ਪੁਲਿਸ ਨੇ ਕਾਲੇ ਵਿਅਕਤੀ ਦੀ ਬਿਮਾਰੀ ਦੀ ਪਰਵਾਹ ਕੀਤੇ ਬਗੈਰ ਤਾਕਤ ਦੀ ਵਰਤੋਂ ਕੀਤੀ, ਵੀਡੀਓ ਜਾਰੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਪਿਛਲੇ ਮਹੀਨੇ ਉੱਤਰੀ ਕੈਰੋਲੀਨਾ ਵਿਚ ਪੁਲਿਸ ਵੱਲੋਂ ਗ੍ਰਿਫਤਾਰੀ ਵੇਲੇ 32 ਸਾਲਾ ਕਾਲੇ ਵਿਅਕਤੀ ਡੈਰੀਅਲ ਟਾਇਰ ਵਿਲੀਅਮਜ ਦੀ ਹੋਈ ਮੌਤ ਸਬੰਧੀ ਜਾਰੀ ਵੀਡੀਓ ਵਿਚ ਪੁਲਿਸ ਉਸ ਨਾਲ ਕਥਿੱਤ ਧੱਕੇਸ਼ਾਹੀ ਕਰਦੀ ਹੋਈ ਨਜਰ ਆ ਰਹੀ ਹੈ। ਵਿਲੀਅਮਜ ਪੁਲਿਸ ਅਫਸਰਾਂ ਨੂੰ ਆਪਣੀ ਦਿੱਲ ਦੀ ਬਿਮਾਰੀ ਬਾਰੇ ਦਸਦਾ ਹੈ ਪਰੰਤੂ ਪੁਲਿਸ ਉਸ ਦੀ ਗੱਲ ਨਹੀਂ ਸੁਣਦੀ। ਵਿਲੀਅਮਜ ਤੇ ਪੁਲਿਸ ਅਫਸਰਾਂ ਵਿਚਾਲੇ ਤਕਰਾਰ ਹੁੰਦੀ ਹੈ। ਬਾਅਦ ਵਿਚ ਪੁਲਿਸ ਜ਼ਮੀਨ ਉਪਰ ਡਿੱਗੇ ਹੋਏ ਵਿਲੀਅਮਜ ਉਪਰ ਸਟਨ ਗੰਨ ਦੀ ਵਰਤੋਂ ਕਰਦੀ ਹੈ। ਇਸ ਦੇ ਇਕ ਘੰਟੇ ਬਾਅਦ ਹੀ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਦੀ ਇਕ ਰਿਪੋਰਟ ਅਨੁਸਾਰ ਖੜੀ ਕਾਰ ਵਿਚ ਵਿਲੀਅਮਜ ਡਰਾਈਵਰ ਵਾਲੀ ਸੀਟ ਉਪਰ ਬੈਠਾ ਸੀ ਜਦੋਂ ਪੁਲਿਸ ਅਫਸਰਾਂ ਨੇ ਉਸ ਦੀ ਕਾਰ ਵਿਚ ਸ਼ਰਾਬ ਦਾ ਖੁਲਾ ਹੋਇਆ ਕੰਟੇਨਰ ਤੇ ਭੰਗ ਵੇਖੀ। ਗ੍ਰਿਫਤਾਰੀ ਵੇਲੇ ਸਟਨ ਗੰਨ ਨਾਲ ਤਿੰਨ ਝਟਕੇ ਦੇਣ ਉਪਰੰਤ ਉਸ ਨੂੰ ਹੱਥਕੜੀ ਲਾਈ ਗਈ। ਇਸ ਮਾਮਲੇ ਦੀ ਰਲੀਘ ਪੁਲਿਸ ਵਿਭਾਗ ਜਾਂਚ ਕਰ ਰਿਹਾ ਹੈ ਜਦ ਕਿ 6 ਪੁਲਿਸ ਅਫਸਰਾਂ ਨੂੰ ਛੁੱਟੀ ਉਪਰ ਭੇਜ ਦਿੱਤਾ ਗਿਆ ਹੈ। ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ।
Comments (0)