ਵਿਰਸਾ ਸਿੰਘ ਵਲਟੋਹਾ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਸੁਖਬੀਰ ਬਾਦਲ ਨਾਲ ਕਿਉਂ ਕਰ ਰਹੇ ਹਨ?
* ਸੁਖਬੀਰ ਨੇ ਸਿਖਾਂ ਉਪਰ ਗੋਲੀਆਂ ਚਲਾਈਆਂ, ਪਰ ਸ਼ੇਰੇ ਪੰਜਾਬ ਆਪਣੀ ਮੌਤ ਤੋਂ ਬਾਅਦ ਸਿਖ ਜਗਤ ਦੇ ਨਾਇਕ ਹਨ
*ਹੁਣ ਜਿਮਨੀ ਚੋਣਾਂ ਬਾਦਲ ਅਕਾਲੀ ਦਲ ਲਈ ਲੜਨੀਆਂ ਸੌਖੀਆਂ ਨਹੀਂ
*ਸੁਖਬੀਰ ਨੂੰ ਅਕਾਲੀ ਦਲ ਵਿਚੋਂ ਖਾਰਜ ਕਰਨ ਬਾਰੇ ਸਿਖਾਂ ਦੀਆਂ ਸ਼ਿਕਾਇਤਾਂ ਪੁਜਣ ਲਗੀਆਂ
ਸਾਬਕਾ ਖਾੜਕੂ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਦੀ ਸਿਖ ਪੰਥ ਪ੍ਰਤੀ ਨਿਸ਼ਠਾ ਰੱਖਣ ਤੇ ਸ੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣ ਦੀ ਥਾਂ ਸੁਖਬੀਰ ਸਿੰਘ ਬਾਦਲ ਦਾ ਡੁਬਦਾ ਸਿਆਸੀ ਬੇੜਾ ਕਿਉਂ ਬਚਾਉਣਾ ਚਾਹੁੰਦੇ ਹਨ ,ਜਿਸਨੂੰ ਅਕਾਲ ਤਖਤ ਸਾਹਿਬ ਨੇ ਗੁਨਾਹਗਾਰਾਂ ਦੇ ਕਟਹਿਰੇ ਵਿਚ ਖੜਾ ਕਰ ਦਿਤਾ?
ਹੁਣੇ ਜਿਹੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦੇ ਫੈਸਲੇ ‘ਤੇ ਸਾਬਕਾ ਵਿਧਾਇਕ ਤੇ ਸਾਬਕਾ ਖਾੜਕੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਅਕਾਲ ਤਖਤ ਸਾਹਿਬ ‘ਤੇ ਜਾ ਕੇ ਪੇਸ਼ ਹੋਣਗੇ ਅਤੇ ਜੋ ਵੀ ਸਜ਼ਾ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਜਾਵੇਗੀ, ਉਸ ਨੂੰ ਪ੍ਰਵਾਨ ਕੀਤਾ ਜਾਵੇਗਾ। ਸਜ਼ਾ ਭੁਗਤਣ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਹੀ ਉਨ੍ਹਾਂ ਨੂੰ ਦੋਸ਼ ਮੁਕਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਪੇਸ਼ ਹੋਣ ਲਈ ਕਿਹਾ ਸੀ ਤਾਂ ਉਸ ਸਮੇਂ ਮਹਰਾਜਾ ਰਣਜੀਤ ਸਿੰਘ ਮਹਾਰਾਜਾ ਦੀ ਉਪਾਧੀ ਛੱਡ ਕੇ ਪੇਸ਼ ਨਹੀਂ ਹੋਏ ਸੀ। ਉਸ ਵਕਤ ਮਹਾਰਾਜਾ ਦਾ ਅਹੁਦਾ ਉਨ੍ਹਾਂ ਦੇ ਕੋਲ ਸੀ।ਸੁਖਬੀਰ ਫਿਰ ਅਹੁਦਾ ਕਿਉਂ ਛਡਣ?
ਸੁਆਲ ਤਾਂ ਇਹ ਹੈ ਕੀ ਸ਼ੇਰੇ ਪੰਜਾਬ ਦੀ ਤੁਲਨਾ ਸੁਖਬੀਰ ਵਰਗੇ ਗੁਨਾਹਗਾਰ ਨਾਲ ਹੋ ਸਕਦੀ ਏ?
