ਕੈਨੇਡਾ ਦੇ ਮੂਲਵਾਸੀਆਂ ਦੇ ਬੱਚਿਆਂ ਦੀ ਨਸਲਕੁਸ਼ੀ ਦਾ ਕਾਲਾ ਅਧਿਆਇ
ਹਜ਼ਾਰਾਂ ਬੱਚੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਧਰਤੀ 'ਚ ਦਫਨ ਕਰ ਦਿੱਤੇ ਗਏ ਸਨ
ਪਹਿਲੀ ਜੁਲਾਈ ਦਾ ਦਿਹਾੜਾ ਹਰ ਸਾਲ ਕੈਨੇਡਾ ਦੇ ਸਥਾਪਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਪਰ ਇਸ ਵਾਰ ਕੈਨੇਡਾ ਭਰ 'ਚੋਂ 'ਕੈਨੇਡਾ ਡੇਅ' ਦੇ ਜਸ਼ਨ ਨਾ ਮਨਾਉਣ ਦੀ ਮੰਗ ਉੱਠੀ ਹੈ। ਕਾਰਨ ਇਹ ਹੈ ਕਿ ਕੈਨੇਡਾ ਦੇ ਮੂਲਵਾਸੀਆਂ ਦੇ 1148 ਬੱਚਿਆਂ ਦੇ ਸਰੀਰਕ ਅੰਗ ਵੱਖ- ਵੱਖ ਕਬਰਾਂ ਪੁੱਟਣ 'ਤੇ ਮਿਲਣ ਨਾਲ ਗ਼ਮਗੀਨ ਅਤੇ ਰੋਸ ਭਰਿਆ ਮਾਹੌਲ ਬਣਿਆ ਹੋਇਆ ਹੈ। 1 ਜੁਲਾਈ 1867 ਈਸਵੀ ਨੂੰ ਕਾਨਫੈਡਰੇਸ਼ਨ ਰਾਹੀਂ ਕੈਨੇਡੀਅਨ ਪ੍ਰੋਵਿੰਸ ਇਕੱਠੇ ਹੋ ਕੇ ਸੰਯੁਕਤ ਕੈਨੇਡਾ ਦੇ ਰੂਪ 'ਚ ਉੱਭਰੇ ਸਨ, ਜਿਸ ਵਿੱਚ ਮਗਰੋਂ ਹੋਰ ਪ੍ਰੋਵਿੰਸ ਵੀ ਜੁੜਦੇ ਗਏ, ਜਿਸ ਦੇ ਆਧਾਰ 'ਤੇ ਇਸ ਦਿਹਾੜੇ ਨੂੰ 'ਕੈਨੇਡਾ ਡੇਅ' ਵਜੋਂ ਮਨਾਏ ਜਾਣ ਦੀ ਪਿਰਤ ਪਈ। 'ਕੈਨੇਡਾ' ਸ਼ਬਦ ਵੀ ਮੂਲਵਾਸੀ ਅਰੋਕਵੀਨ ਭਾਈਚਾਰੇ ਦੇ ਲੋਕਾਂ ਦੀ ਬੋਲੀ ਤੋਂ ਆਇਆ ਹੈ, ਅਸਲ ਸ਼ਬਦ 'ਕਨਾਟਾ' ਹੈ, ਜਿਸ ਦਾ ਅਰਥ ਹੈ ਪਿੰਡ। ਕਹਿਣ ਨੂੰ ਚਾਹੇ ਕੈਨੇਡਾ ਨੂੰ 'ਪਰਵਾਸੀਆਂ ਦੀ ਧਰਤੀ' ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਇੰਡਿਜਨਸ ਭਾਈਚਾਰਿਆਂ ਦੀ ਧਰਤੀ ਹੈ, ਜੋ ਕਿ ਇੱਥੋਂ ਦੇ ਮੂਲ ਵਸਨੀਕ ਹਨ। ਜਦੋਂ ਤੋਂ ਯੂਰਪੀਅਨ ਕੌਮਾਂ ਨੇ ਚਰਚ ਦੇ ਆਦੇਸ਼ 'ਤੇ ਕੈਨੇਡਾ ਆ ਕੇ ਇਨ੍ਹਾਂ ਮੂਲਵਾਸੀ ਲੋਕਾਂ 'ਤੇ ਜਬਰ ਢਾਹੁਣੇ ਸ਼ੁਰੂ ਕੀਤੇ, ਉਦੋਂ ਤੋਂ ਕੈਨੇਡੀਅਨ ਇਤਿਹਾਸ ਇੱਥੋਂ ਦੀਆਂ ਮੂਲ ਕੌਮਾਂ ਦੀ ਬੋਲੀ ਅਤੇ ਸੱਭਿਆਚਾਰ ਦੀ ਨਸਲਕੁਸ਼ੀ ਦਾ ਇਤਿਹਾਸ ਬਣ ਗਿਆ। ਚਾਹੇ ਇਹ ਜਬਰ ਇੱਕ ਤੋਂ ਦੋ ਸਦੀਆਂ ਪਹਿਲਾਂ ਦੇ ਇਤਿਹਾਸ ਦਾ ਕਾਲਾ ਵਰਕਾ ਹੈ, ਪਰ ਅੱਜ ਵੀ ਇਸਦਾ ਕਲੰਕ ਕੈਨੇਡਾ ਨੂੰ ਸ਼ਰਮਸ਼ਾਰ ਕਰ ਰਿਹਾ ਹੈ। ਇਹ ਵੀ ਸੱਚ ਹੈ ਕਈ ਅਖੌਤੀ ਲੋਕਰਾਜੀ ਦੇਸ਼ਾਂ 'ਚ ਮੌਜੂਦਾ ਸਮੇਂ ਇਹੋ-ਜਿਹੇ ਜ਼ੁਲਮ ਜਾਰੀ ਹਨ, ਪਰ ਫਾਸ਼ੀਵਾਦੀ ਸਰਕਾਰਾਂ ਸ਼ਰਮਸਾਰ ਹੋਣ ਦੀ ਥਾਂ ਦਿਨੋਂ-ਦਿਨ ਲੋਕਾਂ 'ਤੇ ਤਸ਼ੱਦਦ ਵਧਾ ਰਹੀਆਂ ਹਨ।ਕੈਨੇਡਾ ਦੇ ਇਤਿਹਾਸ ਦੇ ਕਾਲੇ ਅਧਿਆਇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 22 ਸਤੰਬਰ 2017 ਨੂੰ ਸੰਯੁਕਤ ਰਾਸ਼ਟਰ ਵਿੱਚ ਬੋਲਦਿਆਂ ਕਿਹਾ ਸੀ ਕਿ ਕੈਨੇਡਾ ਅਜੂਬਿਆਂ ਦੀ ਧਰਤੀ ਨਹੀਂ, ਬਲਕਿ 12 ਲੱਖ ਮੂਲਵਾਸੀਆਂ ਸਬੰਧੀ ਨਾਕਾਮੀਆਂ, ਅਪਮਾਨ ਅਤੇ ਬਦਸਲੂਕੀ ਦੇ ਇਤਿਹਾਸ ਤੋਂ ਪ੍ਰਭਾਵਤ ਹੈ, ਜਿਸ ਨੂੰ ਕੌਮਾਂਤਰੀ ਭਾਈਚਾਰਾ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ਅਨੁਸਾਰ ਸੁਧਾਰਨ ਦੀ ਆਸ ਕਰਦਾ ਹੈ। ਮੌਜੂਦਾ ਸਮੇਂ ਕੈਨੇਡਾ ਦਿਹਾੜਾ ਨਾ ਮਨਾਉਣ ਦੀ ਮੂਲ ਵਾਸੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਸੋਚ ਅੱਗੇ ਸਿਰ ਝੁਕਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇੰਡਿਜਨਸ ਭਾਈਚਾਰੇ ਦੀ ਇਹ ਮੰਗ ਜਾਇਜ਼ ਹੈ ਅਤੇ ਕੈਨੇਡਾ ਦਿਹਾੜਾ ਅਜਿਹੀਆਂ ਗ਼ਲਤੀਆਂ ਦੇ ਪਛਤਾਵੇ ਦਾ ਢੁੱਕਵਾਂ ਦਿਹਾੜਾ ਹੈ।
ਚਾਹੇ ਕੈਨੇਡਾ ਦੇ ਮੂਲਵਾਸੀ ਲੰਮੇ ਸਮੇਂ ਤੋਂ ਇਹ ਆਖਦੇ ਆ ਰਹੇ ਹਨ ਕਿ ਉਨ੍ਹਾਂ ਦੇ ਹਜ਼ਾਰਾਂ ਬੱਚੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਧਰਤੀ 'ਚ ਦਫਨ ਕਰ ਦਿੱਤੇ ਗਏ ਸਨ, ਪਰ ਇਸ ਹਕੀਕਤ ਨੂੰ ਹਮੇਸ਼ਾ ਦਬਾਉਣ ਦੀ ਹੀ ਕੋਸ਼ਿਸ਼ ਕੀਤੀ ਗਈ। ਤਾਜ਼ਾ ਘਟਨਾਵਾਂ ਨੇ ਇਸ ਕਾਲੇ ਅਧਿਆਏ ਤੋਂ ਪਰਦਾ ਚੁੱਕ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਕੈਥਲਿਕ ਚਰਚ ਅਤੇ ਡੋਮੀਨੀਅਨ ਕੈਨੇਡਾ ਦੀ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 215 ਬੱਚਿਆਂ ਦੀ ਸਰੀਰਕ ਅੰਗ ਮਿਲਣ ਨਾਲ ਇੰਡਿਜਨਸ ਭਾਈਚਾਰੇ ਅੰਦਰ ਗੁੱਸੇ ਦੀ ਲਹਿਰ ਫੈਲ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਸਕੂਲ ਵਿੱਚ ਪੰਜ ਸੌ ਤੋਂ ਵੱਧ ਮੂਲਵਾਸੀ ਬੱਚੇ ਸਨ, ਜਿੱਥੇ ਉਨ੍ਹਾਂ ਨੂੰ ਆਪਣੇ ਵਿਰਸੇ, ਬੋਲੀ ਅਤੇ ਪਛਾਣ ਭੁਲਾ ਕੇ, ਜਬਰੀ ਇਸਾਈ ਬਣਾਇਆ ਜਾਂਦਾ ਸੀ ਅਤੇ ਇੰਗਲਿਸ਼ ਪੜ੍ਹਾਈ ਜਾਂਦੀ ਸੀ। ਇਸ ਸਕੂਲ 1890 ਤੋਂ 1969 ਤੱਕ ਚਲਦਾ ਰਿਹਾ, ਜਿਸ ਵਿਚ ਮੂਲਵਾਸੀ ਬੱਚਿਆਂ ਦੇ ਜਿਸਮਾਨੀ ਸੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ, ਹਰ ਤਰ੍ਹਾਂ ਦਾ ਘਿਨਾਉਣਾ ਅਪਰਾਧ ਹੋਇਆ। ਕੈਮਲੂਪਸ ਤੋਂ 215 ਬੱਚਿਆਂ ਦੇ ਸਰੀਰਕ ਅੰਗ ਅਤੇ ਪਿੰਜਰ ਮਿਲਣ 'ਤੇ ਪਛਤਾਵੇ ਵਜੋਂ ਕੈਨੇਡਾ ਦਾ ਝੰਡਾ ਨੀਵਾਂ ਕੀਤਾ ਗਿਆ। ਕੈਨੇਡਾ ਵਸਦੇ ਸਿੱਖ ਭਾਈਚਾਰੇ ਨੇ 'ਸਿੱਖ ਰਾਈਡਰਜ਼' ਦੀ ਨਾਂ ਹੇਠ ਮੋਟਰਸਾਈਕਲਾਂ ਤੇ ਸਵਾਰ ਹੋ ਕੇ, ਕੈਮਲੂਪਸ ਪਹੁੰਚ ਕੇ ਇਨ੍ਹਾਂ ਪੀੜਤ ਲੋਕਾਂ ਨਾਲ ਹਮਦਰਦੀ ਜਿਤਾਈ, ਜਿਸ ਲਈ ਇੰਡੀਜੀਨੀਅਸ ਵੱਲੋਂ ਸਿੱਖਾਂ ਨੂੰ ਆਪਣੇ ਹਮਦਰਦ ਜਾਣਦਿਆਂ ਧੰਨਵਾਦ ਕੀਤਾ ਗਿਆ ਅਤੇ ਦੁੱਖ ਵਿੱਚ ਸ਼ਰੀਕ ਮੰਨਿਆ ਗਿਆ।ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਰਿਜਾਈਨਾ ਸ਼ਹਿਰ ਦੇ ਨੇੜਿਓਂ ਇਕ ਹੋਰ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 751 ਮੂਲਵਾਸੀ ਬੱਚਿਆਂ ਦੇ ਸਰੀਰਕ ਅੰਗ ਮਿਲਣ ਕਾਰਨ ਰੋਹ ਸਿਖਰ 'ਤੇ ਪਹੁੰਚ ਚੁੱਕਿਆ ਹੈ। ਪੜਤਾਲ ਅਨੁਸਾਰ ਇਨ੍ਹਾਂ ਮ੍ਰਿਤਕ ਬੱਚਿਆਂ ਦੀ ਘੱਟ ਤੋਂ ਘੱਟ ਉਮਰ, ਤਿੰਨ ਸਾਲ ਤੱਕ ਦੀ ਸੀ, ਜੋ ਕਿ ਹਿਰਦਾ ਵਲੂੰਧਰਨ ਵਾਲਾ ਸੱਚ ਹੈ। ਇਹ ਸਕੂਲ 1899 ਤੋਂ ਲੈ ਕੇ 1997 ਤਕ ਚੱਲਿਆ, ਜਿਸ ਦੇ ਜ਼ੁਲਮ ਦੀ ਦਾਸਤਾਨ ਬੜੀ ਲੰਮੀ ਹੈ।
