ਜਾਰਜੀਆ ਦੇ ਕਾਊਂਟਰੀ ਕਲੱਬ ਵਿਚ ਹੋਈ ਗੋਲੀਬਾਰੀ ਵਿਚ ਗੋਲਫ਼ਰ ਮਾਹਿਰ ਸਮੇਤ 3 ਮੌਤਾਂ

ਜਾਰਜੀਆ ਦੇ ਕਾਊਂਟਰੀ ਕਲੱਬ ਵਿਚ ਹੋਈ ਗੋਲੀਬਾਰੀ ਵਿਚ ਗੋਲਫ਼ਰ ਮਾਹਿਰ ਸਮੇਤ 3 ਮੌਤਾਂ
ਕੈਪਸ਼ਨ : ਜੈਨ ਸਿਲਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਜਾਰਜੀਆ ਦੇ ਇਕ ਕਾਊਂਟਰੀ ਕਲੱਬ ਵਿਚ ਅਣਪਛਾਤੇ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਵਿਚ 3 ਵਿਅਕਤੀ ਮਾਰੇ ਗਏ ਹਨ ਜਿਨਾਂ ਵਿਚ ਗੋਲਫ਼ਰ ਪ੍ਰੋਫੈਸਰ ਜੈਨ ਸਿਲਰ ਵੀ ਸ਼ਾਮਿਲ ਹੈ। ਪੁਲਿਸ ਅਨੁਸਾਰ ਹਮਲਾਵਰ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਪੁਲਿਸ ਨੂੰ ਦੁਪਹਿਰ ਬਾਅਦ ਪਾਈਨਟਰੀ ਕਾਊਂਟਰੀ ਕਲੱਬ ਵਿਖੇ ਗੋਲਬਾਰੀ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਮੌਕੇ ਉਪਰ ਪੁਲਿਸ ਅਧਿਕਾਰੀ ਪੁੱਜੇ ਤਾਂ ਉਨਾਂ ਨੇ 41 ਸਾਲਾ ਕਲੱਬ ਮੁਲਾਜ਼ਮ ਜੈਨ ਸਿਲਰ ਨੂੰ ਜ਼ਖਮੀ ਹਾਲਤ ਵਿਚ ਪਾਇਆ ਜਿਸ ਦੇ ਸਿਰ ਵਿਚ ਗੋਲੀ ਵੱਜੀ ਸੀ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਸਿਲਰ ਕਲੱਬ ਦਾ ਗੋਲਫ਼ ਡਾਇਰੈਕਟਰ ਸੀ ਤੇ ਦੋ ਬੱਚਿਆਂ ਦਾ ਬਾਪ ਸੀ। ਦੋ ਹੋਰ ਵਿਅਕਤੀ ਗੋਲੀਆਂ ਵੱਜਣ ਕਾਰਨ ਬਿਸਤਰੇ ਉਪਰ ਹੀ ਮ੍ਰਿਤਕ ਪਾਏ ਗਏ ਜਿਨਾਂ ਵਿਚੋਂ ਇਕ ਦੀ ਪਛਾਣ ਟਰੱਕ ਮਾਲਕ ਪਾਲ ਪੀਅਰਸਨ ਵਜੋਂ ਹੋਈ ਹੈ। ਅਜਿਹਾ ਲੱਗਦਾ ਹੈ ਕਿ ਉਨਾਂ ਨੂੰ ਬਿਸਤਰੇ ਉਪਰ ਹੀ ਗੋਲੀਆਂ ਮਾਰੀਆਂ ਗਈਆਂ ਸਨ।

ਕਲੱਬ ਦੇ ਇਕ ਮੈਂਬਰ ਨੇ ਦਸਿਆ ਕਿ ਹਮਲਾਵਰ ਮੈਦਾਨ ਦੀ 10 ਵੀਂ ਖੁੱਤੀ ਨੇੜਿਉਂ ਕਲੱਬ ਵਿਚ ਦਾਖਲ ਹੋਇਆ। ਸਿਲਰ ਇਹ ਵੇਖਣ ਗਿਆ ਸੀ ਕਿ ਬਾਹਰ ਕੀ ਹੋ ਰਿਹਾ ਹੈ ਜਿਸ ਦੌਰਾਨ ਉਹ ਗੋਲੀਆਂ ਵੱਜਣ ਕਾਰਨ ਮਾਰਿਆ ਗਿਆ। ਪਾਈਨਟਰੀ ਕਾਊਂਟਰੀ ਕਲੱਬ ਐਟਲਾਂਟਾ ਦੇ ਉੱਤਰ ਵਿਚ ਤਕਰੀਬਨ 25 ਕਿਲੋਮੀਟਰ ਦੀ ਦੂਰੀ ਉਪਰ ਸਥਿੱਤ ਹੈ। ਇਹ ਕਲੱਬ ਕੈਨੇਸਾਅ ਸਟੇਟ ਯੁਨੀਵਰਸਿਟੀ ਦੇ ਨਾਲ ਹੈ। ਪੁਲਿਸ ਅਨੁਸਾਰ ਯੁਨੀਵਰਸਿਟੀ ਕੈਂਪਸ ਵਿਚ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ। ਪੀ ਜੀ ਏ ਦੇ ਪ੍ਰਧਾਨ ਜਿਮ ਰਿਚਰਸਨ ਨੇ ਕਿਹਾ ਹੈ ਕਿ ਸਿਲਰ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ ਤੇ ਦਿੱਲ ਨੂੰ ਗਹਿਰੀ ਸੱਟ ਵੱਜੀ ਹੈ। ਪੁਲਿਸ ਵੱਲੋਂ ਸ਼ੱਕੀ ਦੀ ਭਾਲ ਲਈ ਸੀ ਸੀ ਟੀ ਵੀ ਵੀਡੀਓ ਦੀ ਮੱਦਦ ਲਈ ਜਾ ਰਹੀ ਹੈ। ਪੁਲਿਸ ਨੇ ਨੇੜੇ ਰਹਿੰਦੇ ਲੋਕਾਂ ਵੀ ਸ਼ੱਕੀ ਦੀ ਭਾਲ ਵਿੱਚ ਮੱਦਦ ਕਰਨ ਲਈ ਕਿਹਾ ਹੈ।