ਕੋਰੋਨਾਵਾਇਰਸ ਬਾਰੇ ਚੱਲ ਰਹੀਆਂ ਕੁਝ ਬਹਿਸਾਂ

ਕੋਰੋਨਾਵਾਇਰਸ ਬਾਰੇ ਚੱਲ ਰਹੀਆਂ ਕੁਝ ਬਹਿਸਾਂ

ਕੋਰੋਨਾਵਾਇਰਸ ਨੂੰ ਲੈ ਕੇ ਸਾਡੇ ਸਮਾਜ ਵਿੱਚ ਭਰਮ ਫੈਲਣੇ ਸੁਭਾਵਿਕ ਹੀ ਸੀ, ਇਹ ਤਾਂ ਮੈਂ ਕਦੇ ਕਦੇ ਸੋਚਦਾ ਕਿ ਇੰਨੇ ਵਿਗਿਆਨਕ ਜਿਹੇ ਭਰਮ ਕਿਉਂ ਫੈਲ ਰਹੇ ਹਨ। ਭਾਰਤ ਵਰਗੇ ਸਮਾਜ ਵਿੱਚ ਜਿੱਥੇ ਵਹਿਮਾਂ ਭਰਮਾਂ ਦੇ ਆਧੁਨਿਕ ਸ਼ਿਕਾਰ ਵਟਸਐਪ, ਫੇਸਬੁਕ ਤੇ ਮਿੰਟ ਮਿੰਟ ਬਾਅਦ ਨਵੀਂ ਨਵੀਂ ਜਾਣਕਾਰੀ ਅੱਖਾਂ ਦੱਬ ਕੇ ਸਾਂਝੀ ਕਰਦੇ ਹਨ। ਉੱਥੇ ਹਾਲੇ ਕਰੋਨਾ ਬਾਰੇ ਤਾਂ ਬਹੁਤ ਹੀ ਘੱਟ ਵਹਿਮ ਫੈਲੇ। ਸ਼ਾਇਦ ਕੋਰੋਨਾ ਸੰਸਾਰ ਵਿਆਪੀ ਵਰਤਾਰਾ ਸੀ ਕਰਕੇ ਸਾਨੂੰ ਥੋੜਾ ਵਿਗਿਆਨਕ ਹੋਣਾ ਪਿਆ ਤੇ  ਜੇ ਅਸੀਂ ਕਿਸੇ ਨੂੰ ਗਊ ਮੂਤਰ ਪੀਣ ਲਈ ਕਿਹਾ ਤਾਂ ਸੌ ਸੌ ਵਿਗਿਆਨਕ ਬਹਾਨੇ ਬਣਾ ਕੇ ਕਿਹਾ। ਖੈਰ, ਮੁੱਦੇ ਦੀ ਗੱਲ ਕਰੀਏ ਤਾਂ ਆਪਾਂ ਸਿਰਫ ਇਸ ਤੇ ਬਣ ਰਹੀਆਂ ਸਿਆਸੀ ਤੇ ਵਿਗਿਆਨਕ ਸਾਜਿਸ਼ਾਂ ਦੇ ਬਾਰੇ ਕੁਝ ਗੱਲਾਂ ਕਰਾਂਗੇ ਤਾਂ ਇਹਨਾਂ ਗੱਲਾਂ ਵਿੱਚ ਦੋ ਨੁਕਤੇ ਮੁੱਖ ਰਹੇ। ਪਹਿਲੋ ਪਹਿਲ ਨੁਕਤਾ ਇਹ ਸੀ ਕਿ ਕੋਰੋਨਾ ਕੋਈ ਜੈਵਿਕ ਹਥਿਆਰ ਜਾਂ ਸਿਆਸੀ ਸਾਜਿਸ਼ ਹੈ?  ਤੇ ਦੂਜਾ ਜੋ ਕੀ ਕੋਰੋਨਾਵਾਇਰਸ ਦੇ ਸੰਭਾਵੀ ਹੱਲ ਤੇ ਇਸ ਦੀ ਖੌਫਨਾਕਤਾ ਨਾਲ ਜੁੜਿਆ ਹੈ।

ਪਹਿਲੇ ਨੁਕਤੇ ਦੀ ਗੱਲ ਕਰਦੇ ਹਾਂ। ਜਦੋਂ ਕੋਰੋਨਾ ਵਾਇਰਸ ਬਾਰੇ ਦੁਨੀਆਂ ਗੱਲਾਂ ਕਰਨ ਲੱਗੀ ਤਾਂ ਸਭ ਤੋਂ ਪਹਿਲਾਂ ਅਮਰੀਕੀ ਸਿਆਸਤਦਾਨ ਟਾਮ ਕੋਟਨ ਨੇ ਇਸ ਨੂੰ ਚੀਨ ਦੀ ਸਾਜਿਸ਼ ਕਿਹਾ ਉਹਨੇ ਕਿਹਾ ਕਿ ਚੀਨ ਕੋਲ  BS-4 ਲੈਬ ਵੁਹਾਂਗ ਸ਼ਹਿਰ ਵਿੱਚ ਹੈ ਏਸੇ ਲਈ ਇਹ ਉਹਨਾਂ ਕੋਲ ਉੱਥੇ ਲੀਕ ਹੋਇਆ ਹੈ ਤੇ ਚੀਨ ਦੀ ਇਹ ਦੁਨੀਆਂ ਤੇ ਪਾਈ ਸਾਜਿਸ਼ ਹੈ। ਇਹ ਟਵੀਟ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਚੀਨ ਨੂੰ ਸੰਸਾਰ ਖਲਨਾਇਕ ਮੰਨਣ ਵਾਲਿਆਂ ਲਈ ਇਹ ਮੰਨਣਾ ਬਹੁਤ ਹੀ ਸੌਖਾ ਸੀ ਉਹਨਾਂ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਚੀਨ ਨੂੰ ਕੋਸਣਾ ਸ਼ੁਰੂ ਕਰ ਦਿੱਤਾ। ਪਰ ਜਦ ਕਿ ਜੇ ਦਿਮਾਗ ਖੋਲ ਕੇ ਸੋਚੀਏ ਤਾਂ BS-4 ਲੈਬ ਇੰਨੀ ਜਿਆਦਾ ਤਰੀਕਾਵਰ ਹੁੰਦੀ ਏ ਕਿ ਉੱਥੇ ਹਵਾ ਕਿੰਨੀ ਰਹਿਣੀ ਏ ਹਵਾ ਵਿੱਚ ਕਣ ਕਿੰਨੇ ਰਹਿਣੇ ਨੇ ਇਹ ਵੀ ਪੈਮਾਨਾ ਤੈਅ ਕੀਤਾ ਹੁੰਦਾ ਹੈ। ਤਾਂ ਲੀਕ ਹੋਣ ਵਾਲੀ ਗੱਲ ਬੜੀ ਹੀ ਬਚਕਾਨੀ ਹੈ। ਤੇ ਦੂਜੀ ਏਸੇ ਨਾਲ ਰਲਦੀ ਗੱਲ ਚੀਨੀ ਸਿਆਸਤਦਾਨ ਲੀਜ਼ੀਅਨ ਜ਼ੂ ਨੇ ਕੀਤੀ ਉਹਨੇ ਕਿਹਾ ਕਿ ਇਹ ਅਮਰੀਕਾ ਦਾ ਚੀਨ ਤੇ ਜੈਵਿਕ ਹਮਲਾ ਹੈ। ਇਹ ਵੀ ਕਈਆਂ ਨੂੰ ਪਸੰਦ ਆਇਆ ਪਰ ਉਸ ਤੋਂ ਬਾਅਦ ਨੇਚਰ ਸਣੇ ਹੋਰ ਵਿਗਿਆਨਕ ਪਰਚਿਆਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਇਹ ਕੋਈ ਜੈਵਿਕ ਹਥਿਆਰ ਨਹੀਂ ਹੋ ਸਕਦਾ ਕਿਉਂਕਿ ਇਸਦੇ ਜੀਨੋਮ ਬਹੁਤੇ ਚਮਗਿੱਦੜ ਅਤੇ ਪੈਂਗੋਲਿਨ ਨਾਲ ਮਿਲਦੇ ਜੁਲਦੇ ਹਨ। ਤਾਂ ਇਹ ਜਾਂ ਤਾਂ ਸਿੱਧਾ ਬੈਟ ਤੋਂ ਜਾਂ ਪੈਂਗੋਲਿਨ ਤੋਂ ਆਇਆ ਹੈ ਜਾਂ ਇਹ ਮਨੁੱਖੀ ਸਰੀਰ ਵਿੱਚ ਰਹਿੰਦਾ ਹੀ ਬਦਲ (mutate) ਹੋ ਗਿਆ ਹੈ। ਤੇ ਇੱਕ ਹੋਰ ਖੋਜ ਕਹਿੰਦੀ ਹੈ ਕਿ ਇਹ ਪਹਿਲਾਂ ਤੋਂ ਹੀ ਮੋਜੂਦ ਦੋ ਵਾਇਰਸਾਂ ਦਾ ਆਧੁਨਿਕ ਸੁਮੇਲ (Recombinant) ਹੈ। ਇਹ ਤਾਂ ਸੀ ਵਿਗਿਆਨਕ ਪੱਖ ਜੋ ਸਾਬਿਤ ਕਰਦੇ ਹਨ ਕਿ ਵਾਇਰਸ ਕੁਦਰਤੀ ਹੈ। ਜੇ ਸਿਆਸੀ ਪੱਖ ਤੋਂ ਵੇਖੀਏ ਤਾਂ ਜੇ ਕੋਈ ਦੇਸ਼ ਕੋਈ ਜੈਵਿਕ ਹਥਿਆਰ ਬਣਾਉਣ ਵੱਲ ਵਧੇਗਾ ਤਾਂ ਬੇਸ਼ੱਕ ਹੀ ਪਹਿਲਾਂ ਉਹ ਇਸਦਾ ਤੋੜ ਬਣਾਵੇਗਾ, ਤੇ ਅੱਜ ਦੇ ਹਾਲਾਤ ਨੂੰ ਵੇਖਕੇ ਇਹ ਕਹਿਣਾ ਕਿ ਕਿਸ ਦੇਸ਼ ਨੇ ਬਣਾਇਆ ਔਖਾ ਕਿਉਂਕਿ ਪੂਰੀ ਦੁਨੀਆਂ ਇਸ ਨੇ ਝੰਬ ਸੁੱਟੀ ਸਣੇ ਚੀਨ, ਅਮਰੀਕਾ। ਤੇ ਦੂਜਾ ਇਹ ਮੰਨ ਲੈਣਾ ਕਿ ਇਸ ਵਾਇਰਸ ਨੂੰ ਸਾਜਿਸ਼ ਤਹਿਤ ਫੈਲਾਇਆ ਗਿਆ ਸਿਆਸਤ ਤੋਂ ਧਿਆਨ ਹਟਾਉਣ ਲਈ, ਇਹ ਚੀਜ਼ਾਂ ਨੂੰ ਘਟਾਅ ਕੇ ਵੇਖਣਾ ਹੈ। ਸਿੱਧਾ ਸਿੱਧਾ ਸੋਚਿਆ ਜਾਵੇ ਤਾਂ ਜੇ ਸੰਸਾਰ ਸਰਮਾਏਦਾਰੀ ਨੇ ਇੰਝ ਕੀਤਾ ਤਾਂ ਇਹ ਉਹਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਤੇ ਕੋਈ ਵੀ ਦੇਸ਼ ਇੰਨਾ ਮੂਰਖ ਨਹੀਂ। ਵੇਖਿਆ ਜਾਵੇ ਤਾਂ ਹਰ ਤਰ੍ਹਾਂ ਦੀ ਸਨਅਤ ਇਸ ਕਰਕੇ ਪ੍ਰਭਾਵਿਤ ਹੈ। ਹਰ ਸਰਕਾਰ ਨੂੰ ਆਪਣੇ ਦੇਸ਼ ਦੇ ਸਿਹਤ ਢਾਂਚੇ ਤੇ ਖਰਚ ਕਰਨਾ ਪੈ ਰਿਹਾ ਹੈ ਉਹ ਦੇਸ਼ ਜੋ ਸਿਹਤ ਜਾਂ ਸਿੱਖਿਆ ਤੇ ਖਰਚ ਕਰਨ ਤੋਂ ਕਤਰਾਉਂਦੇ ਸਨ ਉਹ ਵੀ ਇਸ ਦੇ ਜਨਤਕ ਫੈਲਾਅ ਵੱਲ ਵਧ ਰਹੇ ਹਨ। ਇਸ ਵਿੱਚ ਬੇਸ਼ੱਕ ਦਵਾਈਆਂ ਬਨਾਉਣ ਵਾਲੀ ਸਨਅਤ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਪਰ ਇਹ ਸੋਚ ਲੈਣਾ ਕਿ ਇੱਕ ਤਰ੍ਹਾਂ ਦੀ ਸਨਅਤ ਦੀ ਚੜਾਈ ਲਈ (ਉਹ ਵੀ ਹਾਲੇ ਪੱਕਾ ਪਤਾ ਨਹੀਂ) ਬਾਕੀ ਸਨਅਤਾਂ ਦੀ ਕੁਰਬਾਨੀ ਦਿੱਤੀ ਗਈ, ਭੋਲਾਪਣ ਹੈ।

ਦੂਜਾ ਨੁਕਤਾ ਜੋ ਹੁਣ ਚੱਲਿਆ ਹੈ ਇਹ ਜਿਆਦਾ ਸੋਚਣਯੋਗ ਹੈ। ਇਸ ਵਿੱਚ ਬਹੁਤੀਆਂ ਚੀਜ਼ਾਂ ਤੇ ਸਹਿਮਤੀ ਬਣਦਿਆਂ ਅਸਹਿਮਤੀ ਹੈ। ਇਸ ਵਿੱਚ ਮੁੱਖ ਬਹਿਸ ਹੈ ਕਿ ਵਾਇਰਸ ਸਾਡੀ ਆਮ ਜ਼ਿੰਦਗੀ ਦਾ ਹਿੱਸਾ ਹਨ ਤੇ ਹੁਣ ਜਲਦ ਹੀ ਇਸ ਨਵੇਂ ਵਾਇਰਸ ਨਾਲ ਸਾਡਾ ਇਮਯੂਨ ਤੰਤਰ ਲੜ ਕੇ ਸਾਨੂੰ ਠੀਕ ਕਰ ਦੇਵੇਗਾ। ਇਹ ਸੋਚਿਆ ਜਾ ਸਕਦਾ ਹੈ। ਵਿਗਿਆਨਕ ਤੌਰ ਤੇ ਇਹ ਸੱਚ ਵੀ ਹੈ ਡਾਰਵਿਨ ਦਾ ਸਿਧਾਂਤ ਹੈ ਕੁਦਰਤੀ ਚੋਣ ਦਾ ਉਹਦੇ ਅਨੁਸਾਰ ਹਰ ਪ੍ਰਜਾਤੀ ਆਪਣੀਆਂ ਔਖੀਆਂ ਘੜੀਆਂ ਵਿੱਚੋਂ ਜਦੋਂ ਅੱਗੇ ਲੰਘਦੀ ਹੈ ਸਿਰਫ ਤਾਕਤਵਰ ਬਚਦੇ ਹਨ ਇਸ ਸਿਧਾਂਤ ਨੂੰ Survival of the fittest ਕਹਿੰਦੇ ਹਨ। ਹੁਣ ਮੰਨਲੋ ਆਪਾਂ ਇਹ ਮੰਨ ਲੈਂਦੇ ਹਾਂ ਕਿ ਇਹ ਤਾਂ ਬਹੁਤ ਕੁਦਰਤੀ ਜਿਹਾ ਨਿਯਮ ਹੈ ਆਪਣਾ ਸਰੀਰ ਝੱਲ ਲਵੇਗਾ, ਫੇਰ ਹਸਪਤਾਲ ਕਿਉਂ ਬਣਾਏ ਅਸੀਂ ਇੰਨੇ ਸਾਲ ਵਿਗਿਆਨ ਨਾਲ ਮੱਥਾ ਕਿਉਂ ਮਾਰਿਆ? ਕੀ ਸਾਡਾ ਮਕਸਦ ਸਿਰਫ ਗਿਆਨ ਲੈਣਾ ਹੀ ਸੀ ਮਨੁੱਖਾਂ ਦੀ ਜਾਨ ਬਚਾਉਣਾ ਨਹੀਂ ਸੀ? ਹੁਣ ਜੇ ਇਸ ਕੁਦਰਤੀ ਨਿਯਮ ਅਨੁਸਾਰ ਚੱਲੀਏ ਤਾਂ ਇਸ ਵਾਇਰਸ ਨਾਲ ਮੌਤ ਦਰ ਚੀਨ ਵਿੱਚ 1-4% ਸੀ ਤੇ ਇਟਲੀ ਵਿੱਚ 10% ਸੀ[ ਜੇ ਭਾਰਤ ਵਿੱਚ ਮੌਤ ਦਰ 1% ਵੀ ਹੁੰਦੀ ਹੈ (ਜੋ ਸੰਭਵ ਨਹੀਂ ਲੱਗਦਾ) ਤਾਂ ਵੀ 1 ਕਰੋੜ ਤੋਂ ਉੱਤੇ ਲੋਕ ਮਰਨਗੇ। ਕੀ ਅਸੀਂ ਇੰਨਾ ਲੋਕਾਂ ਨੂੰ ਇੰਝ ਹੀ ਮਰਨ ਲਈ ਛੱਡ ਸਕਦੇ ਹਾਂ ਤੇ ਦੂਸਰੀ ਵੱਡੀ ਗੱਲ ਜਦੋਂ ਭਾਰਤ ਵਰਗੇ ਦੇਸ਼ ਵਿੱਚ ਕੋਈ ਸਾਹ ਦੀ ਬਿਮਾਰੀ ਫੈਲੇਗੀ ਤਾਂ ਸਾਡੇ ਕੋਲ ਇੱਕਦਮ ਆਏ ਇੰਨੇ ਮਰੀਜ਼ਾਂ ਲਈ ਕੋਈ ਢੁਕਵੇਂ ਪ੍ਰਬੰਧ ਹੋਣਗੇ? ਤਾਂ ਕੀ ਇਹ ਦਰ ਵਧ ਨਹੀਂ ਜਾਵੇਗੀ? ਸਰਕਾਰ ਦੇ ਸਿਹਤ ਵਿਭਾਗ ਵਜ਼ਾਰਤ ਅਨੁਸਾਰ ਸਰਕਾਰ ਕੋਲ 8432 ਵੈਂਟੀਲੇਟਰ ਹਨ। ਤਾਂ ਜੋ ਲੋਕ ਆਮ ਹਾਲਤ ਵਿੱਚ ਬਚਾਏ ਜਾ ਸਕਦੇ ਹਨ ਜੇ ਹਾਲਾਤ ਵਿਗੜਦੇ ਹਨ ਤਾਂ ਉਹ ਵੀ ਬਚਾਏ ਨਹੀਂ ਜਾ ਸਕਣਗੇ। ਪਰ ਇਹ ਵੀ ਇੱਕ ਸੱਚ ਹੈ ਕਿ ਹੁਣ ਤਾਲਾਬੰਦੀ ਕਦੋਂ ਤੱਕ ਚੱਲ ਸਕਦੀ ਹੈ, ਕਿਉਂਕਿ ਗਰੀਬੀ ਕਾਰਨ ਬਹੁਤੇ ਲੋਕ ਤਾਂ ਭੁੱਖ ਨਾਲ ਹੀ ਮਰ ਜਾਣਗੇ ਤਾਂ ਇਹਦੇ ਵਿੱਚ ਵੱਡਾ ਸਵਾਲ ਇਹ ਹੈ ਕਿ ਸਰਕਾਰ ਕਦੋਂ ਤੱਕ ਇਸ ਲਈ ਢੁਕਵੇਂ ਪ੍ਰਬੰਧ ਕਰ ਪਾਉਂਦੀ ਹੈ। ਸਰਕਾਰ ਨੂੰ ਨਵੇਂ ਹਸਪਤਾਲ, ਨਵੇਂ ਵੈਂਟੀਲੇਟਰ ਬਹੁਤ ਤੇਜ਼ੀ ਨਾਲ ਬਣਾੳਣੇ ਪੈਣਗੇ ਤਾਂ ਕਿ ਹਾਲਤਾਂ ਲਈ ਤਿਆਰ ਰਹਿ ਕੇ ਢਿੱਲ ਦਿੱਤੀ ਜਾ ਸਕੇ ਜਾਂ ਵੈਨੇਜ਼ੁਆਲਾ ਵਾਂਗੂ ਚੀਨ ਦੀ ਮਦਦ ਨਾਲ ਇਸ ਨੂੰ ਜਲਦੀ ਠੱਲਿਆ ਜਾਵੇ। ਤੇ ਇਮਯੂਨੀਤੀ ਤੰਤਰ ਨਾਲ ਜੁੜਿਆ ਇਕ ਪਹਿਲੂ ਇਹ ਵੀ ਹੈ  ਹਾਲੇ ਕਈ ਅਜਿਹੇ ਕੇਸ ਵੀ ਆਏ ਹਨ ਜਿੰਨਾ ਨੂੰ ਦੋਬਾਰਾ ਕੋਵਿਡ-19 ਹੋ ਗਿਆ ਤਾਂ ਇਹੋ ਜਿਹੇ ਮਾਮਲੇ ਵਿੱਚ ਇਮਊਨਿਟੀ ਤੰਤਰ ਬਾਰੇ ਕੀ ਕਿਹਾ ਜਾਵੇ?