ਬ੍ਰਿਟਿਸ਼ ਕੋਲੰਬੀਆ ਦੇ ਕਰਿੱਨਬਰੁਕ ਸ਼ਹਿਰ ਦੇ ਰੈਜ਼ੀਡੈਂਸ਼ੀਅਲ ਸਕੂਲ ਤੋਂ 182 ਬੱਚਿਆਂ ਦੇ ਅੰਗ ਮਿਲਣ ਨਾਲ ਮਾਤਮ ਹੋਰ ਵੀ ਡੂੰਘਾ ਹੋ ਗਿਆ ਹੈ।ਇਹ ਸ਼ਹਿਰ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੀ ਸਰਹੱਦ 'ਤੇ ਕੈਲਗਰੀ ਤੋਂ ਥੋੜ੍ਹੀ ਦੂਰ ਤੇ ਪੈਂਦਾ ਹੈ, ਜਿੱਥੇ ਇਸ ਰੈਜ਼ੀਡੈਂਸ਼ੀਅਲ ਸਕੂਲ ਵਿਚ ਮੂਲ ਨਿਵਾਸੀ ਬਚਿਆ ਦਾ ਅੰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਬੱਚਿਆਂ ਦੀਆਂ ਹੱਤਿਆਵਾਂ ਉੱਘੀਆਂ ਹਸਤੀਆਂ ਵੱਲੋਂ ਕੀਤੀਆਂ ਜਾਂਦੀਆਂ ਸਨ। ਆਉਂਦੇ ਦਿਨਾਂ 'ਚ ਅਜਿਹੇ ਹੋਰ ਅਨੇਕਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਕਬਰਾਂ ਪੁੱਟਣ ਨਾਲ ਹੋਰ ਤਲਖ ਹਕੀਕਤਾਂ ਸਾਹਮਣੇ ਆਉਣ ਦੇ ਆਸਾਰ ਹਨ। ਫੈਡਰੇਸ਼ਨ ਆਫ ਸੋਵੇਰੀਅਨ ਇੰਡਿਜਨਸ ਫਰਸਟ ਨੇਸ਼ਨਜ਼, ਕਾਓਐਸਿਸ ਫਸਟ ਨੇਸ਼ਨ ਅਤੇ ਹੋਰਨਾਂ ਵੱਲੋਂ ਮੂਲਵਾਸੀ ਭਾਈਚਾਰਿਆਂ ਵੱਲੋਂ ਤਹੀਆ ਕੀਤਾ ਗਿਆ ਹੈ ਕਿ ਜਦੋਂ ਤਕ ਉਹ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਥਾਵਾਂ 'ਤੇ ਸਮੂਹ ਕਬਰਾਂ ਪੁੱਟ ਕੇ ਬੱਚਿਆਂ ਦੀਆਂ ਸਾਰੀਆਂ ਲਾਸ਼ਾਂ ਨਹੀਂ ਕਢਵਾ ਲੈਂਦੇ, ਓਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਕੈਨੇਡਾ ਦੇ ਮੂਲਵਾਸੀ ਲੋਕਾਂ ਨਾਲ ਸੰਨ 1835 ਤੋਂ ਲੈ ਕੇ 1997 ਤੱਕ ਰੈਂਜ਼ੀਡੈਸ਼ੀਅਲ ਅਤੇ ਬੋਰਡਿੰਗ ਸਕੂਲਾਂ ਦੇ ਨਾਂ ‘ਤੇ ਸ਼ੁਰੂ ਹੋਏ ਨਸਲਵਾਦ, ਜਬਰ -ਜ਼ੁਲਮ ਅਤੇ ਹੱਤਿਆਵਾਂ ਦੇ ਦੌਰ ਦੀ ਦਾਸਤਾਨ ਮੁੜ ਜੱਗ ਜ਼ਾਹਿਰ ਹੋਈ ਹੈ। ਇਹ ਵੀ ਪ੍ਰਤੱਖ ਕਰ ਦਿੱਤਾ ਹੈ ਕਿ 1879 ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜੌਹਨ ਏ. ਮੈਕਡਾਨੋਲਡ ਨੇ ਕੈਨੇਡੀਅਨ ਪੁਲਿਸ ਦਾ ਮੁੱਢ ਬੰਨ੍ਹਦੇ ਹੋਏ,ਇਸ ਰਾਹੀ ਮੂਲਵਾਸੀਆਂ ਦੇ ਬੱਚਿਆਂ ਨੂੰ ਜ਼ਾਲਮਾਨਾ ਢੰਗ ਨਾਲ ਘਸਿਆਰੇ ਬਣਾਉਣ ‘ਚ ਭੂਮਿਕਾ ਨਿਭਾਈ ਸੀ।