ਵਲਟੋਹਾ ਜੁਆਬ ਦੇਣ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ੀ ਅਕਾਲ ਤਖਤ ਉਪਰ ਪੇਸ਼ੀ ਕਦੋਂ ਹੋਈ ਕਿਹੜੇ ਦੋਸ਼ ਕਾਰਣ ਹੋਈ।ਇਹ ਗਪ ਮਿਥਕ ਇਤਿਹਾਸ ਬਣਾਕੇ ਅੰਗਰੇਜ਼ ਲੇਖਕਾਂ ਨੇ ਖਾਲਸਾ ਰਾਜ ਦੇ ਖਾਤਮੇ ਬਾਅਦ ਢਾਡੀਆਂ ਵਲੋਂ ਪੇਸ਼ ਕੀਤੀ ਗਈ ਜਿਸ ਦਾ ਕੋਈ ਇਤਿਹਾਸਕ ਆਧਾਰ ਤੇ ਸਮਕਾਲੀਨ ਦਸਤਾਵੇਜ਼ ਨਹੀਂ ਹੈ।ਦੂਸਰਾ ਮਹਾਰਾਜਾ ਰਣਜੀਤ ਸਿੰਘ ਉਪਰ ਅਜਿਹਾ ਕੋਈ ਦੋਸ਼ ਨਹੀਂ ਕਿ ਉਸਨੇ ਸਿਖ ਪੰਥ ਵਿਰੁਧ ਗੂਨਾਹ ਕੀਤੇ ।ਮਹਾਰਾਜਾ ਰਣਜੀਤ ਸਿੰਘ ਹਮੇਸਾ ਪੰਥ ਅਗੇ ਝੁਕਿਆ। ਸਿਖ ਪੰਥ ਉਸ ਦੀ ਮੌਤ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਰਨੈਲ ਮੰਨਕੇ ਖਾਲਸਾ ਰਾਜ ਲਈ ਜੰਗਾਂ ਲੜਿਆ।
ਖਾਲਸਾ ਪੰਥ ਆਖਰੀ ਜੰਗ ਗੁਜਰਾਤ ਵਾਲੀ ਜੰਗ ਅੰਗਰੇਜ਼ਾਂ ਖਿਲਾਫ ਹਾਰਿਆ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਲੈਕੇ ਰੋਇਆ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਮਰਿਆ ਹੈ।ਇਹ ਇਤਿਹਾਸ ਹੈ ਖਾਲਸਾ ਪੰਥ ਸ਼ੇਰੇ ਪੰਜਾਬ ਦੀ ਰੂਹ ਵਿਚ ਜੀਉਂਦਾ ਸੀ,ਤੇ ਸ਼ੇਰੇ ਪੰਜਾਬ ਖਾਲਸਾ ਪੰਥ ਵਿਚ।ਇਹ ਅਤੁਟ ਬੰਧਨ ਸੀ।ਅੱਜ ਵੀ ਖਾਲਸਾ ਪੰਥ ਦੀ ਰੂਹ ਵਿਚ ਸ਼ੇਰੇ ਪੰਜਾਬ ਜਿਉੰਦਾ ਹੈ।ਕੀ ਸੁਖਬੀਰ ਬਾਦਲ ਖਾਲਸਾ ਪੰਥ ਦੀ ਰੂਹ ਵਿਚ ਜਿਉਂਦਾ ਹੈ?
ਸੁਆਲ ਇਹ ਹੈ ਵਲਟੋਹਾ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਬਾਰੇ ਚੁਪ ਕਿਉਂ ਹਨ,ਕਿਉਂ ਬਾਦਲ ਪਰਿਵਾਰ ਦੇ ਵਕੀਲ ਬਣੇ ਹੋਏ ਹਨ?
ਅੱਜ ਸਿਖ ਰਾਜਨੀਤੀ ਦੇ ਹਾਲਾਤ ਇਹ ਹਨ ਕਿ ਸਿਖ ਪੰਥ ਸੁਖਬੀਰ ਬਾਦਲ ਦੇ ਵਿਰੋਧ ਵਿਚ ਹੈ ਅਤੇ ਕਈ ਪਿੰਡਾਂ ਤੋਂ ਅਕਾਲ ਤਖਤ ਸਾਹਿਬ ਨੂੰ ਬੇਨਤੀਆਂ ਭੇਜੀਆਂ ਜਾ ਰਹੀਆਂ ਹਨ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ।ਸੁਖਬੀਰ ਦੀਆਂ ਰਾਜਨੀਤਕ ਗਤੀਵਿਧੀਆਂ ਕਾਰਣ ਸਿਖ ਪੰਥ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਇਸ ਦੀ ਅਗਵਾਈ ਵਿਚ ਸ੍ਰੋਮਣੀ ਅਕਾਲੀ ਦਲ ਆਪਣੀ ਇਤਿਹਾਸਕ ਹੋਂਦ ਸਥਾਪਤ ਨਹੀਂ ਕਰ ਸਕਦਾ।