ਜਲੰਧਰ ਵੈਸਟ ਦੀ ਸੀਟ ਕੌਣ ਜਿਤੇਗਾ ?
ਭਾਜਪਾ, 'ਆਪ' ਤੇ ਕਾਂਗਰਸ ਵਿਚਾਲੇ ਸਖਤ ਮੁਕਾਬਲਾ
*ਬਾਦਲ ਦਲ ਨੇ ਆਪਣੇ ਉਮੀਦਵਾਰ ਦੀ ਹਮਾਇਤ ਬਾਗੀਆਂ ਕਾਰਣ ਵਾਪਸ ਲਈ , ਬਸਪਾ ਦੀ ਕੀਤੀ ਹਮਾਇਤ
*ਬਾਗੀ ਅਕਾਲੀ ਉਮੀਦਵਾਰ ਆਪ ਦੀ ਝੋਲੀ ਵਿਚ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ - ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿਚ 10 ਜੁਲਾਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾ ਰਿਹਾ ਹੈ। ਇਸ ਸੀਟ ਨੂੰ ਜਿੱਤਣਾ ਭਾਜਪਾ, ‘ਆਪ’ ਅਤੇ ਕਾਂਗਰਸ ਦੇ ਵੱਕਾਰ ਦਾ ਸਵਾਲ ਬਣ ਚੁੱਕਾ ਹੈ। ਜਲੰਧਰ ਵੈਸਟ ਦੀ ਇਹ ਸੀਟ ਕਿਸ ਪਾਰਟੀ ਦੀ ਝੋਲੀ ਵਿਚ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਸੀਟ ਨੂੰ ਜਿੱਤਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਾਲ 2022 ਵਿਚ ਆਪ ਪਾਰਟੀ ਦੀ ਟਿਕਟ ’ਤੇ ਚੋਣ ਲੜ ਕੇ ਸ਼ੀਤਲ ਅੰਗੁਰਾਲ ਜਲੰਧਰ ਵੈਸਟ ਤੋਂ ਵਿਧਾਇਕ ਬਣੇ ਸਨ ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਅਸਤੀਫ਼ਾ ਵਾਪਸ ਲੈਣਾ ਚਾਹਿਆ ਪਰ ਇਸ ਤੋਂ ਪਹਿਲਾਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋ ਚੁੱਕਾ ਸੀ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਇਹ ਸੀਟ ਖ਼ਾਲੀ ਹੋ ਗਈ। ਇਸ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਹੁਣ ਭਾਜਪਾ ਵੱਲੋਂ ਸ਼ੀਤਲ ਅੰਗੁਰਾਲ, ਆਪ ਵੱਲੋਂ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸੁਰਿੰਦਰ ਕੌਰ ਚੋਣ ਮੈਦਾਨ ਵਿਚ ਹਨ।
ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਤੋਂ ਇਲਾਵਾ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਦੀ ਲੰਬੀ ਚੌੜੀ ਫ਼ੌਜ ਹੋਣ ਦੇ ਬਾਵਜੂਦ ਭਾਜਪਾ ਨੂੰ ਲਗਭਗ 1550 ਵੋਟ ਤੋਂ ਵੈਸਟ ਹਲਕੇ ਵਿਚ ਹਾਰ ਮਿਲੀ ਸੀ। ਹੁਣ ਭਾਜਪਾ ਇਸ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ। ਉਥੇ ਹੀ ਦੂਜੇ ਪਾਸੇ ਸੱਤਾ ਪੱਖ ਆਪ ਪਾਰਟੀ ਇਸ ਸੀਟ ਨੂੰ ਹਰ ਹਾਲ ’ਚ ਜਿੱਤਣਾ ਚਾਹੁੰਦੀ ਹੈ ਕਿਉਂਕਿ ਇਹ ਸੀਟ ਪਹਿਲਾਂ ਆਪ ਪਾਰਟੀ ਦੇ ਕੋਲ ਸੀ। ਮੁੱਖ ਮੰਤਰੀ ਭਗਵੰਤ ਮਾਨ ਇਸ ਸੀਟ ਨੂੰ ਜਿੱਤ ਕੇ ਇਤਿਹਾਸ ਦੁਹਰਾਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਜਲੰਧਰ ਵਿਚ ਕੋਠੀ ਵੀ ਕਿਰਾਏ ’ਤੇ ਲੈ ਲਈ ਹੈ।
ਉਥੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ ਨਾਲ ਕਾਂਗਰਸੀ ਕਾਫ਼ੀ ਉਤਸ਼ਾਹਿਤ ਹਨ। ਵੈਸਟ ਹਲਕੇ ਵਿਚ ਕਾਂਗਰਸ ਨੂੰ ਮਿਲੀ ਜਿੱਤ ਨਾਲ ਵੀ ਕਾਂਗਰਸ ਦੇ ਹੌਂਸਲੇ ਬੁਲੰਦ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਇਸ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ਸੀਟ ’ਤੇ 10 ਜੁਲਾਈ ਨੂੰ ਵੋਟਿੰਗ ਹੋਵੇਗੀ ਤੇ 13 ਜੁਲਾਈ ਨੂੰ ਨਤੀਜਾ ਐਲਾਨ ਕੀਤਾ ਜਾਵੇਗਾ।
ਅਕਾਲੀ ਦਲ ਵਲੋਂ ਬਸਪਾ ਦੀ ਹਮਾਇਤ,ਬਾਗੀ ਅਕਾਲੀਆਂ ਦੀ ਉਮੀਦਵਾਰ ਆਪ ਦੀ ਝੋਲੀ ਵਿਚ
ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੋ ਵਾਰ ਕੌਂਸਲਰ ਸੁਰਜੀਤ ਕੌਰ ਨੂੰ ਟਿਕਟ ਦਿੱਤੀ ਸੀ ਪਰ ਹੁਣ ਇਹ ਦਾਅਵਾ ਕਰਦਿਆਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਕਿ ਸੁਰਜੀਤ ਕੌਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਬਗਾਵਤ ਕਰਨ ਵਾਲੇ ਅਕਾਲੀ ਧੜੇ ਨਾਲ ਸਬੰਧਤ ਹੈ।ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਆਦਾ ਵਾਜੂਦ ਨਹੀਂ ਹੈ ।
ਦੂਜੇ ਪਾਸੇ ਬਾਗ਼ੀ ਧੜੇ ਨੇ ਪਾਰਟੀ ਦੀ ਅਧਿਕਾਰਤ ਉਮੀਦਵਾਰ ਸੁਰਜੀਤ ਕੌਰ ਦੇ ਹੱਕ ਵਿਚ ਡਟਣ ਦਾ ਫ਼ੈਸਲਾ ਕੀਤਾ ਸੀ। ਪਰ ਹੁਣ ਸੁਰਜੀਤ ਕੌਰ ਮੁਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਪ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੁਰਜੀਤ ਕੌਰ ਦਾ ਪਰਿਵਾਰ ਬਹੁਤ ਹੀ ਕੁਰਬਾਨੀ ਵਾਲਾ ਪਰਿਵਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਥੇਦਾਰ ਪ੍ਰੀਤਮ ਸਿੰਘ ਦੇ ਪਰਿਵਾਰ ਨੇ ਪੰਜਾਬ ਅਤੇ ਦੇਸ਼ ਲਈ ਜੇਲ੍ਹਾਂ ਤੱਕ ਕੱਟੀਆਂ ਹਨ। ਉਨ੍ਹਾਂ ਦੀ ਪਰਿਵਾਰਿਕ ਮੈਂਬਰ ਸੁਰਜੀਤ ਕੌਰ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਸੀ ਪਰ ਅਚਾਨਕ ਜਦੋਂ ਅਕਾਲੀ ਦਲ ਨੇ ਆਪਣੀ ਲੜਾਈ ਵਿੱਚ ਇਸ ਪਰਿਵਾਰ ਦੀ ਜਲਾਲਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਸੁਰਜੀਤ ਕੌਰ ਨੂੰ ਟਿਕਟ ਦੇ ਕੇ ਹੀ ਮੁੱਕਰ ਗਿਆ ਹੈ। ਉਨ੍ਹਾਂ ਤਾਂ ਬਸਪਾ ਤੱਕ ਦੀ ਹਿਮਾਇਤ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪਰਿਵਾਰ ਨੇ ਟਿਕਟ ਨਹੀਂ ਮੰਗੀ ਪਰ ਜੋ ਅਕਾਲੀ ਦਲ ਨੇ ਕੀਤਾ ਉਹ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਦੀ ਮਦਦ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਉਹ ਬਹੁਤ ਖੁਸ਼ ਹਨ ਕਿ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਸਾਥੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਕੁਰਬਾਨੀਆਂ ਵਾਲਾ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਾਰਟੀ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਬਣਦੀ ਜਿੰਮੇਵਾਰੀ ਵੀ ਦਿੱਤੀ ਜਾਵੇਗੀ।
Comments (0)