ਪੰਜਾਬ 'ਚ ਕਾਂਗਰਸ ਦੀ ਹਾਰ ਲਈ ਨਵਜੋਤ ਸਿੰਘ ਸਿੱਧੂ ਸਿੱਧੇ ਤੌਰ 'ਤੇ ਜ਼ਿੰਮੇਵਾਰ : ਪਵਨ ਦੀਵਾਨ

ਪੰਜਾਬ 'ਚ ਕਾਂਗਰਸ ਦੀ ਹਾਰ ਲਈ ਨਵਜੋਤ ਸਿੰਘ ਸਿੱਧੂ ਸਿੱਧੇ ਤੌਰ 'ਤੇ ਜ਼ਿੰਮੇਵਾਰ : ਪਵਨ ਦੀਵਾਨ
ਪਵਨ ਦੀਵਾਨ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ਲੁਧਿਆਣਾ, 11 ਮਾਰਚ (ਰਾਜ ਗੋਗਨਾ )— ਪੰਜਾਬ ਲਾਰਜ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਹੋਏ ਭਾਰੀ ਨੁਕਸਾਨ ਲਈ ਸਿੱਧੇ ਤੌਰ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਠੋਕੋ ਤਾਲੀ ਦੇ ਅਹੰਕਾਰ ਅਤੇ ਬੜਬੋਲੇਪਣ ਪੂਰੀ ਕਾਂਗਰਸ ਨੂੰ ਬੜੇ ਬੁਰੇ ਤਰੀਕੇ ਨਾਲ ਠੋਕ ਕੇ ਰੱਖ ਦਿੱਤਾ ਹੈ। ਚੇਅਰਮੈਨ ਪਵਨ ਦੀਵਾਨ ਨੇ ਵੱਲੋ ਜਾਰੀ ਇਕ ਲਿਖਤੀ ਬਿਆਨ ਵਿੱਚ ਕਿਹਾ ਕਿ ਠੋਕੋ ਤਾਲੀ ਨੂੰ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ ਹੈ ਕਿ ਕੀ ਨਵਜੋਤ ਸਿੱਧੂ ਨੇ ਵਿਰੋਧੀ ਪਾਰਟੀਆਂ ਨਾਲ ਕੋਈ ਗੁਪਤ ਸਮਝੌਤਾ ਨਹੀਂ ਕੀਤਾ ਸੀ, ਜਿਸ ਕਾਰਨ ਕਾਂਗਰਸ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ। ਇੱਥੋਂ ਤੱਕ ਕਿ ਪੰਜਾਬ ਕਾਂਗਰਸ ਦੀ ਜਥੇਬੰਦੀ ਵੀ ਬਹੁਤਾ ਸਮਾਂ ਖੜ੍ਹੀ ਨਾ ਹੋ ਸਕੀ। ਇਸ ਤੋਂ ਇਲਾਵਾ, ਸਿੱਧੂ ਦਾ ਹੰਕਾਰ ਅਤੇ ਬੜਬੋਲਾਪਣ ਸਿਰ ਚੜ੍ਹ ਕੇ ਰਿਹਾ ਸੀ।  ਇੱਥੋਂ ਤੱਕ ਕਿ ਪੁਰਾਣੇ ਅਤੇ ਸੱਚੇ ਕਾਂਗਰਸੀਆਂ ਦੀ ਪੁੱਛ-ਪੜਤਾਲ ਤੱਕ ਨਹੀਂ ਕੀਤੀ ਗਈ। ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਸਿੱਧੂ ਚੋਣ ਪ੍ਰਚਾਰ ਲਈ ਬਾਹਰ ਨਹੀਂ ਆਏ।  ਇਸ ਤੋਂ ਸਿੱਧੂ ਦੀ ਮਾਨਸਿਕਤਾ ਸਾਫ਼ ਝਲਕਦੀ ਹੈ। ਇਸ ਦੌਰਾਨ ਦੀਵਾਨ ਨੇ ਪੰਜਾਬ ਵਿੱਚ ਹੋਈ ਹਾਰ ਲਈ ਕਮੇਟੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ।