ਕੈਨੇਡਾ ਦੀ ਸਿਆਸਤ ਵਿਚ  ਐੱਨਡੀਪੀ ਆਗੂ ਜਗਮੀਤ ਸਿੰਘ ਦਾ ਭਵਿੱਖ ਕੀ ਹੋਵੇਗਾ?

ਕੈਨੇਡਾ ਦੀ ਸਿਆਸਤ ਵਿਚ  ਐੱਨਡੀਪੀ ਆਗੂ ਜਗਮੀਤ ਸਿੰਘ ਦਾ ਭਵਿੱਖ ਕੀ ਹੋਵੇਗਾ?

ਕੈਨੇਡਾ ਦਸ ਰਾਜਾਂ ਅਤੇ ਤਿੰਨ ਇਲਾਕਾਈ ਖੇਤਰਾਂ ’ਤੇ ਆਧਾਰਿਤ ਹੈ ਤੇ ਰੂਸ ਤੋਂ ਬਾਅਦ ਸਭ ਤੋਂ ਵੱਡੇ ਖੇਤਰਫਲ ਵਾਲਾ ਦੇਸ਼ ਹੈ ਲੇਕਿਨ ਇਸ ਦੀ ਆਬਾਦੀ ਚਾਰ ਕਰੋੜ ਦੇ ਲਗਪਗ ਹੈ। ਭਾਵੇਂ 17 ਮਾਨਤਾ ਪ੍ਰਾਪਤ ਪਾਰਟੀਆਂ ਹਨ ਪਰ ਮੁੱਖ ਤੌਰ ’ਤੇ 4 ਪਾਰਟੀਆਂ ਹਨ ਰਾਸ਼ਟਰੀ ਕੰਜ਼ਰਵੇਟਿਵ, ਲਿਬਰਲ, ਐੱਨਡੀਪੀ ਅਤੇ ਗਰੀਨ ਪਾਰਟੀਆਂ ਅਤੇ ਪੰਜਵੀਂ ਤਾਕਤਵਰ ਇਲਾਕਾਈ ਪਾਰਟੀ ਕਿਉੂਬੈਕ ਬਲਾਕ ਹੈ।

ਨਿਊ ਡੈਮੋਕ੍ਰੈਟਿਕ ਪਾਰਟੀ ਜੋ ਸੰਨ 1961 ਵਿਚ ਸਥਾਪਤ ਕੀਤੀ ਗਈ ਸੀ, ਉਸ ਦੇ ਅਜੋਕੇ ਸੁਪਰੀਮੋ ਜਗਮੀਤ ਸਿੰਘ ਹਨ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਰਾਜਾਂ ਵਿਚ ਇਸ ਪਾਰਟੀ ਦੀਆਂ ਸਰਕਾਰਾਂ ਹਨ। ਅਲਬਰਟਾ, ਸਸਕੈਚਵਿਨ ਅਤੇ ਓਂਟਾਰੀਓ ਵਿਚ ਇਹ ਮੁੱਖ ਵਿਰੋਧੀ ਧਿਰ ਵਾਲੀ ਪਾਰਟੀ ਹੈ। ਲਿਬਰਲ ਪਾਰਟੀ ਦੀਆਂ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੱਲੀ ਪਿਛਲੀ ਅਤੇ ਅਜੋਕੀ ਘੱਟ ਗਿਣਤੀ ਫੈਡਰਲ ਸਰਕਾਰ ਐੱਨਡੀਪੀ ਦੀ ਮੁੱਦਿਆਂ ਆਧਾਰਤ ਬਾਹਰੀ ਹਮਾਇਤ ਕਰ ਕੇ ਚੱਲ ਸਕੀਆਂ ਹਨ।

ਦੁਮਾਲਾ ਸਜਾਉਣ ਵਾਲੇ ਐੱਨਡੀਪੀ ਸੁਪਰੀਮੋ ਜਗਮੀਤ ਸਿੰਘ ਦਾ ਜਨਮ ਪੰਜਾਬ ਨਾਲ ਸਬੰਧਤ ਪਰਵਾਸੀ ਪਰਿਵਾਰ ਵਿਚ ਮਾਤਾ ਹਰਮੀਤ ਕੌਰ ਦੀ ਕੁੱਖੋਂ ਸ: ਜਗਤਾਰਨ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਸਕਾਰਬੋਰੋ (ਓਂਟਾਰੀਓ) ਅੰਦਰ 2 ਜਨਵਰੀ 1979 ਨੂੰ ਹੋਇਆ ਸੀ। ਕਰੀਬ ਇਕ ਸਾਲ ਪੰਜਾਬ ਦਾਦਕਿਆਂ ਕੋਲ ਰਹਿਣ ਤੋਂ ਬਾਅਦ ਬਚਪਨ ਸੇਂਟ ਜਾਹਨ ਅਤੇ ਗਰਾਂਡ ਫਾਲਜ਼-ਵਿੰਡਸਰ, ਨਿਊਫਾਊਂਡਲੈਂਡ ਰਾਜ ਵਿਚ ਬੀਤਿਆ। ਫਿਰ ਮਾਪੇ ਵਿੰਡਸਰ, ਓਂਟਾਰੀਓ ਵਿਖੇ ਵਸ ਗਏ। ਛੇ ਸਾਲ ਡੀਟਰਾਇਟ ਕਾਊਂਟੀ ਡੇਅ ਸਕੂਲ ਬੀਵਰਲੀ ਹਿਲਜ਼, ਮਿਸ਼ੀਗਨ (ਅਮਰੀਕਾ), ਬੀਐੱਸਸੀ ਬਾਇਓ ਸੰਨ 2001 ਵਿਚ ਵੈਸਟਰਨ ਓਂਟਾਰੀਓ ਯੂਨੀਵਰਸਿਟੀ, ਲਾਅ ਸੰਨ 2005 ਵਿਚ ਯਾਰਕ ਯੂਨੀਵਰਸਿਟੀ ਤੋਂ ਕਰ ਕੇ ਸੰਨ 2006 ਵਿਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸੰਨ 2018 ’ਚ ਗੁਰਕਿਰਨ ਕੌਰ ਨਾਲ ਸ਼ਾਦੀ ਕੀਤੀ। ਉਨ੍ਹਾਂ ਦੀਆਂ ਦੋ ਧੀਆਂ ਹਨ।

ਸੰਨ 2011 ਦੀਆਂ ਫੈਡਰਲ ਚੋਣਾਂ ਵਿਚ ਉਸ ਨੇ ਐੱਨਡੀਪੀ ਉਮੀਦਵਾਰ ਵਜੋਂ ਬਰੈਂਪਟਨ ਦੀ ਬਰਾਮਾਲੀਆ-ਗੋਰ-ਮਾਲਟਨ ਸੀਟ ਤੋਂ ਚੋਣ ਲੜੀ ਪਰ ਕੰਜ਼ਰਵੇਟਿਵ ਉਮੀਦਵਾਰ ਬਲ ਗੋਸਲ ਤੋਂ 539 ਵੋਟਾਂ ਨਾਲ ਹਾਰ ਗਿਆ। ਓਂਟਾਰੀਓ ਸੂਬਾਈ ਵਿਧਾਨ ਸਭਾ ਚੋਣਾਂ ਵਿਚ ਇਸੇ ਸਾਲ 2011 ਵਿਚ ਲਿਬਰਲ ਉਮੀਦਵਾਰ ਕੁਲਦੀਪ ਕੁਲਾਰ ਨੂੰ 2277 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਹੋ ਸੀਟ ਸੰਨ 2014 ਵਿਚ ਮੁੜ ਵੱਡੇ ਫ਼ਰਕ ਨਾਲ ਦਿੱਤ ਲਈ। ਓਂਟਾਰੀਓ ਵਿਧਾਨ ਸਭਾ ਵਿਚ ਉਨ੍ਹਾਂ ਦੀ ਲੋਕ ਪੱਖੀ ਕਾਰਗੁਜ਼ਾਰੀ, ਪ੍ਰਾਈਵੇਟ ਮੈਂਬਰ ਬਿੱਲਾਂ, ਵਿੱਦਿਅਕ ਸੁਧਾਰਾਂ ਸਬੰਧੀ ਸੁਝਾਵਾਂ ਕਰ ਕੇ ਪਾਰਟੀ ਅਤੇ ਰਾਸ਼ਟਰੀ ਪੱਧਰ ’ਤੇ ਵੱਡੀ ਵਾਹਵਾ ਹੀ ਪ੍ਰਾਪਤ ਕੀਤੀ। ਪਾਰਟੀ ਉਮੀਦਵਾਰਾਂ ਲਈ ਅਲਬਰਟਾ, ਨੋਵਾ ਸਕੋਸ਼ੀਆ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਚੋਣ ਮੁਹਿੰਮ ਭਖਾਈ। ਐੱਨਡੀਪੀ ਦੇ ਚਮਤਕਾਰੀ ਅਤੇ ਦੂਰਅੰਦੇਸ਼ ਆਗੂ ਜੈਕ ਲੇਟਨ ਜਿਨ੍ਹਾਂ ਪਾਰਟੀ ਦੀ ਅਗਵਾਈ ਸੰਨ 2003-2011 ਤੱਕ ਕੀਤੀ, ਕੈਨੇਡੀਅਨ ਰਾਜਨੀਤੀ ਵਿਚ ਇਸ ਨੂੰ ਸਿਖ਼ਰਾਂ ਵੱਲ ਲੈ ਗਿਆ। ਪਾਰਲੀਮੈਂਟ ਵਿਚ 13 ਸਾਂਸਦਾਂ ਤੋਂ ਸੰਨ 2011 ਦੀਆਂ ਚੋਣਾਂ ਵਿਚ 103 ’ਤੇ ਲੈ ਗਿਆ। ਪਰ ਉਨ੍ਹਾਂ ਦੀ ਕੈਂਸਰ ਕਰਕੇ ਮੌਤ ਤੋਂ ਬਾਅਦ ਪਾਰਟੀ ਮੁਖੀ ਥਾਮਸ ਮੁਕਲੇਅਰ ਚੁਣੇ ਗਏ। ਸੰਨ 2015 ਵਿਚ ਪਾਰਲੀਮਾਨੀ ਚੋਣਾਂ ਵਿਚ ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਧੜਾਮ ਥੱਲੇ 44 ਸੀਟਾਂ ’ਤੇ ਡਿੱਗ ਪਈ। ਨਤੀਜੇ ਵਜੋਂ ਉਸ ਨੂੰ ਹਟਾ ਦਿੱਤਾ ਗਿਆ। ਵੀਹ ਅਕਤੂਬਰ 2017 ਵਿਚ ਜਗਮੀਤ ਸਿੰਘ ਨੂੰ ਪਾਰਟੀ ਆਗੂ ਚੁਣ ਲਿਆ ਗਿਆ।

ਸੰਨ 2019 ਵਿਚ ਬਰਨ ਬੇਅ (ਬ੍ਰਿਟਿਸ਼ ਕੋਲੰਬੀਆ) ਤੋਂ ਉੱਪ ਚੋਣ ਜਿੱਤ ਕੇ ਪਾਰਲੀਮੈਂਟ ਵਿਚ ਦਾਖ਼ਲ ਹੋਏ। ਸੰਨ 2019 ਦੀਆਂ ਫੈਡਰਲ ਚੋਣਾਂ ਵਿਚ ਐੱਨਡੀਪੀ ਸਿਰਫ਼ 24 ਸੀਟਾਂ ਜਿੱਤ ਸਕੀ। ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਘੱਟੋ-ਘੱਟ ਪ੍ਰੋਗਰਾਮ ਦੇ ਆਧਾਰ ’ਤੇ ਉਨ੍ਹਾਂ ਬਾਹਰੋਂ ਹਮਾਇਤ ਦੇ ਕੇ ਦੇਸ਼ ਨੂੰ ਮੁੜ ਚੋਣਾਂ ਤੋਂ ਬਚਾਅ ਲਿਆ। ਸੰਨ 2021 ਨੂੰ ਬਹੁਮਤ ਪ੍ਰਾਪਤ ਕਰਨ ਦੀ ਇੱਛਾ ਨਾਲ ਟਰੂਡੋ ਸਰਕਾਰ ਨੇ ਦੇਸ਼ ’ਤੇ ਮੱਧਕਾਲੀ ਚੋਣਾਂ ਥੋਪੀਆਂ। ਇਨ੍ਹਾਂ ਚੋਣਾਂ ਵਿਚ ਜਗਮੀਤ ਸਿੰਘ ਨੇ ਜਿੱਥੇ ਆਪਣੀ ਬਰਨ ਬੇਅ ਸੀਟ ਬਰਕਰਾਰ ਰੱਖੀ ਉੱਥੇ ਹੀ ਪਾਰਟੀ ਨੂੰ 25 ਸੀਟਾਂ ਤੇ ਜਿੱਤ ਹਾਸਲ ਹੋਈ। ਜਗਮੀਤ ਨੇ ਮੁੜ ਘੱਟੋ-ਘੱਟ ਪ੍ਰੋਗਰਾਮ ਤਹਿਤ ਟਰੂਡੋ ਦੀ ਘੱਟ ਗਿਣਤੀ ਸਰਕਾਰ ਕਾਇਮ ਰੱਖਣ ਨਾਲ ਦੇਸ਼ ਨੂੰ ਮੱਧਕਾਲੀ ਚੋਣਾਂ ਤੋਂ ਬਚਾਅ ਲਿਆ। ਚੋਣਾਂ ਦੌਰਾਨ ਉਨ੍ਹਾਂ ਸਪਸ਼ਟ ਕਰ ਦਿੱਤਾ ਸੀ ਕਿ ਲਟਕਵੀਂ ਪਾਰਲੀਮੈਂਟ ਦੀ ਸੂਰਤ ਵਿਚ ਉਹ ਕੰਜ਼ਰਵੇਟਿਵ ਘੱਟ ਗਿਣਤੀ ਦੀ ਸਰਕਾਰ ਗਠਿਤ ਕਰਨ ਲਈ ਹਮਾਇਤ ਨਹੀਂ ਕਰਨਗੇ।

ਉਹ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਵਾਲਾ ਆਗੂ ਹੈ। ਵਾਤਾਵਰਨ ਦੀ ਸੰਭਾਲ ਪ੍ਰਤੀ ਵਚਨਬੱਧ ਹੈ ਅਤੇ ਚਾਹੁੰਦਾ ਹੈ ਕਿ ਸੰਨ 2025 ਤੱਕ ਕਾਰਬਨ ਨਿਕਾਸੀ ਮੁੜ 2005 ਦੇ ਪੱਧਰ ’ਤੇ ਲਿਆਂਦੀ ਜਾਵੇ। ਲੱਖਾਂ ਗ਼ਰੀਬ ਕੈਨੇਡੀਅਨਾਂ ਦੀ ਹਾਲਤ ਸੁਧਾਰਨ ਲਈ ਉਹ ਅਮੀਰਾਂ ਅਤੇ ਕਾਰਪੋਰੇਟਰਾਂ ’ਤੇ ਟੈਕਸ ਲਾਉਣ ਅਤੇ ਹੇਠਲੇ ਵਰਗਾਂ ਨੂੰ ਰਾਹਤ ਦਾ ਹਾਮੀ ਹੈ। ਘੱਟੋ-ਘੱਟ 25 ਡਾਲਰ ਪ੍ਰਤੀ ਘੰਟਾ ਉਜਰਤ ਦਾ ਹਾਮੀ ਹੈ। ਫਾਰਮਾ ਕੇਅਰ, ਡਰੱਗ, ਸਥਾਨਕ ਫਸਟ ਨੇ•ਸ਼ਨਜ਼ ਦੀ ਹਾਲਤ ਸੁਧਾਰਨ, ਬੱਚਿਆਂ ਦਾ ਸ਼ੋਸ਼ਣ ਰੋਕਣ, ਡੈਂਟਲ ਕੇਅਰ ਅਤੇ ਚੋਣ ਸੁਧਾਰ ਪ੍ਰੋਗਰਾਮਾਂ ਖ਼ਾਤਰ ਅਕਸਰ ਉਨਾਂ ਨੂੰ ਟਰੂਡੋ ਦੀ ਲਿਬਰਲ ਸਰਕਾਰ ’ਤੇ ਹਮਲਾਵਰ ਹੁੰਦੇ ਵੇਖਿਆ ਜਾਂਦਾ ਰਿਹਾ ਹੈ। ਇਨ੍ਹਾਂ ਮੁੱਦਿਆਂ ਦੇ ਆਧਾਰ ’ਤੇ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਨੂੰ ਸੰਨ 2025 ਵਿਚ ਕਾਰਜਕਾਲ ਪੂਰਤੀ ਤੱਕ ਹਮਾਇਤ ਜਾਰੀ ਰੱਖਣ ਲਈ ਮਾਰਚ 2022 ਨੂੰ ‘ਸਪਲਾਈ ਤੇ ਵਿਸ਼ਵਾਸ’ ਸੰਧੀ ਕੀਤੀ ਸੀ। ਪਰ ਟਰੂਡੋ ਸਰਕਾਰ ਵੱਲੋਂ ਮੱਧ ਵਰਗ ਦੀ ਹਮਾਇਤ ਤੋਂ ਪੈਰ ਪਿਛਾਂਹ ਖਿੱਚਣ ਅਤੇ ਕਾਰਪੋਰੇਟ ਘਰਾਣਿਆਂ ਦੀ ਪਿੱਠ ਪੂਰਨ ਕਰਕੇ 4 ਸਤੰਬਰ 2024 ਨੂੰ ਜਗਮੀਤ ਸਿੰਘ ਨੇ ਇਹ ਸੰਧੀ ਤੋੜ ਦਿੱਤੀ। ਇਵੇਂ ਟਰੂਡੋ ਘੱਟ ਗਿਣਤੀ ਸਰਕਾਰ ਰਾਜਨੀਤਕ ਸੰਕਟ ਗ੍ਰਸਤ ਹੋ ਗਈ। ਫਿਰ ਵੀ ਸਰਕਾਰ ਦਾ ਡਿੱਗਣਾ ਹੁਣ ਐੱਨਡੀਪੀ ਅਤੇ ਕਿਊਬੈਕ ਬਲਾਕ ਦੇ ਵਤੀਰੇ ’ਤੇ ਨਿਰਭਰ ਕਰੇਗਾ।

