ਵਰਜੀਨੀਆ ਵਿਚ ਇਕ ਹਾਈ ਸਕੂਲ ਦੇ ਬਾਹਰ ਹੋਈ ਗੋਲੀਬਾਰੀ ਵਿੱਚ 2 ਮੌਤਾਂ ਤੇ 5 ਜ਼ਖਮੀ

ਵਰਜੀਨੀਆ ਵਿਚ ਇਕ ਹਾਈ ਸਕੂਲ ਦੇ ਬਾਹਰ ਹੋਈ ਗੋਲੀਬਾਰੀ ਵਿੱਚ 2 ਮੌਤਾਂ ਤੇ 5 ਜ਼ਖਮੀ
ਕੈਪਸ਼ਨ ਵਰਜੀਨੀਆ ਵਿਚ ਇਕ ਹਾਈ ਸਕੂਲ ਦੇ ਬਾਹਰ ਗੋਲੀਬਾਰੀ ਉਪਰੰਤ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ

ਇਕ 19 ਸਾਲਾ ਨੌਜਵਾਨ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਨੌਜਵਾਨ ਵੱਲੋਂ ਰਿਚਮੌਂਡ, ਵਰਜੀਨੀਆ ਵਿਚ ਗਰੈਜੂਏਸ਼ਨ ਡਿਗਰੀ ਵੰਡ ਸਮਾਗਮ ਤੋਂ ਬਾਅਦ ਇਕ ਹਾਈ ਸਕੂਲ ਦੇ ਬਾਹਰ ਖੜੇ ਸੈਂਕੜੇ ਲੋਕਾਂ ਉਪਰ ਗੋਲੀਬਾਰੀ ਕੀਤੀ ਜਾਣ ਕਾਰਨ 2 ਵਿਅਕਤੀਆਂ ਦੇ ਮਾਰੇ ਜਾਣ ਤੇ 5 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ਹਿਰ ਦੇ ਅੰਤ੍ਰਿਮ ਪੁਲਿਸ ਮੁੱਖੀ ਰਿਕ ਐਡਵਰਡਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਿਚਮੌਂਡ ਦੇ ਮੋਨਰੋ ਪਾਰਕ ਵਿਖੇ ਖੁਸ਼ੀ ਭਰਿਆ ਵਾਤਾਵਰਣ ਉਸ ਵੇਲੇ ਦਹਿਸ਼ਤ ਵਿਚ ਬਦਲ ਗਿਆ ਜਦੋਂ ਇਕ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਲੋਕਾਂ ਨੇ ਗੋਲੀਆਂ ਤੋਂ ਬਚਣ ਲਈ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 5 ਲੋਕ ਜ਼ਖਮੀ ਹੋਏ ਹਨ ਜਿਨਾਂ ਵਿਚ 9 ਸਾਲ ਦੀ ਬੱਚੀ ਸ਼ਾਮਿਲ ਹੈ ਜਿਸ ਨੂੰ ਇਕ ਕਾਰ ਨੇ ਟੱਕਰ ਮਾਰੀ ਹੈ। ਉਨਾਂ ਕਿਹਾ ਕਿ ਪੁਲਿਸ ਨੇ ਸ਼ੁਰੂ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪਰੰਤੂ ਬਾਅਦ ਵਿਚ ਇਕ ਨੂੰ ਛੱਡ ਦਿੱਤਾ ਗਿਆ। ਦੂਸਰਾ ਗ੍ਰਿਫਤਾਰ ਨੌਜਵਾਨ 19 ਸਾਲ ਦਾ ਹੈ। ਉਸ ਕੋਲੋਂ 4 ਹੈਂਡਗੰਨਾਂ ਬਰਾਮਦ ਹੋਈਆਂ ਹਨ। ਐਡਵਰਡਜ ਅਨੁਸਾਰ ਪੁਲਿਸ ਉਸ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕਰਨ ਦੀ ਸਿਫਾਰਿਸ਼ ਕਰ ਰਹੀ ਹੈ। ਮਾਰੇ ਗਏ ਵਿਅਕਤੀਆਂ ਵਿਚ ਇਕ 18 ਸਾਲ ਦਾ ਵਿਦਿਆਰਥੀ ਸ਼ਾਮਿਲ ਹੈ ਜੋ ਮੰਗਲਵਾਰ ਹੀ ਗਰੈਜੂਏਟ ਬਣਿਆ ਸੀ ਜਦ ਕਿ ਦੂਸਰਾ 36 ਸਾਲਾ ਵਿਅਕਤੀ ਹੈ ਜੋ ਡਿਗਰੀ ਵੰਡ ਸਮਾਗਮ ਵਿਚ ਸ਼ਾਮਿਲ ਹੋਇਆ ਸੀ।