ਦਰਅਸਲ 17ਵੀਂ ਸਦੀ ਵਿੱਚ ਕੈਨੇਡਾ ‘ਚ ਫਰਾਂਸ ਬਸਤੀਵਾਦ ਦੇ ਨਾਲ ਹੀ ਮੂਲਵਾਸੀ ਲੋਕਾਂ ਦਾ ਤਬਾਹੀ ਦਾ ਮੁੱਢ ਬੰਨ੍ਹਿਆ ਜਾ ਚੁੱਕਿਆ ਸੀ। ਇੰਗਲੈਂਡ ਚਰਚ, ਰੋਮਨ ਕੈਥੋਲਿਕ ਅਤੇ ਯੂਨਾਈਟਿਡ ਚਰਚ ਸਮੇਤ ਕਈ ਬਸਤੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਕੈਨੇਡਾ ਦੇ ਨੇਟਿਵ ਲੋਕਾਂ ਨੂੰ ਨਿਸ਼ਾਨਾ ਬਣਾਇਆ ।18 ਵੀਂ ਅਤੇ 19ਵੀਂ ਸਦੀ ਦੇ ਦੌਰ ‘ਚ ਇਨ੍ਹਾਂ ਈਸਾਈ ਚਰਚਾਂ ਨੇ ਮੂਲਵਾਸੀਆਂ ਦੀ ਵਿਰਾਸਤ , ਬੋਲੀ ਤੇ ਪਛਾਣ ਖਤਮ ਕਰਨ ਲਈ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਦਾ ਪੱਤਾ ਖੇਡਿਆ, ਜਿਥੇ ਕਿ ਮੂਲਵਾਸੀਆਂ ਦੇ ਬੱਚਿਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦਾ ਹਰ ਪੱਖੋਂ ਸ਼ੋਸ਼ਣ ਕੀਤਾ ਜਾਂਦਾ ਸੀ। ਓਟਾਰੀਓ ‘ਚ ਫਰੈਂਟਫੋਰਡ ਦੇ ਸਿਕਸ ਨੇਸ਼ਨ ਆਫ਼ ਗੋਲਡਨ ਰਿਵਰ ਦੇ ਮੂਲਵਾਸੀਆਂ ਨੂੰ 1834 ਵਿੱਚ ਮੋਹਾਵਕ ਇਨਸਟੀਟਿਊਟ ਆਫ਼ ਰੈਜ਼ੀਡੈਂਸ਼ੀਅਲ ਸਕੂਲ ਰਾਹੀਂ , ਬੜੇ ਸ਼ਾਤੁਰਾਨਾ ਢੰਗ ਨਾਲ ਕਾਬੂ ਕੀਤਾ ਗਿਆ ਸੀ। ਤਰਕ ਇਹ ਦਿੱਤਾ ਗਿਆ ਕਿ 'ਪਿਛੜੇ ਲੋਕਾਂ ਦੇ ਬੱਚਿਆਂ ਨੂੰ ਸਭਿਅਕ’ ਬਣਾਉਣ ਲਈ ਇਹ ਸਕੂਲ ਖੋਲੇ ਗਏ ਹਨ, ਪਰ ਅਸਲ ਵਿੱਚ ਮੂਲਵਾਸੀਆਂ ਦੀ ਬੋਲੀ ਤੇ ਸਭਿਆਚਾਰ ਦਾ 'ਬੀ ਨਾਸ਼' ਕਰਨ ਦੀ ਇਹ ਨਸਲਵਾਦੀ ਸਾਜ਼ਿਸ਼ ਸੀ। ਅਠਾਰਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਤੱਕ ਇਹ ਸਿਲਸਿਲਾ ਚਲਦਾ ਰਿਹਾ। ਇਨ੍ਹਾਂ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਵਿੱਚ ਬੱਚਿਆਂ ਦੇ ਲਿੰਗਕ ਸ਼ੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ ਦੀਆਂ ਜਾਬਰਾਨਾਂ ਘਟਨਾਵਾਂ ਦੇ ਵੇਰਵੇ ਮਿਲਦੇ ਹਨ। ਇਕ ਖੋਜ ਅਨੁਸਾਰ ਰੋਮਨ ਕੈਥੋਲਿਕ ਚਰਚ ਵੱਲੋਂ 44, ਇੰਗਲੈਂਡ ਚਰਚ ਵੱਲੋਂ 21, ਯੂਨਾਈਟਿਡ ਚਰਚ ਵੱਲੋਂ 13 ਅਤੇ ਕਈ ਹੋਰਨਾਂ ਵੱਲੋਂ ਵੀ ਅਜਿਹੇ ਕਰੀਬ 139 ਸਕੂਲ ਖੋਲੇ ਗਏ ਸਨ, ਜੋ ਕਿ 20ਵੀਂ ਸਦੀ ਤੱਕ ਚਲਦੇ ਰਹੇ। ਮੂਲਵਾਸੀ ਲੋਕਾਂ ਦੇ ਡੇਢ ਲੱਖ ਬੱਚਿਆਂ ਨੂੰ ਇਨ੍ਹਾਂ ‘ਚ ਬੰਦ ਰੱਖਿਆ ਗਿਆ, ਜਿਨ੍ਹਾਂ ‘ਚ 3200 ਤੋਂ ਲੈ ਕੇ 6000 ਤੋਂ ਵੱਧ ਮੌਤਾਂ ਜਾਂ ਹਤਿਆਵਾਂ ਹੋਈਆਂ।
ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਕੂਲਾਂ ‘ਚ ਭਰਤੀ ਕਰਨ ਲਈ ਮੂਲਵਾਸੀਆਂ ਦੇ ਬੱਚੇ ਜਬਰੀ ਚੁੱਕੇ ਜਾਂਦੇ ਸਨ। ਪੁਲਿਸ ਦੀਆਂ ਨਸਲਵਾਦੀ ਤੇ ਧੱਕੇਸ਼ਾਹੀ ਦੀਆਂ ਰੌਂਗਟੇ ਖੜੇ ਕਰਨ ਵਾਲੀ ਦਰਦਨਾਕ ਕਹਾਣੀਆਂ ਕੈਨੇਡਾ ਦੀ ਆਰ.ਸੀ. ਐਮ. ਪੀ. ਦਾ ਕਾਲਾ ਇਤਿਹਾਸ ਹਨ। ਆਰ ਸੀ ਐੱਮ ਪੀ ਦੇ ਮੂਲ ਵਾਸੀਆਂ ‘ਤੇ ਤਸ਼ੱਦਦ ਦੀ ਬ੍ਰਿਟਿਸ਼ ਕੋਲੰਬੀਆ ਚ ਵਾਪਰੀ ‘ਗਸਟੈਫਸਨ ਲੇਕ’ ਵਾਲੀ ਜ਼ਾਲਮਾਨਾ ਘਟਨਾ ਇਤਿਹਾਸ ਦੇ ਪੰਨਿਆਂ ਤੋਂ ਕਦੀ ਵੀ ਮਿਟ ਨਹੀਂ ਸਕੇਗੀ, ਜਿਸ ਵਿੱਚ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੇ ਲੋਕਾਂ ਉਪਰ ਹਜ਼ਾਰਾਂ ਗੋਲੀਆਂ ਚਲਾ ਕੇ ਉਨ੍ਹਾਂ ਦੀ ਜੱਦੀ-ਪੁਸ਼ਤੀ ਜ਼ਮੀਨ 'ਤੇ ਉਨ੍ਹਾਂ ਦੇ ਰਵਾਇਤੀ ਤਿਉਹਾਰ ਰੋਕਣ ਦੀ ਸਾਜ਼ਿਸ਼ ਰਚੀ ਗਈ ਅਤੇ ਪੂੰਜੀਪਤੀਆਂ ਦਾ ਪੱਖ ਪੂਰਿਆ ਗਿਆ। ਬੀ.ਸੀ. ਦੇ ਤਤਕਾਲੀ ਅਟਾਰਨੀ ਜਨਰਲ ਉੱਜਲ ਦੁਸਾਂਝ ਦੀ ਅਗਵਾਈ ਵਿੱਚ ਹੋਇਆ ਇਹ ‘ਆਰ ਸੀ ਐੱਮ ਪੀ ਦਾ ਪੁਲਿਸ ਅਪ੍ਰੇਸ਼ਨ’ ਕੈਨੇਡਾ ਦੇ ਇਤਿਹਾਸ ਵਿੱਚ, ਕਿਸੇ ਛੋਟੇ ਜਿਹੇ ਮੂਲਵਾਸੀ ਸਮੂਹ ‘ਤੇ ਹੋਈ, ਹੁਣ ਤੱਕ ਦੀ ਸਭ ਤੋਂ ਵੱਡੀ ਹਥਿਆਰਬੰਦ ਪੁਲਿਸ ਕਾਰਵਾਈ ਮੰਨੀ ਜਾਂਦੀ ਹੈ। ਵੈਨਕੂਵਰ ਦੇ ਉਤਰ ਪੂਰਬ ਵਾਲੇ ਪਾਸੇ 450 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਮੂਲਵਾਸੀ ਲੋਕਾਂ ਦੀ ਜਗ੍ਹਾ ਗਸਟੈਫਸਨ ਲੇਕ ‘ਤੇ ਛੋਟੇ ਜਿਹੇ ਮੂਲਵਾਸੀ ਵਿਅਕਤੀਆਂ ਦੇ ਗਰੁੱਪ ਉੱਪਰ ਮੌਕੇ ਦੇ ਅਟਾਰਨੀ ਜਰਨਲ ਉਜੱਲ ਦੁਸਾਂਝ ਦੇ ਹੁਕਮ ਅਧੀਨ, 15 ਸਤੰਬਰ 1995 ਨੂੰ ਵੱਡੀ ਹਥਿਆਰਬੰਦ ਕਾਰਵਾਈ ਹੋਈ ਸੀ। ਦੁਸਾਂਝ ਨੇ ਖ਼ੁਦ ਮੰਨਿਆ ਕਿ ਛੋਟੇ ਜਿਹੇ 'ਮਿਲੀਟੈਂਟ ਗਰੁਪ' ਨੂੰ ਖਿਦੇਣਨ ਲਈ ਇਹ ਕਾਰਵਾਈ ਅਤਿ ਜ਼ਰੂਰੀ ਸੀ, ਪਰ ਮੂਲਵਾਸੀਆਂ ‘ਤੇ ਏਡੀ ਵੱਡੀ ਫੌਜੀ ਤਾਕਤ ਨੂੰ ਵਰਤਣ ਦੀ ਕਾਰਵਾਈ ਦੀ ਕੈਨੇਡਾ ਭਰ ਦੀਆਂ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਇੰਡੀਜੀਨੀਅਸ ਸੰਸਥਾਵਾਂ ਸਦਾ ਹੀ ਨਿੰਦਾ ਕਰਦੀਆਂ ਹਨ। ਇਹ ਗੱਲ ਹੋਰ ਵੀ ਦੁਖਾਂਤਕ ਹੈ ਕਿ ਇੱਕ ਰੰਗਦਾਰ ਭਾਈਚਾਰੇ ਦੇ ਵਿਅਕਤੀ ਦੀ ਅਗਵਾਈ ਵਿੱਚ ਆਰਸੀਐਮਪੀ ਦੀ ਇਹ ਨਸਲਵਾਦੀ ਅਤੇ ਨਫਰਤ ਭਰੀ ਕਾਰਵਾਈ ਹੋਈ, ਜਿਸ ਦੀ ਅਜੇ ਤੱਕ ਉੱਜਲ ਦੁਸਾਂਝ ਨੇ ਮਾਫ਼ੀ ਮੰਗ ਕੇ ਕਲੰਕ ਨੂੰ ਮਿਟਾਉਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਕੈਨੇਡਾ ਵਿਚ ਮੂਲ ਵਾਸੀਆਂ ਪ੍ਰਤੀ ਨਸਲਵਾਦ ਦੀਆਂ ਹੋਰ ਵੀ ਅਨੇਕਾਂ ਘਟਨਾਵਾਂ ਹਨ, ਜਿਨ੍ਹਾਂ ਵਿੱਚ ਆਰਸੀਐਮਪੀ ਨੇ ਵਿਤਕਰੇ ਵਾਲੀ ਪਹੁੰਚ ਦੀ ਵਰਤੋਂ ਕੀਤੀ।
ਅੱਜ ਦੀ ਤਾਰੀਖ਼ ਵਿੱਚ ਵੀ ਇਹ ਨਸਲਵਾਦ ਜਾਰੀ ਹੈ। ਕੈਨੇਡਾ ਦੀ ਟੋਰੀ ਪਾਰਟੀ ਦੇ ਆਗੂ ਐਰਿਨ ਓਟੂਲ ਦੀ ਬਿਆਨ ਇਸ ਦੀ ਗਵਾਹੀ ਦਿੰਦੇ ਹਨ, ਜਿਹੜੇ ਕੈਨੇਡਾ ਦੇ ਜਸ਼ਨਾਂ ਨੂੰ ਕਿਸੇ ਵੀ ਪੱਧਰ ਤੇ ਮਨਾਉਣ ਦੇ ਵਿਰੋਧ ਦੇ ਉਲਟ ਹਨ। ਆਪਣੀ ਸੌੜੀ ਸੋਚ ਰਾਹੀਂ ਉਹ ਵਿਰੋਧ ਕਰਨ ਵਾਲਿਆਂ ਨੂੰ ਨਿੱਕੇ -ਨਿੱਕੇ ਗਰੁੱਪ ਕਰਾਰ ਦੇ ਕੇ, ਲਗਾਤਾਰ ਧੌਂਸ ਜਮਾ ਰਹੇ ਹਨ। ਦੂਜੇ ਪਾਸੇ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਮੂਲਵਾਸੀਆਂ ਦੇ ਦਰਦ ਨੂੰ ਜਾਣਦੇ ਹੋਏ ਉਨ੍ਹਾਂ ਲਈ ਹਾਅ ਦਾ ਨਾਅਰਾ ਮਾਰ ਰਹੇ ਹਨ । ਜਗਮੀਤ ਸਿੰਘ ਵੱਲੋਂ ਨਸਲਵਾਦ ਖ਼ਿਲਾਫ਼ ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਮਤਾ ਪੇਸ਼ ਕਰਨਾ ਵਿਸ਼ੇਸ਼ ਮਹੱਤਵ ਦਾ ਲਿਖਾਇਕ ਹੋ ਨਿਬੜਿਆ ਸੀ। ਉਹ ਅੱਜ ਦੇ ਦੌਰ ‘ਚ ਮਾਨਵਵਾਦ ਦਾ ਦੂਤ ਅਤੇ ਨਸਲਵਾਦ ਵਿਰੋਧੀ ਆਗੂ ਬਣ ਕੇ, ਵਿਸ਼ਵ ਰਾਜਨੀਤੀ ਦੇ ਮੰਚ ‘ਤੇ ਉਜਾਗਰ ਹੋਏ ਹਨ। ਉਹਨਾਂ ਦਾ ਇਹ ਕਦਮ ਜਿੱਥੇ ਰੰਗ- ਨਸਲ ਦਾ ਵਿਤਕਰਾ ਖਤਮ ਵਿੱਚ ਸਹਾਈ ਹੋਵੇਗਾ, ਉੱਥੇ ਲੋਕ ਮਨਾਂ ‘ਚੋਂ ਨਫਰਤ ਕੱਢਣ ਵਿੱਚ ਵੀ ਮਹੱਤਵਪੂਰਨ ਸਿੱਧ ਹੋਏਗਾ। ਅਸੀਂ ਭੁੱਲੀਏ ਨਾ ਕਿ ਸਾਡੇ ਵੱਡਿਆਂ- ਵਡੇਰਿਆਂ 'ਗ਼ਦਰੀ ਬਾਬਿਆਂ' ਨੇ ਕੈਨੇਡਾ ਦੀ ਧਰਤੀ 'ਤੇ ਮੂਲਵਾਸੀਆਂ ਨੂੰ 'ਤਾਏ ਕੇ' ਆਖਦਿਆਂ 'ਵੱਡਿਆਂ' ਵਜੋਂ ਸਤਿਕਾਰ ਦਿੱਤਾ ਸੀ। ਅੱਜ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਇਨ੍ਹਾਂ ਦੇ ਦੁੱਖ ਵੰਡਾਓਣ ਲਈ ਵਧ- ਚੜ੍ਹ ਕੇ ਅੱਗੇ ਆਈਏ। 'ਲਾਲ ਭਾਰਤੀ' (ਰੈੱਡ ਇੰਡੀਅਨ) ਵਰਗੇ ਅਪਮਾਨਜਨਕ ਸ਼ਬਦਾਂ ਨਾਲ ਸੰਬੋਧਨ ਕਰਨ ਵਾਲੀ ਨਸਲਵਾਦੀ ਅਤੇ ਜਾਤੀਵਾਦੀ ਵਿਤਕਰੇ ਵਾਲੀ ਸੋਚ ਤਿਆਗ ਕੇ, ਇੰਡਿਜਨਸ ਭਾਈਚਾਰੇ ਦਾ ਸਤਿਕਾਰ ਕਰੀਏ ਕਿਉਂਕਿ :
‘ਰੰਗ ਨਸਲ ਦਾ ਵਿਤਕਰਾ, ਮਾਨਵਵਾਦ ਖਿਲਾਫ਼।
ਭਿੰਨ ਭੇਦ ਦੇ ਲੱਛਣੀ, ਜੀਵਨ ਬਣੇ ਸਰਾਪ।’
ਡਾ. ਗੁਰਵਿੰਦਰ ਸਿੰਘ ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।
ਫੋਨ : 001 -604-825-1550
-ਮੂਲਵਾਸੀ ਬੱਚੇ ਦੀ ਸੱਭਿਆਚਾਰਕ ਦਿੱਖ ਮਿਟਾਉਣ ਅਤੇ ਵਾਲ ਕੱਟਣ ਸਮੇਂ ਦੀ ਤਸਵੀਰ।
-ਤਸ਼ੱਦਦ ਮਗਰੋਂ ਪਾਦਰੀਆਂ ਵਲੋਂ ਇੰਡੀਜੀਨੀਅਸ ਬੱਚਿਆਂ ਨਾਲ ਖਿਚਾਈਆਂ ਤਸਵੀਰਾਂ
-ਕੈਨੇਡਾ ਦੇ ਇੰਡੀਜੀਨੀਅਸ ਭਾਈਚਾਰੇ ਦੇ ਬੱਚਿਆਂ ਦੀਆਂ ਸਰੀਰਕ ਅੰਗ ਮਿਲਣ ਥੇ ਹਮਦਰਦੀ ਪ੍ਰਗਟ ਕਰਦੇ ਹੋਏ ਸਿੱਖ ਰਾਈਡਰਜ਼ ਕੈਨੇਡਾ ਦੇ ਮੈਂਬਰ।
-ਮੂਲਵਾਸੀ ਭਾਈਚਾਰਿਆਂ ਦੇ ਬੱਚਿਆਂ ਨੂੰ ਯਾਦ ਕਰਦਿਆਂ ਬੂਟ ਰੱਖ ਕੇ ਦੁੱਖ ਪ੍ਰਗਟਾਉਣ ਸਮੇਂ ਦੀਆਂ ਤਸਵੀਰਾਂ।
Comments (0)