ਕੈਨੇਡਾ ਅੰਦਰ ਅਜੋਕੀ 21ਵੀਂ ਸਦੀ ਵਿਚ ਬ੍ਰਿਟਿਸ਼ ਰਾਜਸ਼ਾਹੀ ਦੀ ਸਾਰਥਕਤਾ ਜ਼ੀਰੋ ਹੋ ਚੁੱਕੀ ਹੈ। ਕੈਨੇਡਾ ਰਿਪਬਲਿਕ ਸਟੇਟ ਵਜੋਂ ਸਥਾਪਤ ਕੀਤਾ ਜਾਵੇ। ਜਗਮੀਤ ਇਸ ਦਾ ਵੱਡਾ ਅਲੰਬਰਦਾਰ ਹੈ। ਉਹ ਨਸਲਵਾਦ ਅਤੇ ਕਾਰਡਿੰਗ ਸਿਸਟਮ ਦੇ ਖ਼ਾਤਮੇ ਲਈ ਫੈਡਰਲ ਕਾਨੂੰਨ ਦਾ ਹਾਮੀ ਹੈ। ਖ਼ੁਦ ਕਈ ਵਾਰ ਨਸਲਵਾਦ ਦਾ ਸ਼ਿਕਾਰ ਹੋਇਆ ਹੈ। ਉਹ ਰਾਜਾਂ ਦੇ ਸਵੈ ਨਿਰਣੇ ਦੇ ਅਧਿਕਾਰ ਖ਼ਾਸ ਕਰਕੇ ਫਰੈਂਚ ਬਹੁਲਰਾਜ ਕਿਊਬੈਕ ਦਾ ਵੱਡਾ ਹਾਮੀ ਹੈ ਪਰ ਉਸ ਦੇ ਧਾਰਮਿਕ ਆਜ਼ਾਦੀਆਂ ਵਿਰੋਧੀ ਬਿੱਲ-21 ਦਾ ਵਿਰੋਧੀ ਹੈ ਕਿਉਂਕਿ ਇਹ ਬਿੱਲ ਧਾਰਮਿਕ ਚਿੰਨ੍ਹ ਪਹਿਨਣ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਵੰਚਿਤ ਕਰਦਾ ਹੈ, ਮਾਨਵ ਅਧਿਕਾਰਾਂ ਦੀ ਸਰਬਲੌਕਿਕਤਾ ਵਿਰੁੱਧ ਹੈ। ਉਨ੍ਹਾਂ ਕੈਨੇਡਾ ਦੀ ਇਜ਼ਰਾਈਲ ਦੇ ਫਲਸਤੀਨੀਆਂ ’ਤੇ ਲਗਾਤਾਰ ਨਸਲਘਾਤ ਅਤੇ ਇਲਾਕੇ ਦੱਬਣ ਦੇ ਬਾਵਜੂਦ ਹਮਾਇਤ ਦੀ ਨੀਤੀ ਦਾ ਵਿਰੋਧ ਕੀਤਾ ਹੈ। ਸੰਨ 2025 ਦੀਆਂ ਆਮ ਚੋਣਾਂ ਲਈ ਉਨ੍ਹਾਂ ਨੇ ਹੁਣ ਤੋਂ ਐੱਨਡੀਪੀ ਦੇ ਸੀਨੀਅਰ, ਤੇਜ਼-ਤਰਾਰ ਅਤੇ ਤਜਰਬੇਕਾਰ ਆਗੂਆਂ ਦੀ ਟੀਮ ਗਠਿਤ ਕਰ ਦਿੱਤੀ ਹੈ। ਉਨ੍ਹਾਂ ਦਾ ਪਾਰਟੀ ਆਗੂ ਵਜੋਂ ਭਵਿੱਖ ਇਨ੍ਹਾਂ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ’ਤੇ ਨਿਰਭਰ ਕਰੇਗਾ। 

 

ਦਰਬਾਰਾ ਸਿੰਘ ਕਾਹਲੋਂ