ਪੰਥਕ ਹਲਕੇ ਅਕਾਲੀ ਦਲ ਦੇ ਨਵੇਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ , ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਵਿਧਾਇਕ ਡਾਕਟਰ ਦਲਜੀਤ ਸਿੰਘ ਚੀਮਾ,ਹਰਸਿਮਰਤ ਕੌਰ ਬਾਦਲ,ਮਹੇਸ਼਼ਇੰਦਰ ਗਰੇਵਾਲ ਤੇ ਸਾਬਕਾ ਖਾੜਕੂ ਵਿਰਸਾ ਸਿੰਘ ਵਲਟੋਹਾ ਆਦਿ ਨੂੰ ਇਕੋ ਲੜੀ ਵਿਚ ਰਖਦੇ ਹਨ।
ਪੰਥਕ ਹਲਕਿਆਂ ਦਾ ਇਹ ਵੀ ਖਿਆਲ ਹੈ ਕਿ ਜੇਕਰ ਅਕਾਲੀ ਲੀਡਰਸ਼ਿਪ ਬਾਦਲ ਪਰਿਵਾਰ ਅਧੀਨ ਰਹੀ ਗਿਦੜਬਾਹਾ ਜਿਮਨੀ ਚੋਣ ਵਿਚ ਇਹ ਮਹਾਂਬਲੀ ਮਾਈ ਬੁਢੀ ਦੇ ਝਾਟਿਆਂ ਵਾਂਗ ਹਵਾ ਵਿਚ ਉਡਦੇ ਦਿਖਾਈ ਦੇਣਗੇ।ਸੁਖਬੀਰ ਬਾਦਲ ਕੋਲ ਨੈਤਿਕ ਪਾਵਰ ਨਹੀਂ ਹੋਵੇਗੀ ਕਿ ਇਸ ਚੋਣ ਵਿਚ ਪੰਥ ਦੀ ਗੈਰਹਾਜ਼ਰੀ ਤੇ ਸਮਰਥਨ ਬਿਨਾਂ ਵਿਰੋਧੀ ਪਾਰਟੀਆਂ ਦਾ ਮੁਕਾਬਲਾ ਕਰ ਸਕਣ।ਦੂਸਰੇ ਪਾਸੇ ਜਿਮਨੀ ਚੋਣਾਂ ਵਿਚ ਬਾਗੀ ਅਕਾਲੀ ਧੜੇ ਦੀ ਸਰਗਰਮੀ ਨਜ਼ਰ ਨਹੀਂ ਆ ਰਹੀ।
ਅਕਾਲ ਤਖਤ ਸਾਹਿਬ ਦੇ ਪੰਥਕ ਹਿਤੂ ਫੈਸਲੇ ਨੇ ਸੁਖਬੀਰ ਸਿੰਘ ਬਾਦਲ ਨੂੰ ਗੁਨਾਹਗਾਰ ਤੇ ਤਨਖਾਹੀਆ ਠਹਿਰਾਕੇ ਬਾਦਲ ਪਰਿਵਾਰ ਦੇ ਸਿਆਸੀ ਅੰਤਮ ਚਲਾਣੇ ਦੀ ਸਾਖੀ ਦਾ ਆਖਰੀ ਅਧਿਆਇ ਲਿਖ ਦਿਤਾ। ਇੰਜ ਜਾਪ ਰਿਹਾ ਹੈ ਕਿ ਸਿਖ ਪੰਥ ਦੀ ਹੁਣ ਕੋਈ ਲੀਡਰਸ਼ਿਪ ਨਹੀਂ, ਉਸਦੀ ਅਗਵਾਈ ਸਿਰਫ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੀ ਕਰ ਰਹੇ ਹਨ। ਸਿਖ ਪੰਥ ਸਤਿਗੁਰੂ ਦੇ ਆਸਰੇ ਨਾਲ ਚਲ ਰਿਹਾ ਹੈ ,ਇਸ ਆਸ ਵਿਚ ਅਕਾਲੀ ਦਲ ਦੀ ਪੁਨਰ ਸਿਰਜਣਾ ਹੋਵੇਗੀ ਤੇ ਨਵੀਂ ਲੀਡਰਸ਼ਿਪ ਪੈਦਾ ਹੋਵੇਗੀ।
ਹੋਲੀ ਹੋਲੀ ਪਿੰਡਾਂ ਵਿਚ ਸਿਖ ਰੋਹ ਵਿਚ ਉਬਾਲਾ ਆ ਰਿਹਾ ਹੈ , ਸੌਦਾ ਸਾਧ ਦੀ ਮਾਫੀ ਤੋਂ ਬਾਅਦ ਪੰਥਕ ਰੋਸ ਵਾਲੇ ਦਿ੍ਸ਼ ਬਣ ਰਹੇ ਹਨ।ਪੰਥਕ ਜਥੇਬੰਦੀਆਂ ਸਾਂਝਾ ਮੰਚ ਉਸਾਰਨ ਲਈ ਇਕਠੀਆਂ ਹੋ ਰਹੀਆਂ ਹਨ। ਜੇਕਰ ਅਜਿਹਾ ਵਾਪਰਿਆ ਤਾਂ ਬਾਦਲ ਲੀਡਰਸ਼ਿਪ ਵਲੋਂ ਸਰਗਰਮੀਆਂ ਕਰਨੀਆਂ ਔਖੀਆਂ ਹੋ ਜਾਣਗੀਆਂ।
Comments (0)