ਇਸੇ ਵਿੱਚ ਇੱਕ ਹੋਰ ਵਿਗਿਆਨਕ ਤਰਕ ਆਉਂਦਾ ਹੈ ਕਿ ਇਹ ਆਮ ਮੌਸਮੀ ਫਲੂ ਵਾਂਗ ਹੈ ਤੇ ਮੌਸਮੀ ਫਲੂ ਦੀ case fetality rate (CBR) ਇਸ ਨਾਲੋਂ ਕਿਤੇ ਜਿਆਦਾ ਹੁੰਦੀ ਹੈ ਇਸ ਲਈ ਕੋਰੋਨਾ ਵਾਇਰਸ ਲਈ ਕੋਈ ਸਿਰਦਰਦੀ ਲੈਣ ਦੀ ਇੰਨੀ ਲੋੜ ਨਹੀਂ। ਦੋਸਤੋ, ਕੋਰੋਨਾ ਵਾਇਰਸ ਮੌਸਮੀ ਨਹੀਂ ਹੈ, ਪਹਿਲੀ ਗੱਲ। ਦੂਜੀ CBR ਉਦੋਂ ਕੱਢਿਆ ਜਾਂਦਾ ਜਦੋਂ ਤੁਹਾਡੇ ਸਾਹਮਣੇ ਕੁੱਲ ਕੇਸ ਤੇ ਕੁੱਲ ਮੌਤਾਂ ਹੋਣ। ਜੋ ਸਾਡੇ ਕੋਲ ਹਾਲੇ ਨਹੀਂ ਕਿਉਂਕਿ ਇਹ ਵਾਇਰਸ ਬਿਲਕੁਲ ਨਵਾਂ ਹੈ ਤੇ ਫੈਲ ਰਿਹਾ ਹੈ। ਤੀਜਾ, ਇਹਦੇ ਲੱਛਣ ਦਿਖਣ ਲਈ 2 ਤੋਂ ਲੈ ਕੇ 8 ਹਫਤੇ ਲੱਗ ਰਹੇ ਹਨ। ਕਿਉਂਕਿ ਇੱਕ ਹੋਰ ਖੋਜ ਰਸਾਲੇ ਮੁਤਾਬਿਕ ਇਹ ਹਾਲੇ ਆਪਣੇ ਵਿਕਾਸ ਵਿੱਚ ਹੈ ਤੇ ਹੋਰਾਂ ਵਾਇਰਸਾਂ ਵਾਂਗੂ ਤੇਜ਼ੀ ਨਾਲ ਬਦਲ ਰਿਹਾ ਹੈ ਤਾਂ ਕਰਕੇ ਇਹਦੇ ਲੱਛਣ ਵਿਖਣ ਦੀ ਮਿਆਦ ਵੀ ਵੱਖੋ ਵੱਖਰੀ ਹੈ। ਹਾਲੇ ਕਿਸੇ ਵੀ ਨਤੀਜੇ ਤੇ ਇੰਨੀ ਕਾਹਲੀ ਨਾਲ ਉੱਪੜਿਆ ਹੀ ਨਹੀਂ ਜਾ ਸਕਦਾ ਤੇ ਦੂਸਰਾ ਇਸਦਾ ਵੱਖੋ ਵੱਖ ਖਿੱਤੇ ਉੱਤੇ ਵੱਖਰਾ ਪ੍ਰਭਾਵ ਦਿਸ ਰਿਹਾ ਹੈ ਇੰਨੀ ਛੇਤੀ ਕਹਿ ਦੇਣਾ ਸਹੀ ਨਹੀਂ।

ਤੀਜਾ ਜੋ ਤਰਕ ਦਿੱਤਾ ਜਾ ਰਿਹਾ ਹੈ ਉਹ  New and Emerging Respiratory Virus Threats Advisory  ਜੋ ਯੂ.