ਅਮਰੀਕਾ ਦੇ ਟੈਕਸਾਸ ਰਾਜ ਤੋਂ ਇਕ ਨਿੱਜੀ ਜਹਾਜ਼ 20 ਪ੍ਰਵਾਸੀਆਂ ਨੂੰ ਲੈ ਕੇ ਕੈਲੀਫੋਰਨੀਆ ਪੁੱਜਾ

ਅਮਰੀਕਾ ਦੇ ਟੈਕਸਾਸ ਰਾਜ ਤੋਂ ਇਕ ਨਿੱਜੀ ਜਹਾਜ਼ 20 ਪ੍ਰਵਾਸੀਆਂ ਨੂੰ ਲੈ ਕੇ ਕੈਲੀਫੋਰਨੀਆ ਪੁੱਜਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਲੀਫੋਰਨੀਆ ਦੇ ਟੈਕਸਾਸ ਰਾਜ ਤੋਂ ਇਕ ਨਿੱਜੀ ਜਹਾਜ਼ ਵੱਲੋਂ 20 ਪ੍ਰਵਾਸੀਆਂ ਨੂੰ ਲੈ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਪੁੱਜਣ ਦੀ ਖਬਰ ਹੈ। ਹਾਲ ਹੀ ਵਿਚ ਕਿਸੇ ਕੰਜਰਵੇਟਿਵ ਰਾਜ ਤੋਂ ਕੈਲੀਫੋਰਨੀਆ ਪ੍ਰਵਾਸੀ ਲੈ ਕੇ ਪੁੱਜਾ ਇਹ ਦੂਸਰਾ ਜਹਾਜ਼ ਹੈ। ਪ੍ਰਵਾਸੀਆਂ ਨੂੰ ਪਹਿਲਾਂ ਟੈਕਸਾਸ ਤੋਂ ਨਿਊ ਮੈਕਸੀਕੋ ਲਿਜਾਇਆ ਗਿਆ ਤੇ ਬਾਅਦ ਵਿਚ ਨਿੱਜੀ ਚਾਰਟਡ ਜੈੱਟ ਜਹਾਜ਼ ਰਾਹੀਂ ਕੈਲੀਫੋਰਨੀਆ ਪਹੁੰਚਾਇਆ ਗਿਆ ਹੈ। ਕੈਲੀਫੋਰਨੀਆ ਦੇ ਗਵਰਨਰ ਗਾਵਿਨ ਨਿਊਸੋਮ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੋਈ ਅਗਾਊਂ ਚਿਤਾਵਨੀ ਦਿੱਤੇ ਬਿਨਾਂ ਪ੍ਰਵਾਸੀਆਂ ਨੂੰ ਇਕ ਸਥਾਨਕ ਚਰਚ ਵਿਚ ਰਖਿਆ ਗਿਆ ਹੈ। ਕੈਲੀਫੋਰਨੀਆ ਅਟਾਰਨੀ ਜਨਰਲ ਰਾਬ ਬੋਨਟਾ ਦੀ ਸਪੋਕਸਪਰਸਨ ਤਾਰਾ ਗਾਲਗੋਸ ਅਨੁਸਾਰ 20 ਪ੍ਰਵਾਸੀਆਂ ਕੋਲ ਜਿਹੜੇ ਕਾਗਜ਼- ਪੱਤਰ ਹਨ, ਉਸ ਤੋਂ ਪਤਾ ਲੱਗਾ ਹੈ ਕਿ ਇਹ ਪ੍ਰਵਾਸੀ ਫਲੋਰਿਡਾ ਤੋਂ ਆਏ ਹਨ। ਉਨਾਂ ਕਿਹਾ ਕਿ ਅਟਾਰਨੀ ਜਨਰਲ ਦੇ ਦਫਤਰ ਵਲੋਂ ਇਨਾਂ ਪ੍ਰਵਾਸੀਆਂ ਦੇ ਦੇਸ਼ ਸਮੇਤ ਹੋਰ ਵੇਰਵੇ ਇੱਕਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਉਨਾਂ ਕਿਹਾ ਕਿ ਇਨਾਂ ਨੂੰ ਜੋ ਜਹਾਜ਼ ਕੈਲੀਫੋਰਨੀਆ ਲੈ ਕੇ ਆਇਆ ਹੈ ਉਸ ਨੂੰ ਚਲਾਉਣ ਵਾਲਾ ਠੇਕੇਦਾਰ ਉਹ ਹੀ ਹੈ ਜਿਸ ਨੇ ਪਿਛਲੇ ਸ਼ੁੱਕਰਵਾਰ ਇਕ ਚਾਰਟਡ ਉਡਾਣ ਰਾਹੀਂ 16 ਪ੍ਰਵਾਸੀ ਕੈਲੀਫੋਰਨੀਆ ਭੇਜੇ ਸਨ।