ਭਾਰਤੀ ਮੂਲ ਦੇ 66 ਅੱਤਵਾਦੀ ਵਿਦੇਸ਼ਾਂ ਵਿੱਚ ਇਸਲਮਾਮਿਕ ਸਟੇਟ ਅੱਤਵਾਦੀ ਸੰਗਠਨ ਵਿਚ ਸਰਗਰਮ- ਅਮਰੀਕੀ ਵਿਦੇਸ਼ ਵਿਭਾਗ
* ਭਾਰਤ ਵਿਚ ਵੀ ਇਸਲਾਮਿਕ ਸਟੇਟ ਦੀ ਹੋਂਦ ਮੌਜੂਦ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਭਾਰਤੀ ਮੂਲ ਦੇ 66 ਅੱਤਵਾਦੀ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿਚ ਸਰਗਰਮ ਹਨ। ਵਿਦੇਸ਼ ਵਿਭਾਗ ਅਨੁਸਾਰ ਇਸਲਾਮਿਕ ਸਟੇਟ ਦੀ ਭਾਰਤ ਵਿਚ ਹੋਂਦ ਹੈ। ਅੱਤਵਾਦ ਵਿਰੋਧੀ ਬਿਊਰੋ ਦੇ ਵਿਭਾਗ ਦੁਆਰਾ ਜਾਰੀ ਸਲਾਨਾ ਰਿਪੋਰਟ ਅੱਤਵਾਦ-2020 ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੀ ਉਕਤ ਗਿਣਤੀ ਨਵੰਬਰ ਤੱਕ ਦੀ ਹੈ ਤੇ ਪਿਛਲੇ ਸਾਲ ਇਨ੍ਹਾਂ ਵਿਚੋਂ ਕੋਈ ਵੀ ਇਸਲਾਮਿਕ ਸਟੇਟ ਲੜਾਕਾ ਭਾਰਤ ਨਹੀਂ ਗਿਆ। ਰਿਪੋਰਟ ਅਨੁਸਾਰ ਭਾਰਤ ਵਿਚ ਸਤੰਬਰ ਦੇ ਅੰਤ ਤੱਕ ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਨੇ 34 ਅੱਤਵਾਦੀ ਮਾਮਲਿਆਂ ਦੀ ਜਾਂਚ ਕੀਤੀ ਜਿਸ ਤੋਂ ਪਤਾ ਲੱਗਾ ਇਹ ਸਾਰੇ ਮਾਮਲੇ ਆਈ ਐਸ ਆਈ ਐਸ ਨਾਲ ਸਬੰਧਤ ਹਨ। ਇਨ੍ਹਾਂ ਮਾਮਲਿਆਂ ਸਬੰਧ ਐਨ ਆਈ ਏ ਨੇ 160 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਰਿਪੋਰਟ ਅਨੁਸਾਰ ਹਾਲਾਂ ਕਿ ਆਈ ਐਸ ਆਈ ਐਸ ਸੀਰੀਆ ਵਿਚ ਆਪਣੇ ਕਬਜ਼ੇ ਹੇਠਲਾ ਖੇਤਰ ਗਵਾ ਚੁੱਕੀ ਹੈ ਪਰੰਤੂ ਪਾਕਿਸਤਾਨ ਤੇ ਭਾਰਤ ਵਿਚ ਇਸ ਦੀਆਂ ਸ਼ਾਖਾਵਾਂ ਦਾ ਪਤਾ 2019 ਵਿਚ ਲੱਗਾ ਸੀ ਜੋ ਸ਼ਾਖਾਵਾਂ ਅੱਜ ਵੀ ਸਰਗਰਮ ਹਨ।
ਰਿਪੋਰਟ ਅਨੁਸਾਰ ਮਾਲਦੀਵ ਤੇ ਬੰਗਲਾਦੇਸ਼ ਵਿਚ 2020 ਵਿਚ ਹੋਏ ਹਮਲਿਆਂ ਦੀ ਜਿੰਮੇਵਾਰੀ ਆਈ ਐਸ ਨਾਲ ਸਬੰਧਤ ਗਰੁੱਪਾਂ ਨੇ ਲਈ ਸੀ। ਅੱਤਵਾਦ ਵਿਰੋਧੀ ਕਾਰਜਕਾਰੀ ਕੋਆਰਡੀਨੇਟਰ ਜੌਹਨ ਗੌਡਫਰੇਅ ਨੇ ਰਿਪੋਰਟ ਜਾਰੀ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਆਈ ਐਸ ਤੇ ਅਲ ਕਾਇਦਾ ਦੇ ਸੰਪਰਕ ਵਧੇ ਹਨ ਜਿਸ ਕਾਰਨ ਸਪੱਸ਼ਟ ਤੌਰ 'ਤੇ ਅੱਤਵਾਦ ਵਧਿਆ ਹੈ। ਜੌਹਨ ਨੇ ਕਿਹਾ ਕਿ ਹਾਲਾਂ ਕਿ ਆਈ ਐਸ ਦਾ ਅਖੌਤੀ ਮੁਖੀ ਕਮਜੋਰ ਪੈ ਚੱਕਾ ਹੈ ਪਰੰਤੂ ਇਹ ਇਰਾਦੇ ਦਾ ਪੱਕਾ ਹੈ ਤੇ ਖਤਰਨਾਕ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਚਿੰਤਾ ਇਹ ਹੈ ਕਿ ਆਈ ਐਸ ਨੇ ਇਰਾਕ ਤੇ ਸੀਰੀਆ ਤੋਂ ਬਾਹਰ ਆਪਣੀਆਂ ਸ਼ਾਖਾਵਾਂ ਤੇ ਨੈਟਵਰਕ ਵਧਾਉਣ ਵੱਲ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ। ਰਿਪੋਰਟ ਅਨੁਸਾਰ 2019 ਦੀ ਤੁਲਨਾ ਵਿਚ 2020 ਦੌਰਾਨ ਅੱਤਵਾਦੀ ਹਮਲਿਆਂ ਵਿਚ ਮੌਤਾਂ ਦੀ ਗਿਣਤੀ 10% ਵਧੀ ਹੈ।
Comments (0)