ਅਮਰੀਕੀ ਸੈਨੇਟਰ ਰੈਂਡ ਪਾਲ ਨੇ ਯੁਕਰੇਨ ਲਈ 40 ਬਿਲੀਅਨ ਡਾਲਰ ਦੇ ਪੈਕੇਜ਼ ਵਿਚ ਪਾਇਆ ਅੜਿਕਾ

ਅਮਰੀਕੀ ਸੈਨੇਟਰ ਰੈਂਡ ਪਾਲ ਨੇ ਯੁਕਰੇਨ ਲਈ 40 ਬਿਲੀਅਨ ਡਾਲਰ ਦੇ ਪੈਕੇਜ਼ ਵਿਚ ਪਾਇਆ ਅੜਿਕਾ
ਸੈਨੇਟਰ ਰੈਂਡ ਪਾਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 14 ਮਈ (ਹੁਸਨ ਲੜੋਆ ਬੰਗਾ)- ਅਮਰੀਕੀ ਸੈਨੇਟਰ ਰੈਂਡ ਪਾਲ ਨੇ ਯੁਕਰੇਨ ਲਈ 40 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ਼ ਵਿਚ ਅੜਿਕਾ ਪਾ ਦਿੱਤਾ ਹੈ ਜਿਸ ਕਾਰਨ ਕਾਨੂੰਨ ਦੁਆਰਾ ਯੁਕਰੇਨ ਦੀ ਤੇਜੀ ਨਾਲ ਮੱਦਦ ਦੀ ਯੋਜਨਾ ਇਸ ਸਮੇ ਪੱਟੜੀ ਤੋਂ ਲਹਿ ਗਈ ਹੈ।  ਪਾਲ ਨੇ ਪੈਕੇਜ਼ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਬਿੱਲ ਵਿਚ ਇਕ ਅਜਿਹੀ ਵਿਵਸਥਾ ਕਰਨਾ ਚਹੁੰਦਾ ਹੈ ਜਿਸ ਰਾਹੀਂ ਇਕ ਇੰਸਪੈਕਟਰ ਜਨਰਲ ਦੀ ਨਿਯੁਕਤੀ ਹੋਵੇ ਜੋ ਇਹ ਵੇਖੇ ਕਿ ਅਮਰੀਕਾ ਦੁਆਰਾ ਦਿੱਤੇ ਅਰਬਾਂ ਡਾਲਰਾਂ ਨੂੰ ਯੁਕਰੇਨ ਕਿਸ ਤਰਾਂ ਖਰਚ ਕਰਦਾ ਹੈ। ਜਦੋਂ ਪਾਲ ਦੀ ਗੱਲ ਨਾ ਮੰਨੀ ਗਈ ਤਾਂ ਉਸ ਨੇ ਜਬਰਦਸਤ ਢੰਗ ਨਾਲ ਪ੍ਰਕ੍ਰਿਆ ਨਿਯਮਾਂ ਦਾ ਹਵਾਲਾ ਦੇ ਕੇ ਸੈਨੇਟ ਨੂੰ ਪੈਕੇਜ਼ ਉਪਰ ਵੋਟਿੰਗ ਅਗਲੇ ਹਫਤੇ ਤੱਕ ਟਾਲਣ ਲਈ ਮਜਬੂਰ ਕਰ ਦਿੱਤਾ। ਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ '' ਮੇਰੀ ਅਹੁੱਦੇ ਦੀ ਸਹੁੰ ਅਮਰੀਕੀ ਸਵਿਧਾਨ ਲਈ ਹੈ ਨਾ ਕਿ ਕਿਸੇ ਹੋਰ ਦੇਸ਼ ਲਈ। ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਕਿ ਕਿੰਨੀ ਵੱਡੀ ਹਮਦਰਦੀ ਵਾਲਾ ਕਾਜ਼ ਹੈ, ਮੈ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਸਮਰਪਿਤ ਹਾਂ।'' ਉਨਾਂ ਕਿਹਾ ਕਿ ਅਮਰੀਕਾ ਵਿਸ਼ਵ ਥਾਣੇਦਾਰੀ ਦੀ ਲਾਗਤ ਨਹੀਂ ਸਹਿਣ ਕਰ ਸਕਦਾ ਜਦ ਕਿ ਉਹ ਆਪ ਖੁਦ 30  ਖਰਬ ਡਾਲਰ ਦਾ ਕਰਜਾਈ ਹੈ।

ਇਥੇ ਜਿਕਰਯੋਗ ਹੈ ਕਿ ਪਾਲ ਨੇ ਬੀਤੇ ਵਿਚ ਵੀ ਇਸ ਸਾਲ ਫਰਵਰੀ ਵਿਚ ਰੂਸ ਦੇ ਹਮਲੇ ਤੋਂ ਬਾਅਦ ਤੇ ਪਿਛਲੇ ਸਾਲਾਂ ਦੌਰਾਨ ਯੁਕਰੇਨ ਵਿਚ ਖਰਚ ਕੀਤੇ  ਅਰਬਾਂ ਡਾਲਰਾਂ ਦਾ ਵਿਰੋਧ ਤੇ ਅਲੋਚਨਾ ਕੀਤੀ ਹੈ। ਉਹ ਯੁਕਰੇਨ ਤੋਂ ਇਲਾਵਾ ਹੋਰ ਦੇਸ਼ਾਂ ਨੂੰ ਵੀ ਦਿੱਤੀ ਜਾਂਦੀ ਮੱਦਦ  ਉਪਰ ਕਿੰਤੂ-ਪ੍ਰੰਤੂ ਕਰਦਾ ਰਿਹਾ ਹੈ।