ਟੈਕਸਾਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਮਾਰੀ ਗਈ ਅਧਿਆਪਕਾ ਪਤਨੀ ਦੇ ਗਮ ਵਿਚ ਪਤੀ ਵੀ ਚੱਲ ਵੱਸਿਆ

ਟੈਕਸਾਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਮਾਰੀ ਗਈ ਅਧਿਆਪਕਾ ਪਤਨੀ ਦੇ ਗਮ ਵਿਚ ਪਤੀ ਵੀ ਚੱਲ ਵੱਸਿਆ
ਕੈਪਸ਼ਨ: ਜੋਇ ਤੇ ਰਮਾ ਗਾਰਸੀਆ ਦੀ  ਇਕ ਫਾਇਲ ਤਸਵੀਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 27 ਮਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਉਵਾਲਡੇ ਦੇ ਰੌਬ ਐਲਮੈਂਟਰੀ ਸਕੂਲ ਵਿਚ ਇਕ ਸਿਰਫਿਰੇ ਗੋਰੇ ਨੌਜਵਾਨ ਵੱਲੋਂ ਕੀਤੀ ਗੋਲੀਬਾਰੀ ਵਿਚ ਮਾਰੀ ਗਈ ਅਧਿਆਪਕਾ ਰਮਾ ਗਾਰਸੀਆ ਦਾ ਪਤੀ ਜੋਇ ਗਾਰਸੀਆ ਵੀ ਆਪਣੀ ਪਤਨੀ ਦੇ ਵਿਛੋੜੇ ਵਿਚ ਅਚਾਨਕ ਚੱਲ ਵੱਸਿਆ। ਜੋਇ ਗਾਰਸੀਆ ਲੰਘੇ ਦਿਨ ਸਕੂਲ ਵਿਚ ਘਟਨਾ  ਵਾਲੀ ਥਾਂ 'ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਘਰ ਵਾਪਿਸ ਆ ਗਿਆ। ਖਾਣੇ ਵਾਲੇ ਮੇਜ਼ 'ਤੇ ਬਾਕੀ ਪਰਿਵਾਰ ਨਾਲ ਬੈਠਾ ਸੀ ਕਿ ਅਚਾਨਕ ਢਹਿ ਢੇਰੀ ਹੋ ਗਿਆ। ਉਸ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਨਹੀਂ ਸਕਿਆ।  ਇਹ ਜਾਣਕਾਰੀ ਗਾਰਸੀਆ ਦੇ ਭਤੀਜੇ ਜੌਹਨ ਮਾਰਟਿਨਜ ਨੇ ਦਿੱਤੀ ਹੈ। ਰਮਾ ਗਾਰਸੀਆ ਚੌਥੀ ਸ਼੍ਰੇਣੀ ਦੇ ਉਨਾਂ ਦੋ ਅਧਿਆਪਕਾਂ ਵਿਚ ਸ਼ਾਮਿਲ ਸੀ ਜੋ ਗੋਲੀਬਾਰੀ ਵਿਚ ਮਾਰੇ ਗਏ 19 ਬੱਚਿਆਂ ਨਾਲ ਮਾਰੇ ਗਏ ਸਨ। ਗਾਰਸੀਆ ਦੇ ਚਾਰ ਬੱਚੇ ਹਨ। ਮਾਰਟਿਨਜ ਨੇ ਕਿਹਾ ਹੈ ਕਿ ਉਸ ਨੇ ਆਪਣੇ ਚਾਚਾ-ਚਾਚੀ ਨੂੰ ਸਦਾ ਲਈ ਗਵਾ ਲਿਆ ਹੈ ਜੋ ਇਕ ਨਾ ਪੂਰਿਆ ਜਾ ਸਕਣਾ ਵਾਲਾ ਘਾਟਾ ਹੈ। ਉਸ ਨੇ ਕਿਹਾ ਹੈ ਕਿ ਦੋਨਾਂ ਦੀਆਂ ਅੰਤਿਮ ਰਸਮਾਂ ਇਕੱਠੀਆਂ ਹੀ ਕੀਤੀਆਂ ਜਾਣਗੀਆਂ।