ਸਾਬਕਾ ਖਿਡਾਰੀ ਨੇ ਆਪਣੀ ਮਾਂ ਅਤੇ ਪਤਨੀ ਦਾ ਕਤਲ ਕੀਤਾ

ਸਾਬਕਾ ਖਿਡਾਰੀ ਨੇ ਆਪਣੀ ਮਾਂ ਅਤੇ ਪਤਨੀ ਦਾ ਕਤਲ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੈਨਸਿਲਵੇਨੀਆ ਦੀ ਡੈਲਵਾਰੇ ਕਾਊਂਟੀ ਦੇ ਵਸਨੀਕ ਇਕਬਾਲ ਸਿੰਘ ਨੂੰ ਆਪਣੀ ਮਾਂ ਅਤੇ ਪਤਨੀ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਕਬਾਲ ਸਿੰਘ ਭਾਰਤ ਲਈ ਏਸ਼ਿਆਈ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤ ਚੁੱਕਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਫਿਲਾਡੈਲਫੀਆ ਇਨਕੁਆਇਰਰ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ 62 ਸਾਲਾ ਇਕਬਾਲ ਸਿੰਘ ਨੇ ਐਤਵਾਰ ਸਵੇਰੇ ਪੁਲੀਸ ਨੂੰ ਬੁਲਾਇਆ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਪੁਲੀਸ ਇਕਬਾਲ ਦੀ ਰਿਹਾਇਸ਼ ’ਤੇ ਪਹੁੰਚੀ ਤਾ ਦੇਖਿਆ ਕਿ ਉਹ ਲਹੂ ਨਾਲ ਭਿੱਜਿਆ ਹੋਇਆ ਸੀ ਅਤੇ ਉਸ ਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੋਈ ਲੱਗਦੀ ਸੀ।
ਪੁਲਸ ਨੇ ਦੱਸਿਆ ਕਿ ਦੋ ਔਰਤਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਪਈਆਂ ਸਨ। ਇਸ ਵਿਚ ਕਿਹਾ ਗਿਆ ਹੈ ਕਿ ਇਕਬਾਲ 'ਤੇ ਸੋਮਵਾਰ ਨੂੰ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ ਅਤੇ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ। ਇਕਬਾਲ ਨੇ ਆਪਣਾ ਪੱਖ ਪੇਸ਼ ਕਰਨ ਲਈ ਕਿਸੇ ਵਕੀਲ ਦੀਆਂ ਸੇਵਾਵਾਂ ਨਹੀਂ ਲਈਆਂ।

ਯੂਐੱਸ ਮੀਡੀਆ ਰਿਪੋਰਟਾਂ ਅਨੁਸਾਰ ਇਕਬਾਲ ਸਿੰਘ ਟੈਕਸੀ ਡਰਾਈਵਰ ਹੈ। ਐਨਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਪੁਲਿਸ ਹਿਰਾਸਤ ਵਿਚ ਇਕਬਾਲ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਇਕਬਾਲ ਸਿੰਘ ਸ਼ਾਟਪੁੱਟਰ ਸੀ ਅਤੇ ਉਸਨੇ 1983 ਦੌਰਾਨ ਕੁਵੈਤ ਵਿਚ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਉਹ ਅਮਰੀਕਾ ਆ ਕੇ ਵਸ ਗਿਆ ਸੀ।