ਅਮਰੀਕਾ ਵਿਚ ਕਮਿਸ਼ਨਰ ਦੀ ਚੋਣ ਲੜ ਰਹੇ ਭਾਰਤੀ ਮੂਲ ਦੇ ਵਿਅਕਤੀ ਉਪਰ ਕੀਤੀਆਂ ਨਸਲੀ ਟਿੱਪਣੀਆਂ

ਅਮਰੀਕਾ ਵਿਚ ਕਮਿਸ਼ਨਰ ਦੀ ਚੋਣ ਲੜ ਰਹੇ ਭਾਰਤੀ ਮੂਲ ਦੇ ਵਿਅਕਤੀ ਉਪਰ ਕੀਤੀਆਂ ਨਸਲੀ ਟਿੱਪਣੀਆਂ
ਕੈਪਸ਼ਨ ਤਾਰਲ ਵੀ ਪਟੇਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਫੋਰਟ ਬੈਂਡ ਕਾਊਂਟੀ ਕਮਿਸ਼ਨਰ (ਟੈਕਸਾਸ) ਦੀ ਚੋਣ ਲੜੇ ਰਹੇ ਇਕ ਭਾਰਤੀ-ਅਮਰੀਕੀ ਉਮੀਦਵਾਰ ਬਾਰੇ ਭੱਦੀਆਂ ਨਸਲੀ ਟਿੱਪਣੀਆਂ ਕਰਨ ਦੀ ਰਿਪੋਰਟ ਹੈ ਤੇ ਉਸ ਨੂੰ ਵਾਪਿਸ ਆਪਣੇ ਦੇਸ਼ ਚਲੇ ਜਾਣ ਵਰਗੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 29 ਸਾਲਾ ਨੀਤੀ ਮਾਹਿਰ ਡੈਮੋਕਰੈਟਿਕ ਆਗੂ ਤਾਰਲ ਵੀ ਪਟੇਲ ਨੇ ਕਿਹਾ ਹੈ ਕਿ ਉਸ ਬਾਰੇ ਸੋਸ਼ਲ ਮੀਡੀਆ ਉਪਰ ਨਫਰਤ ਭਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਨਾਂ ਵਿਚ ਉਸ ਦੀ ਜਾਤ, ਕੌਮੀਅਤ ਤੇ ਧਾਰਮਿੱਕ ਵਿਸ਼ਵਾਸ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਟੇਲ ਜੋ ਰਿਪਬਲੀਕਨ ਉਮੀਦਵਾਰ ਐਂਡੀ ਮੇਅਰਜ ਵਿਰੁੱਧ ਚੋਣ ਲੜ ਰਿਹਾ ਹੈ, ਨੇ ਕਿਹਾ ਹੈ ਕਿ ਨਫਰਤੀ ਟਿੱਪਣੀਆਂ ਵਿਚ ਉਸ ਤੋਂ ਇਲਾਵਾ ਉਸ ਦੇ ਪਰਿਵਾਰ, ਭਾਈਚਾਰੇ ਤੇ ਦੋਸਤਾਂ ਮਿੱਤਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਨਾਂ ਕਿਹਾ ਕਿ ਮੇਰੇ ਵਿਰੋਧੀ ਆਪਣੀਆਂ ਹੱਦਾਂ ਪਾਰ ਕਰ ਚੁੱਕੇ ਹਨ। ਪਟੇਲ ਦਾ ਪਰਿਵਾਰ 1980 ਵਿਆਂ ਵਿਚ ਭਾਰਤ ਤੋਂ ਅਮਰੀਕਾ ਆਇਆ ਸੀ ਉਹ ਗਰੇਟਰ ਹੋਸਟਨ ਵਿਚ ਵੱਡਾ ਹੋਇਆ ਤੇ ਉਸ ਨੇ ਸਿਨਕੋ ਰੈਂਚ ਹਾਈ ਸਕੂਲ ਤੋਂ ਪੜਾਈ ਕਰਨ ਉਪਰੰਤ 2016 ਵਿਚ ਯੁਨੀਵਰਸਿਟੀ ਆਫ ਟੈਕਸਾਸ, ਆਸਟਿਨ ਵਿਚੋਂ ਗਰੈਜੂਏਸ਼ਨ ਕੀਤੀ। 2021 ਵਿਚ ਰਾਸ਼ਟਰਪਤੀ ਜੋ ਬਾਈਡਨ ਨੇ ਵਾਇਟ ਹਾਊਸ ਵਿਚ ਉਨਾਂ ਦੀ ਨਿਯੁਕਤੀ ਸੰਪਰਕ ਅਧਿਕਾਰੀ ਵਜੋਂ ਕੀਤੀ ਸੀ।