ਮਾਸਕੋ ਨਾਲ ਭਾਰਤ ਦੇ ਸਬੰਧਾਂ ਤੋਂ ਵਾਸ਼ਿੰਗਟਨ ਭਲੀਭਾਂਤ ਜਾਣੂ-ਅਮਰੀਕੀ ਵਿਦੇਸ਼ ਵਿਭਾਗ

ਮਾਸਕੋ ਨਾਲ ਭਾਰਤ ਦੇ ਸਬੰਧਾਂ ਤੋਂ ਵਾਸ਼ਿੰਗਟਨ ਭਲੀਭਾਂਤ ਜਾਣੂ-ਅਮਰੀਕੀ ਵਿਦੇਸ਼ ਵਿਭਾਗ
ਕੈਪਸ਼ਨ: ਡੈਰਕ ਚੋਲੈਟ

* ਕਿਹਾ ਪਾਬੰਦੀਆਂ ਕਾਰਨ ਰੂਸ ਪਹਿਲਾਂ ਵਾਲੀ ਕੀਮਤ 'ਤੇ ਨਹੀਂ ਦੇ ਸਕੇਗਾ ਫੌਜੀ ਸਾਜ਼ ਸਮਾਨ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 24 ਅਪ੍ਰੈਲ (ਹੁਸਨ ਲੜੋਆ ਬੰਗਾ)-ਭਾਰਤ ਦੇ ਰੂਸ ਨਾਲ ਪਿਛਲੇ ਕਈ ਸਾਲਾਂ ਤੋਂ ਰੱਖਿਆ ਖੇਤਰ ਵਿਚ ਸਬੰਧ ਹਨ ਤੇ ਇਹ ਸਬੰਧ ਓਦੋਂ ਤੋਂ ਹਨ ਜਦੋਂ ਭਾਰਤ ਦੇ ਇਕ ਭਾਈਵਾਲ ਵਜੋਂ ਅਮਰੀਕਾ ਮੌਜੂਦ ਨਹੀਂ ਸੀ, ਅਮਰੀਕਾ ਭਾਰਤ ਦੀ ਇਸ ਸਥਿੱਤੀ ਤੋਂ ਭਲੀਭਾਂਤ ਜਾਣੂ ਹੈ। ਇਹ ਪ੍ਰਗਟਾਵਾ ਅਮਰੀਕੀ ਵਿਦੇਸ਼ ਮੰਤਰੀ ਐਨਟਨੀ ਬਲਿੰਕਨ ਦੇ ਚੋਟੀ ਦੇ ਸਲਾਹਕਾਰ ਡੈਰਕ ਚੋਲੈਟ ਨੇ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਵਿਚ ਕੌਂਸਲਰ ਵਜੋਂ ਤਾਇਨਾਤ ਚੋਲੈਟ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦਾ ਸਮਰਥਨ ਕਰਦਾ ਹੈ ਤੇ ਅਮਰੀਕਾ ਤੇ ਭਾਰਤ ਵਿਚਾਲੇ ਭਾਈਵਾਲੀ ਦੀਆਂ ਬਹੁਤ ਸੰਭਾਵਨਾਵਾਂ ਹਨ। ਏ ਐਨ ਆਈ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਚੋਲੈਟ ਨੇ ਕਿਹਾ ਕਿ ਰੂਸ ਤੇ ਭਾਰਤ ਵਿਚਾਲੇ ਸਬੰਧਾਂ ਦੀ ਕਈ ਦਹਾਕੇ ਪੁਰਾਣੀ ਦਾਸਤਾਨ ਹੈ ਪਰੰਤੂ ਅੱਜ ਅਸੀਂ ਵੱਖਰੀ ਤਰਾਂ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ। ਅੱਜ ਹਕੀਕਤ ਕੁਝ ਹੋਰ ਹੈ। ਉਨਾਂ ਕਿਹਾ ਕਿ ''ਪਿਛਲੇ 10 ਸਾਲਾਂ ਤੋਂ ਅਮਰੀਕਾ ਤੇ ਭਾਰਤ ਵਿਚਾਲੇ ਰੱਖਿਆ ਖੇਤਰ ਵਿਚ ਸਬੰਧ ਨਾਟਕੀ ਢੰਗ ਨਾਲ ਬਦਲੇ ਹਨ। ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਤੇ ਰੱਖਿਆ ਮੰਤਰੀ ਲਾਇਡ ਆਸਟਿਨ ਦੀ ਆਪਣੇ ਭਾਰਤੀ ਹਮਰੁਤਬਾ ਨਾਲ ਹੋਈ ਦੋ ਵਾਰ ਟੂ ਪਲੱਸ ਗੱਲਬਾਤ ਨੇ ਦੋਨਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਸਪੱਸ਼ਟ ਕੀਤਾ ਹੈ।,, ਇਸ ਗੱਲ ਉਪਰ ਜੋਰ ਦਿੰਦਿਆਂ ਕਿ ਅਮਰੀਕਾ ਦਾ ਭਾਰਤ ਰਣਨੀਤਿਕ ਭਾਈਵਾਲ ਹੈ, ਚੋਲੈਟ ਨੇ ਕਿਹਾ ਕਿ ਅਸੀਂ ਸੁਭਾਵਕ ਭਾਈਵਾਲ ਹਾਂ ਤੇ ਇਸ ਭਾਈਵਾਲੀ ਵਿਚ ਕਾਫੀ ਸੰਭਾਵਨਾਵਾਂ ਮੌਜੂਦ ਹਨ। ਉਨਾਂ ਕਿਹਾ ਕਿ ਇਹ ਭਾਈਵਾਲੀ ਪਹਿਲਾਂ ਹੀ ਖਿੱਤੇ ਵਿਚ ਦੋਨਾਂ ਦੇਸ਼ਾਂ ਤੇ ਵਿਸ਼ਵ ਨੂੰ ਫਾਇਦਾ ਪਹੁੰਚਾ ਰਹੀ ਹੈ। ਚੋਲੈਟ ਨੇ ਹੋਰ ਕਿਹਾ ਕਿ ਅਮਰੀਕਾ ਭਾਰਤ ਨਾਲ ਨੇੜਿਉਂ ਸੰਪਰਕ ਵਿਚ ਹੈ । ਚੋਲੈਟ ਨੇ ਇਹ ਵੀ ਦਾਅਵਾ ਕੀਤਾ ਕਿ ਰੂਸ ਆਪਣੇ ਉਪਰ ਲੱਗੀਆਂ ਆਰਥਿਕ ਪਾਬੰਦੀਆਂ ਕਾਰਨ ਪਹਿਲਾਂ ਵਾਲੀ ਕੀਮਤ ਉਪਰ ਫੌਜੀ ਸਾਜ ਸਮਾਨ ਨਹੀਂ ਦੇ ਸਕੇਗਾ ਤੇ ਰੂਸ ਦੇ ਕੁਝ ਹਥਿਆਰ ਬਣਾਉਣ ਦੇ ਕਾਰਖਾਨਿਆਂ ਵਿਚ ਉਤਪਾਦਨ ਬੰਦ ਹੋ ਗਿਆ ਹੈ ਕਿਉਂਕਿ ਉਨਾਂ ਨੂੰ ਹਿੱਸੇ ਪੁਰਜੇ ਦਰਾਮਦ ਕਰਨ ਵਿਚ ਮੁਸ਼ਕਿਲ ਆ ਰਹੀ ਹੈ। ਇਹ ਪੁੱਛੇ ਜਾਣ 'ਤੇ ਕਿ ਹਥਿਆਰਾਂ ਦੀ ਬਰਾਮਦ ਦੇ ਨਜਰੀਏ ਤੋਂ ਭਾਰਤ ਨੂੰ ਭਰਮਾਉਣ ਲਈ ਅਮਰੀਕਾ ਦੀ ਕੀ ਯੋਜਨਾ ਹੈ ਤਾਂ ਚੋਲੈਟ ਨੇ ਕਿਹਾ ਕਿ ਭਾਰਤ ਨੂੰ ਭਰਮਾਉਣ ਵਾਲੀ ਕੋਈ ਗੱਲ ਨਹੀਂ ਹੈ ਸਾਡੀ ਭਾਈਵਾਲੀ ਸੰਗਠਿਤ ਰੂਪ ਵਿਚ ਅੱਗੇ ਵਧ ਰਹੀ ਹੈ। ਵਿਸ਼ੇਸ਼ ਤੌਰ 'ਤੇ ਰੱਖਿਆ ਖੇਤਰ ਵਿਚ ਸਾਡੇ ਸਬੰਧ ਮਜਬੂਤ ਹਨ। ਉਨਾਂ ਕਿਹਾ ਕਿ ਇਹ ਰਾਤੋ ਰਾਤ ਵਾਪਰਨ ਵਾਲੀ ਘਟਨਾ ਨਹੀਂ ਹੈ, ਇਸ ਨੂੰ ਲੰਬਾ ਸਮਾਂ ਲੱਗ ਸਕਦਾ ਹੈ ਤੇ ਇਸ ਦੌਰਾਨ ਅਸੀਂ ਆਪਣੇ ਭਾਰਤੀ ਭਾਈਵਾਲ ਦਾ ਸਮਰਥਨ ਕਰਨਾ ਚਹੰਦੇ ਹਾਂ। ਇਥੇ ਜਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਸੀ ਕਿ ਰੂਸ ਕੋਲੋਂ ਭਾਰਤ ਫੌਜੀ ਸਾਜ ਸਮਾਨ ਦੀ ਖਰੀਦ ਘਟਾ ਦੇਵੇ ਕਿਉਂਕਿ ਵਾਸ਼ਿੰਗਟਨ ਦਾ ਵਿਚਾਰ ਹੈ ਕਿ ਇਹ ਖਰੀਦ ਨਵੀਂ ਦਿੱਲੀ ਦੇ ਹਿੱਤ ਵਿਚ ਨਹੀਂ ਹੈ।