ਕੇ ਸਰਕਾਰ ਦੀ ਹੈ ਨੇ ਨਵੇਂ ਕੋਵਿਡ-19 ਦੇ ਸਟੇਟਸ ਦੇ ਹਵਾਲੇ ਨਾਲ ਦਿੱਤਾ ਜਾ ਰਿਹਾ ਹੈ ਕਿ 19 ਮਾਰਚ ਨੂੰ ਇਸ ਨੇ ਨਵੇਂ ਕੋਰੋਨਾਵਾਇਰਸ ਕੋਵਿਡ-19 ਨੂੰ High consequences infectious deseases (HCID) ਦੀ ਸੂਚੀ ਵਿਚੋਂ ਬਾਹਰ ਕੱਢ ਦਿੱਤਾ ਹੈ ਮਤਲਬ ਭਿਆਨਕ ਨਤੀਜਿਆਂ ਵਾਲੀ ਬਿਮਾਰੀ ਦੀ ਸੂਚੀ ਵਿੱਚੋਂ ਕੱਢ ਦਿੱਤਾ ਹੈ। ਸ਼ੁਰੂ ਵਿੱਚ ਉਹਨਾਂ ਨੇ ਇਹਦੇ ਫੈਲਾਅ ਨੂੰ ਵੇਖਦਿਆਂ ਹੀ ਇਸ ਨੂੰ ਇਸ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ ਸੀ। ਹੁਣ ਉਹਨਾਂ ਨੇ ਇਸ ਸੂਚੀ ਵਿੱਚੋਂ ਇਹ ਕਹਿ ਕੇ ਕੱਢਿਆ ਹੈ ਕਿ ਇਸ ਨਾਲ ਮੌਤ ਦਰ ਇੰਨੀ ਨਹੀਂ ਹੈ ਜਿੰਨੀ ਇਸ ਸੂਚੀ ਵਿੱਚ ਸ਼ਾਮਿਲ ਹੋਰਾਂ ਵਾਇਰਸਾਂ ਦੀ ਹੈ। ਇਸਨੂੰ ਬਾਹਰ ਕੱਢਣ ਦਾ ਇੱਕੋ ਇੱਕ ਹਵਾਲਾ ਮੌਤ ਦਰ ਦਿੱਤਾ ਗਿਆ ਹੈ ਕਿਤੇ ਵੀ ਇਸਦੇ ਫੈਲਾਅ ਬਾਰੇ ਗੱਲ ਨਹੀਂ ਕੀਤੀ ਜਦਕਿ ਇਸੇ ਵੈਬਸਾਇਟ ਉੱਤੇ ਇਹਨਾਂ ਦੀਆਂ ਹਦਾਇਤਾਂ ਮੁਤਾਬਿਕ ਘਰੇ ਰਹਿਣਾ, ਦੋ ਮੀਟਰ ਦੀ ਦੂਰੀ ਬਣਾਉਣਾ ਆਦਿ ਜੋ ਆਮ ਕੋਵਿਡ-19 ਲਈ ਹਦਾਇਤਾਂ ਹਨ, ਉਹ ਸ਼ੁਮਾਰ ਹਨ। ਤਾਂ ਕਿਵੇਂ ਵੀ ਏਸ ਖਬਰ ਦੇ ਸਹਾਰੇ ਇਹ ਨਹੀਂ ਆਖਿਆ ਜਾ ਸਕਦਾ ਕਿ ਹੁਣ ਸਾਨੂੰ ਕੋਵਿਡ-19 ਬਾਰੇ ਸਾਵਧਾਨੀ ਵਰਤਣ ਦੀ ਲੋੜ ਹੀ ਨਹੀਂ, ਜਿਵੇਂ ਕਿਹਾ ਜਾ ਰਿਹਾ ਹੈ। ਤਾਂ ਹੋ ਸਕਦਾ ਹੈ ਇਸ ਬਾਰੇ ਹਾਲੇ ਕਈ ਨਵੀਆਂ ਚੀਜ਼ਾਂ ਸਾਨੂੰ ਪਤਾ ਲੱਗਣ ਤੇ ਇਹਨਾਂ ਵਿਚੋਂ ਕਈ ਝੂਠੀਆਂ ਸਾਬਿਤ ਹੋ ਜਾਣ। ਪਰ ਕਿ ਅਸੀਂ ਸਿਰਫ ਆਪਣੇ ਬੋਲਾਂ ਦੀ ਸਾਖ ਬਚਾਉਣ ਲਈ ਲੱਖਾਂ ਜਿੰਦਗੀਆਂ ਦਾਅ ਤੇ ਲਾਉਣ ਨੂੰ ਤਿਆਰ ਹਾਂ? ਜਾਂ ਕੀ ਅਸੀਂ ਲੋਕਾਂ ਤੇ ਕਿਸੇ ਵੀ ਕਿਸਮ ਦਾ ਪ੍ਰਯੋਗ ਕਰਨ ਦਾ ਜੋਖਿਮ ਚੱਕ ਸਕਦੇ ਹਾਂ ? ਜੇ ਨਹੀਂ ਤਾ ਕਿਓਂ ਨਾ ਤਦ ਤੱਕ ਸੁਣੀਆਂ ਸੁਣਾਈਆਂ ਨਾ ਮੰਨ ਕੇ ਜਿੰਨੀ ਹੋ ਸਕੇ ਲੋਕਾਂ ਦੀ ਮਦਦ ਕਰੀਏ ਤੇ ਉਹਨਾਂ ਨੂੰ ਕੋਰੋਨਾ ਤੋਂ ਬਚਣ ਲਈ ਸੁਚੇਤ ਕਰੀਏ।

ਇਸ ਤੋਂ ਬਿਨਾਂ ਵੀ ਕਈ ਸੁਆਲ ਨੇ ਜੋ ਇਸ ਵਾਇਰਸ ਦੇ ਆਉਣ ਨਾਲ ਦੁਨੀਆਂ ਦੇ ਸਾਹਮਣੇ ਖੜੇ ਹੋ ਗਏ ਹਨ, ਇਹਨਾਂ ਨੇ ਸਾਨੂੰ ਸਾਡੇ ਅਸਲ ਮੁੱਦਿਆਂ ਵੱਲ ਨੂੰ ਕਰ ਦਿੱਤਾ ਹੈ। ਸਾਨੂੰ ਪਤਾ ਲੱਗ ਗਿਆ ਹੈ ਕਿ ਸਰਕਾਰਾਂ ਨੂੰ ਬੁੱਤਾਂ ਮੂਰਤੀਆਂ ਤੇ ਫੌਜੀ ਖਰਚਿਆਂ ਨਾਲੋਂ ਸਿਹਤ ਵਿਭਾਗ ਤੇ ਖਰਚੇ ਕਰਨੇ ਕਿੰਨੇ ਜਰੂਰੀ ਸਨ। ਆਪਣੇ ਆਪ ਨੂੰ ਅਜਿੱਤ ਮੰਨੀ ਬੈਠੇ ਦੇਸ਼ ਇੱਕ ਵਾਇਰਸ ਦੇ ਆਉਣ ਨਾਲ ਡਾਵਾਂ ਡੋਲ ਹੋ ਚੁੱਕੇ ਹਨ। ਇਹ ਕੋਈ ਪਹਿਲਾ ਰੋਗ ਨਹੀਂ ਤੇ ਆਖਿਰੀ ਨਹੀਂ ਦੁਨੀਆਂ ਨੇ ਪਲੇਗ ਵੀ ਵੇਖੀ ਹੈ ਤੇ ਇਸ ਤੋਂ ਬਾਅਦ ਹਾਲੇ ਹੋਰ ਵੀ ਵੇਖਣੇ ਹਨ ਪਰ ਸਾਡੇ ਲਈ ਸਵਾਲ ਹੈ ਕਿ ਅਸੀਂ ਇਹ ਦੌਰ ਲੰਘ ਜਾਣ ਤੋਂ ਬਾਅਦ ਕਿਸ ਤਰ੍ਹਾਂ ਦੇ ਸਵਾਲਾਂ ਤੇ ਚਰਚਾ ਕਰਾਂਗੇ? ਕਿ ਅਸੀਂ ਕਦੇ ਸਿਹਤ, ਸਿੱਖਿਆ ਅਤੇ ਖੋਜਾਂ ਉੱਤੇ ਹੁੰਦੇ ਖਰਚਿਆਂ ਨੂੰ ਘਟਾਉਣ ਬਾਰੇ ਸੋਚ ਵੀ ਸਕਦੇ ਹਾਂ?

ਬਲਤੇਜ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।