ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਪਹਿਲੇ ਹਫਤੇ 19 ਗਵਾਹੀਆਂ ਭੁਗਤੀਆਂ

ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਪਹਿਲੇ ਹਫਤੇ 19 ਗਵਾਹੀਆਂ ਭੁਗਤੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

* ਮੈਡੀਕਲ ਮਾਹਿਰਾਂ ਦੀ ਗਵਾਹੀ ਹੋਵੇਗੀ ਅਹਿਮ

ਸੈਕਰਾਮੈਂਟੋ:   (ਹੁਸਨ ਲੜੋਆ ਬੰਗਾ)- ਵਿਸ਼ਵ ਭਰ ਵਿਚ ਚਰਚਾ ਦਾ ਵਿਸ਼ਾ ਬਣੇ ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਪਹਿਲੇ ਹਫਤੇ 14 ਮੈਂਬਰੀ ਜੁਡੀਸ਼ਰੀ ਅੱਗੇ ਕੁਲ 19 ਗਵਾਹੀਆਂ ਹੋਈਆਂ। ਮਿਨੀਪੋਲਿਸ ਦੇ ਪੁਲਿਸ ਅਧਿਕਾਰੀ ਸ਼ੌਵਿਨ ਡੈਰਕ ਵਿਰੁੱਧ ਲੱਗੇ ਹੱਤਿਆ ਦੇ ਦੋਸ਼ਾਂ ਬਾਰੇ ਸੁਣਵਾਈ ਦੀ ਸ਼ੁਰੂਆਤ ਦੌਰਾਨ ਫਲਾਇਡ ਦੀ ਗ੍ਰਿਫਤਾਰੀ ਤੋਂ ਲੈ ਕੇ ਉਸ ਦੀ ਮੌਤ ਤੱਕ ਦੀ ਵੀਡੀਓ ਅਦਾਲਤ ਵਿਚ ਵਿਖਾਈ ਗਈ।

ਗਵਾਹੀ ਦੌਰਾਨ ਅਨੇਕਾਂ ਗਵਾਹ ਫਲਾਇਡ ਦੀ ਮੌਤ ਦਾ ਦ੍ਰਿਸ਼ ਯਾਦ ਕਰਕੇ ਆਪਣੇ ਅਥਰੂ ਰੋਕੇ ਬਿਨਾਂ ਨਹੀਂ ਰਹਿ ਸਕੇ। ਹਫਤੇ ਦੇ ਦੂਸਰੇ ਅੱਧ ਦੌਰਾਨ ਅਦਾਲਤ ਦਾ ਧਿਆਨ ਪੁਲਿਸ ਦੇ ਬਾਡੀ ਕੈਮਰਾ ਵੀਡੀਓ ਉਪਰ ਕੇਂਦ੍ਰਿਤ ਰਿਹਾ। ਅਜੇ ਮੈਡੀਕਲ ਮਾਹਿਰਾਂ ਦੀਆਂ ਗਵਾਹੀਆਂ ਹੋਣੀਆਂ ਹਨ ਜੋ ਇਸ ਮਾਮਲੇ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਕਿਉਂਕਿ ਬਚਾਅ ਪੱਖ ਦਾ ਕਹਿਣਾ ਹੈ ਕਿ ਫਲਾਇਡ ਦੀ ਮੌਤ ਡਰੱਗ ਦੀ ਵਰਤੋਂ ਤੇ ਹੋਰ ਸਿਹਤ ਸਮੱਸਿਆਵਾਂ ਕਾਰਨ ਹੋਈ ਹੈ ਜਦ ਕਿ ਇਸਤਗਾਸਾ ਧਿਰ ਦਾ ਦੋਸ਼ ਹੈ ਕਿ ਮਿਨੀਪੋਲਿਸ ਦੀ ਪੁਲਿਸ ਵੱਲੋਂ ਵਰਤੀ ਗਈ ਤਾਕਤ ਕਾਰਨ ਫਲਾਇਡ ਦਮ ਤੋੜ ਗਿਆ ਸੀ।

ਖਾਸ ਕਰਕੇ ਪੁਲਿਸ ਅਧਿਕਾਰੀ ਸ਼ੌਵਿਨ ਡੈਰਕ ਵੱਲੋਂ ਧੌਣ ਨੂੰ 9 ਮਿੰਟ ਤੋਂ ਵੀ ਵਧ ਸਮਾਂ ਦਬਾਅ ਕੇ ਰੱਖਣ ਕਾਰਨ ਫਲਾਇਡ ਦਾ ਸਾਹ ਬੰਦ ਹੋ ਗਿਆ ਸੀ। ਜਿਆਦਾਤਰ ਗਵਾਹਾਂ ਨੇ ਵੀ ਇਸਤਗਾਸਾ ਪੱਖ ਦੀ ਇਸ ਦਲੀਲ ਦੀ ਪੁਸ਼ਟੀ ਕੀਤੀ ਹੈ ਤੇ ਉਨਾਂ ਕਿਹਾ ਹੈ ਕਿ ਫਲਾਇਡ ਵਾਰ ਵਾਰ ਸਾਹ ਨਾ ਆਉਣ ਦੀ ਗੱਲ ਕਰ ਰਿਹਾ ਸੀ ਤੇ ਉਹ ਪੁਲਿਸ ਨੂੰ ਛੱਡ ਦੇਣ ਦੀ ਬੇਨਤੀ ਕਰ ਰਿਹਾ ਸੀ।

ਇਥੇ ਜਿਕਰਯੋਗ ਹੈ ਕਿ ਮਿਨੀਪੋਲਿਸ ਦੇ ਕੱਪ ਫੂਡਜ਼ ਸਟੋਰ ਤੋਂ ਫਲਾਇਡ ਵੱਲੋਂ ਸਿਗਰਟ ਖਰੀਦਣ ਉਪਰੰਤ ਉਸ ਵੱਲੋਂ ਦਿੱਤੇ ਗਏ 20 ਡਾਲਰ ਦੇ ਨੋਟ ਤੋਂ ਬਾਅਦ ਝਗੜਾ ਸ਼ੁਰੂ ਹੋਇਆ ਸੀ। ਸੇਲਜ਼ਮੈਨ ਦਾ ਕਹਿਣਾ ਸੀ ਕਿ 20 ਡਾਲਰ ਦਾ ਨੋਟ ਜਾਹਲੀ ਹੈ।

ਉਸ ਵੱਲੋਂ ਕੀਤੀ ਕਾਲ 'ਤੇ ਪਹੁੰਚੀ ਪੁਲਿਸ ਨੇ ਫਲਾਇਡ ਨੂੰ ਹਿਰਾਸਤ ਵਿਚ ਲੈ ਲਿਆ ਸੀ ਤੇ ਉਸ ਦੇ ਹੱਥ ਪਿਛੇ ਬੰਨ ਦਿੱਤੇ ਸਨ ਤੇ ਬਾਅਦ ਵਿਚ ਜਮੀਨ ਉਪਰ ਪੁੱਠਾ ਲਿਟਾ ਕੇ ਉਸ ਦੀ ਧੌਣ ਉਪਰ ਗੋਡਾ ਰਖਣ ਕਾਰਨ ਉਸ ਦੀ ਮੌਤ ਹੋ ਗਈ ਸੀ.