ਪੁਤਿਨ ਦੇ ਫੈਸਲੇ ਤੋਂ ਬਾਅਦ ਰੂਸ ਤੋਂ ਔਖੇ' ਪੱਛਮੀ  ਦੇਸ਼ਾਂ ਵਲੋਂ ਕਾਰਵਾਈ   

ਪੁਤਿਨ ਦੇ ਫੈਸਲੇ ਤੋਂ ਬਾਅਦ ਰੂਸ ਤੋਂ ਔਖੇ' ਪੱਛਮੀ  ਦੇਸ਼ਾਂ ਵਲੋਂ ਕਾਰਵਾਈ   

           *ਅਮਰੀਕਾ ਨੇ ਲਗਾਈਆਂ ਪਾਬੰਦੀਆਂ, ਬ੍ਰਿਟੇਨ ਸਮੇਤ ਕਈ ਦੇਸ਼ ਭੜਕੇ 

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕ੍ਰੇਨ ਦੇ ਬਾਗੀ ਖੇਤਰਾਂ ਡੋਨੇਟਸਕ ਤੇ ਲੁਹਾਨਸਕ ਨੂੰ ਆਜ਼ਾਦ ਰਾਜਾਂ ਵਜੋਂ ਮਾਨਤਾ ਦਿੱਤੀ ਹੈ। ਰੂਸ ਦੇ ਇਸ ਕਦਮ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ  ਇਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ। ਇਸ ਆਦੇਸ਼ ਦੇ ਅਨੁਸਾਰ, ਯੂਕ੍ਰੇਨ ਦੇ ਡੀਐਨਆਰ ਤੇ ਐਲਐਨਆਰ ਖੇਤਰਾਂ ਵਿੱਚ ਅਮਰੀਕੀ ਵਿਅਕਤੀਆਂ ਦੇ ਨਵੇਂ ਨਿਵੇਸ਼, ਵਪਾਰ ਤੇ ਵਿੱਤ ਦੀ ਮਨਾਹੀ ਹੋਵੇਗੀ। ਬਾਇਡਨ ਵੱਲੋਂ ਹਸਤਾਖਰ ਕੀਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਯੂਕ੍ਰੇਨ ਦੀ ਸ਼ਾਂਤੀ, ਸਥਿਰਤਾ, ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਖਤਰਾ ਹੈ। ਇਸ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਲਈ ਵੀ ਵੱਡਾ ਅਤੇ ਅਸਾਧਾਰਨ ਖਤਰਾ ਪੈਦਾ ਹੋ ਗਿਆ ਹੈ।ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ, "ਰੂਸ ਨੇ ਖੁੱਲ੍ਹੇਆਮ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਮੈਂ ਇਸ ਉਲੰਘਣਾ ਤੋਂ ਰੂਸ ਨੂੰ ਲਾਭ ਉਠਾਉਣ ਤੋਂ ਰੋਕਣ ਲਈ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ।" ਅਸੀਂ ਇਹ ਫੈਸਲਾ ਕਰਨ ਲਈ ਕਿ ਸਾਡੀ ਅਗਲੀ ਕਾਰਵਾਈ ਕੀ ਹੋਣੀ ਚਾਹੀਦੀ ਹੈ, ਅਸੀਂ ਯੂਕ੍ਰੇਨ ਸਮੇਤ ਆਪਣੇ ਸਹਿਯੋਗੀਆਂ ਅਤੇ ਭਾਈਵਾਲ ਦੇਸ਼ਾਂ ਨਾਲ ਨੇੜਿਓਂ ਸਲਾਹ-ਮਸ਼ਵਰਾ ਕਰ ਰਹੇ ਹਾਂ।

ਰੂਸੀ ਰਾਸ਼ਟਰਪਤੀ ਪੁਤਿਨ ਦੇ ਇਸ ਐਲਾਨ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਵਲਦੀਮੀਰ ਜ਼ੇਲੇਂਸਕੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਕਿ ਉਹ ਬਾਗੀਆਂ ਨੂੰ ਮਾਨਤਾ ਦੇਣ ਦੇ ਰੂਸ ਦੇ ਫੈਸਲੇ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਸਰਕਾਰ ਨੂੰ ਪੱਛਮੀ ਦੇਸ਼ਾਂ ਤੋਂ ਪੂਰਾ ਸਹਿਯੋਗ ਮਿਲੇਗਾ।

ਬ੍ਰਿਟੇਨ ਅਤੇ ਐਸਟੋਨੀਆ ਰੂਸ 'ਤੇ ਪਾਬੰਦੀਆਂ ਲਗਾਉਣਗੇ

ਇਸ ਦੇ ਨਾਲ ਹੀ ਬ੍ਰਿਟੇਨ ਤੇ ਐਸਟੋਨੀਆ ਨੇ ਵੀ ਪੁਤਿਨ ਦੇ ਫੈਸਲੇ ਤੋਂ ਬਾਅਦ ਰੂਸ 'ਤੇ ਪਾਬੰਦੀਆਂ ਲਗਾਉਣ ਦੀ ਗੱਲ ਕੀਤੀ। ਬ੍ਰਿਟੇਨ ਨੇ ਰੂਸ ਦੇ ਫੈਸਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਮੰਨਿਆ ਹੈ। ਯੂਕ੍ਰੇਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ 'ਤੇ ਹਮਲਾ ਹੈ। ