੇ ਡਰ ਕੁੱਲ ਤਬਾਹ ਹੋਣ ਦਾ। ਤੇ ਬਾਬਾ ਸਿੰਹਾਂ ਫੇਰ ਆ ਗਿਆ ਇਕ ਦਿਨ ਦੌਲਤ ਰਾਮ ਘਰਾਂ ਨੂੰ, ਚਾਈਂ ਚਾਈਂ ਝੁਕਿਆ ਦਾਦੀ ਦੇ ਪੈਰਾਂ ਵਲੇ। ਦਾਦੀ ਨੇ ਨਾ ਆ ਵੇਖਿਆ ਨਾ ਤਾ, ਇਹੋ ਜਿਹੀ ਚੰਡ ਮਾਰੀ ਬੁਥਾੜ ਤੇ ਕੇ ਗਸ਼ ਪੈ ਗਈ। ਦਾਦੀ ਤੇ ਕਹਿਰ ਬਣੀ ਬੈਠੀ ਸੀ, ਝਗਿਓਂ ਫੜਿਆ ਤੇ ਲੈ ਗਈ ਧੂਹ ਕੇ ਪੰਚਮ ਪਾਤਸ਼ਾਹ ਦੇ ਦਰ 'ਤੇ। ਬੋਲੀ ਮੰਗ ਮਾਫੀ, ਨਹੀਂ ਤੇ ਅੱਜ ਤੂੰ ਹੈ ਨੀ ਜਾਂ ਮੈਂ ਹੈ ਨੀ। ਕੁਲ ਤਬਾਹ ਕਰ ਛੱਡੀ ਸੂ ਨੀਚਾ, ਵੇ ਅਸੀਂ ਕੀ ਮੂੰਹ ਦਿਖਾਵਾਂਗੇ ਸ਼ਰੀਕੇ ਭਾਈਚਾਰੇ ਨੂੰ। ਭਾਊ ਜੀ ਰੂਹ ਕੰਬ ਗਈ ਲਾਲੇ ਦੀ, ਨੈਣਾਂ ਚੋਂ ਨੀਰ ਵਹਿ ਵਹਿ ਜਾਣ, ਹੱਥ ਜੁੜੇ ਦੰਦੋ-ੜਿਕੇ ਵਜਣ। ਲਿਟ ਗਿਆ ਗੁਰਾਂ ਦੀ ਚੌਖਟ ਅਗੇ, "ਪਾਤਸ਼ਾਹ!! ਮੁਆਫ਼ ਕਰਦੇ ਮੈਂ ਪਾਪੀ, ਮੈਂ ਪਾਪੀ ਪਾਤਸ਼ਾਹ"।। ਹਿਚਕੀਆਂ ਹੌਕੇ ਲੈਂਦੇ ਦਾਦੀ ਪੋਤਾ ਗਲਵਕੜੀ ਪਾ ਧਾਹਾਂ ਮਾਰਨ ਲਗੇ ਦਰਬਾਰ 'ਚ ਈ।। ਪਾਤਸ਼ਾਹ ਤੋਂ ਅਗੇ ਇਕ ਸ਼ਬਦ ਨਾ ਔਹੜੇ ਦੋਵਾਂ ਨੂੰ।। ਆਲਾ ਦੁਆਲਾ ਹੈਰਾਨ ਹੋ ਪੁੱਛਣ, ਪਰ ਕੀ ਦਸਣ ਹੁਣ।।  

 ਬਖ਼ਸ਼ਾ ਸਿੰਹਾਂ, ਉਹ ਦਿਨ ਆਵੇ ਤੇ ਅਜ ਦਾ ਜਾਵੇ, ਛੱਡ ਗਿਆ ਪਾਪ ਦਾ ਰਾਹ ਤੇ ਲਗਾ ਉਸਤਤਿ ਕਰਨ ਗੁਰਾਂ ਦੀ। ਤੇ ਮਰਦੇ ਦਮ ਤਕ ਫੇਰ ਦਿਖਾਈ ਨਾ ਪਿੱਠ ਸ਼ੇਰ ਨੇ। ਬਾਬਾ ਬਖ਼ਸ਼ਿਆ ਲੈ ਸੁਣ, ਲਾਲਾ ਉਹ ਲਾਲਾ ਤੇ ਰਿਹਾ ਈ ਨਾ, ਜੋ ਸੁਵਾਮੀ ਕੂੜੇ ਨਾਲ ਲਗ ਕੂੜ ਹੋ ਗਿਆ ਸੀ। ਦਾਦੀ ਦੇ ਥਪੇੜੇ ਨੇ ਸੋਨਾ ਕਰ ਦਿੱਤਾ ਤੇ ਸਾਰੀ ਖੋਟ ਕਰ ਦਿੱਤੀ ਦੂਰ ਕੇਰਾਂ ਕੇ। ਉਸ ਲਿਖਿਆ ਫੇਰ ਬਖਸ਼ਾ ਸਿੰਹਾਂ "ਉਏ ਬਾਹਮਣੋ, ਹਾਹ ਜੇਹੜਾ ਤੁਹਾਡੇ ਮੱਥੇ 'ਤੇ ਤਿਲਕ ਨਜ਼ਰ ਆਉਂਦਾ ਜੇ ਨਾ, ਏਹ ਚੌਲਾਂ ਦੇ ਆਟੇ ਦਾ ਨਹੀਂ ਜੇ, ਏਹ ਕੇਸਰ ਦਾ ਭੀ ਨਹੀਂ ਜੇ, ਏਹ ਚੰਦਨ ਦਾ ਭੀ ਨਹੀਂ ਜੇ, ਓਏ ਭਲਿਓ ਏਹ ਤੇ ਗੁਰੂ ਤੇਗ ਬਹਾਦਰ ਜੀਆਂ ਦੇ ਖੂਨ ਦਾ ਜੇ। ਓਏ ਬਾਹਮਣੋ, ਜੋ ਮੰਦਿਰਾਂ 'ਚ ਟੱਲ, ਘੰਟੇ ਅਤੇ ਸੰਖ ਗੂੰਜਦੇ ਜੇ ਨਾ ਜੋ, ਇਹ ਕਿਸੇ ਦੇਵੀ ਦੇਵਤੇ ਦੀ ਸਿਫ਼ਤ ਸਲਾਹ ਨਹੀਂ ਜੇ ਕਰ ਰਹੇ, ਇਨ੍ਹਾਂ ਦੀ ਗੂੰਜ 'ਚ ਬਾਬਾ ਤੇਗ ਬਹਾਦਰ ਜੀ ਦੀ ਸੂਰਮਗਤੀ ਦੀਆਂ ਕਥਾ ਕਹਾਣੀਆਂ ਦੀ ਗੂੰਜ ਫੁਟਦੀ ਜੇ। ਓਏ ਬਾਹਮਣੋ ਆਹ ਜੋ ਜੰਝੂ ਪਹਿਨਿਆ ਜੋ ਨਾ, ਇਹ ਨਾ ਕਪਾਹ ਦੇ ਧਾਗੇ ਦਾ ਜੋ ਤੇ ਨਾ ਹੀ ਰੇਸ਼ਮ ਦੇ ਧਾਗੇ ਦਾ। ਓਏ ਕਮਲਿਓ, ਏਹ ਸਰਹਿੰਦ ਦੀਆਂ ਕੰਧਾਂ ਵਿਚ ਚਿਣੇ ਗਏ ਗੁਰੂ ਦੇ ਲਾਲਾਂ ਦੀ ਚਮੜੀ ਦਾ ਜੇ। ਇਸ ਜੰਝੂ ਨੂੰ ਬਚਾਉਣ ਲਈ ਉਨ੍ਹਾਂ ਆਪਣੀ ਖੱਲ ਲੁਹਾ ਲਈ ਸੀ ਜੋ ਭਾਈ-ਬੰਦੋ।।  ਓਏ ਭਲਿਓ  ਸ਼ੁਰੂ ਪੋਹ ਸਭ ਕੰਮ ਰੋਕ ਦੋ, ਜ਼ਮੀਨ ਤੇ ਤੱਪੜ ਵਿਛਾ ਕੇ ਸੌਵੋਂ। ਕੋਈ ਖ਼ੁਸ਼ੀ ਦਾ ਕੰਮ ਨਾ ਕਰੋ, ਓਏ ਥੋੜ੍ਹਾ ਖਾਓ, ਉਏ ਥੋੜਾ ਪਹਿਨੋ, ਬਸ ਬਾਣੀ ਪੜ੍ਹੋ ਸਿਰਫ਼ ਬਾਣੀ। ਬਾਹਮਣੋ ਗੁਰੂ ਜੀ ਦੇ ਕਰਜ਼ ਉਤਾਰਨ ਦਾ ਏਸ ਤੋਂ ਉਤਮ ਸਮਾਂ ਹੋਰ ਨਹੀਂ ਜੇ ਮਿਲਣਾ।।  ਜਿੱਥੇ ਵੀ ਹੈ ਹੋਵੋ ਫਤਹਿਗੜ੍ਹ ਵੱਲ ਮੁਖ ਕਰ ਡੰਡੌਤ 'ਚ ਹੋ ਜੋ, ਡੰਡੌਤ 'ਚ ਹੋ, ਬਸ ਡੰਡੌਤ 'ਚ।।