ਅਫਰੀਕਨ ਮੂਲ ਦੇ ਬਲੇਕ 'ਤੇ ਪੁਲਸ ਗੋਲੀਬਾਰੀ ਖਿਲਾਫ ਪ੍ਰਦਰਸ਼ਨ ਦੌਰਾਨ ਚੱਲੀ ਗੋਲੀ; 2 ਮੌਤਾਂ

ਅਫਰੀਕਨ ਮੂਲ ਦੇ ਬਲੇਕ 'ਤੇ ਪੁਲਸ ਗੋਲੀਬਾਰੀ ਖਿਲਾਫ ਪ੍ਰਦਰਸ਼ਨ ਦੌਰਾਨ ਚੱਲੀ ਗੋਲੀ; 2 ਮੌਤਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਿਸਕੋਨਸਿਨ ਵਿਚ ਐਤਵਾਰ ਵਾਲੇ ਦਿਨ ਅਫਰੀਕੀ ਮੂਲ ਦੇ ਅਮਰੀਕਨ ਨਾਗਰਿਕ ਜੈਕਬ ਬਲੇਕ 'ਤੇ ਪੁਲਸ ਵੱਲੋਂ ਚਲਾਈ ਗੋਲੀ ਦੇ ਵਿਰੁੱਧ ਹੋ ਰਹੇ ਪ੍ਰਦਰਸ਼ਨ ਦੌਰਾਨ ਹਥਿਆਰਬੰਦ ਵਿਅਕਤੀ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾ ਦਿੱਤੀ ਗਈ। ਮੰਗਲਵਾਰ ਰਾਤ ਨੂੰ ਹੋਈ ਇਸ ਘਟਨਾ 'ਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕ ਵਿਅਤਕੀ ਜ਼ਖਮੀ ਦੱਸਿਆ ਜਾ ਰਿਹਾ ਹੈ।

ਕੇਨੋਸ਼ਾ ਪੁਲਸ ਦੇ ਪੀਆਈਓ ਜੋਸੇਫ ਨੋਸਾਲਿਕ ਨੇ ਦੱਸਿਆ ਕਿ ਇਹ ਗੋਲੀਬਾਰੀ ਦੀ ਘਟਨਾ ਰਾਤ 11.45 ਦੇ ਕਰੀਬ ਵਾਪਰੀ। ਜ਼ਖਮੀ ਵਿਅਤਕੀ ਦਾ ਸਥਾਨਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਗੋਲੀਆਂ ਚਲਾਉਣ ਵਾਲਾ ਵਿਅਕਤੀ ਗੈਸ ਸਟੇਸ਼ਨ ਦਾ ਗਾਰਡ ਸੀ। ਪਰ ਪੁਲਿਸ ਨੇ ਅਧਿਕਾਰਤ ਤੌਰ 'ਤੇ ਦੋਸ਼ੀ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸੰਸਥਾਗਤ ਨਸਲੀ ਹਿੰਸਾ ਖਿਲਾਫ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਐਤਵਾਰ ਨੂੰ ਬਲੇਕ 'ਤੇ ਚੱਲੀ ਪੁਲਿਸ ਗੋਲੀ ਨੇ ਇੱਥੇ ਵਿਰੋਧ ਨੂੰ ਤਿੱਖਾ ਕਰ ਦਿੱਤਾ ਅਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੌਰਾਨ ਝੜਪਾਂ ਵੀ ਹੋਈਆਂ।

ਬਲੇਕ ਦੇ 7 ਗੋਲੀਆਂ ਵੱਜੀਆਂ ਹਨ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਬਲੇਕ 'ਤੇ ਪੁਲਸ ਵੱਲੋਂ ਗੋਲੀ ਚਲਾਉਣ ਦੀ ਸਾਰੀ ਘਟਨਾ ਕੈਮਰੇ ਵਿਚ ਰਿਕਾਰਡ ਹੋ ਗਈ ਸੀ। ਬਲੇਕ ਆਪਣੀ ਕਾਰ ਵਿਚ ਬੈਠ ਰਿਹਾ ਸੀ ਜਦੋਂ ਪੁਲਸ ਨੇ ਉਸਦੇ ਗੋਲੀਆਂ ਮਾਰੀਆਂ। ਉਸ ਸਮੇਂ ਕਾਰ ਵਿਚ ਤਿੰਨ ਬੱਚੇ ਵੀ ਮੋਜੂਦ ਸਨ। ਪੁਲਿਸ ਦੀ ਰਿਪੋਰਟ ਮੁਤਾਬਕ ਘਰੇਲੂ ਵਿਵਾਦ ਸਬੰਧੀ ਸ਼ਿਕਾਇਤ ਆਉਣ 'ਤੇ ਪੁਲਸ ਮੌਕੇ 'ਤੇ ਗਈ ਸੀ। ਬਲੇਕ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਮਹਿਜ਼ ਘਰੇਲੂ ਲੜਾਈ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਪੁਲਸ ਆਈ ਤੇ ਉਸ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ।