19 ਸਾਲਾ ਔਰਤ ਨੇ ਆਪਣੇ ਪਿਤਾ ਨੂੰ ਮੌਤ ਦੀ ਸਜ਼ਾ ਦੇਣ ਵੇਲੇ ਹਾਜਰ ਰਹਿਣ ਦੀ ਇਜਾਜ਼ਤ ਮੰਗੀ

19 ਸਾਲਾ ਔਰਤ ਨੇ ਆਪਣੇ ਪਿਤਾ ਨੂੰ ਮੌਤ ਦੀ ਸਜ਼ਾ ਦੇਣ ਵੇਲੇ ਹਾਜਰ ਰਹਿਣ ਦੀ ਇਜਾਜ਼ਤ ਮੰਗੀ
ਕੈਪਸ਼ਨ : ਕੈਵਿਨ ਜੌਹਨਸਨ

ਕੈਵਿਨ ਜੌਹਨਸਨ ਨੂੰ ਹੱਤਿਆ ਦੇ ਮਾਮਲੇ ਵਿਚ 29 ਨਵੰਬਰ ਨੂੰ ਲਾਇਆ ਜਾਣਾ ਹੈ ਜ਼ਹਿਰ ਦਾ ਟੀਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ
27 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਸੂਰੀ ਰਾਜ ਦੀ ਇਕ 19 ਸਾਲਾ ਔਰਤ ਨੇ ਇਕ ਸੰਘੀ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਆਪਣੇ ਪਿਤਾ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਵੇਲੇ ਹਾਜਰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਉਹ ਚਹੁੰਦੀ ਹੈ ਕਿ ਆਪਣੇ ਪਿਤਾ ਦੇ ਅੰਤਿਮ ਵੇਲੇ ਹਾਜਰ ਰਹੇ।  ਮਿਸੂਰੀ ਦਾ ਕਾਨੂੰਨ 21 ਸਾਲ ਤੋਂ ਘੱਟ ਉਮਰ ਵਾਲੇ ਕਿਸੇ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਵੇਲੇ ਮੌਜੂਦ ਰਹਿਣ ਦੀ ਪ੍ਰਵਾਨਗੀ ਨਹੀਂ ਦਿੰਦਾ। ਕੈਵਿਨ ਜੌਹਨਸਨ ਨਾਮੀ ਵਿਅਕਤੀ ਨੂੰ 2005 ਵਿਚ ਕਿਰਕਵੁੱਡ (ਮਿਸੂਰੀ) ਦੇ ਪੁਲਿਸ ਅਫਸਰ ਵਿਲੀਅਮ ਮੈਕਨਟੀ ਦੀ ਹੱਤਿਆ ਦੇ ਮਾਮਲੇ ਵਿਚ 29 ਨਵੰਬਰ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ  ਜਾਣੀ ਹੈ ਹਾਲਾਂ ਕਿ ਉਸ ਦੇ ਵਕੀਲਾਂ ਨੇ ਉਸ ਦੀ ਜਾਨ ਬਖਸ਼ ਦੇਣ ਦੀ ਅਪੀਲ ਕੀਤੀ ਹੈ। ਧੀ ਨੇ ਆਪਣੀ ਦਰਖਾਸਤ ਵਿਚ ਕਿਹਾ ਹੈ ਕਿ ਜੌਹਨਸਨ ਉੁਸ ਲਈ ਸਭ ਤੋਂ ਅਹਿਮ ਵਿਅਕਤੀ ਹੈ। ਕੈਵਿਨ ਨੇ ਖੁਦ ਵੀ ਬੇਨਤੀ ਕੀਤੀ ਹੈ ਕਿ ਉਸ ਦੀ ਧੀ ਖੌਰੀ ਰਾਮੀ ਨੂੰ ਉਸ ਦੇ ਅੰਤਿਮ ਵੇਲੇ ਹਾਜਰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਉਹ ਅਜਿਹਾ ਕਰਨਾ ਚਹੁੰਦੀ ਹੈ। ਇਸੇ ਦੌਰਾਨ ਅਮੈਰੀਕਨ ਸਿਵਲ ਲਿਬਰਟੀਜ ਯੁਨੀਅਨ ਨੇ ਕਨਸਾਸ ਸ਼ਹਿਰ ਦੀ ਸੰਘੀ ਅਦਾਲਤ ਵਿਚ ਦਾਇਰ ਹੰਗਾਮੀ ਅਪੀਲ ਵਿਚ ਕਿਹਾ ਹੈ ਕਿ ਖੌਰੀ ਰਾਮੀ ਨੂੰ ਇਜਾਜ਼ਤ ਨਾ ਦੇ ਕੇ ਉਸ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਰਾਮੀ ਉਸ ਸਮੇ 2 ਸਾਲ ਦੀ ਸੀ ਜਦੋਂ ਤੋਂ ਜੌਹਨਸਨ ਜੇਲ ਵਿਚ ਹੈ। ਇਸ ਸਮੇ ਜੌਹਨਸਨ ਦੀ ਉਮਰ 37 ਸਾਲ ਹੈ। ਦੋਨਾਂ ਵਿਚਾਲੇ ਚਿੱਠੀ ਪੱਤਰਾਂ ਤੇ ਫੋਨ ਰਾਹੀਂ ਨਿਰੰਤਰ ਸੰਪਰਕ ਰਿਹਾ ਹੈ। ਪਿਛਲੇ ਮਹੀਨੇ ਰਾਮੀ ਆਪਣੇ ਨਵਜੰਮੇ ਪੁੱਤਰ ਨੂੰ ਆਪਣੇ ਦਾਦਾ ਨਾਲ ਮਿਲਾਉਣ ਲਈ ਜੇਲ ਵਿਚ ਲੈ ਕੇ ਆਈ ਸੀ।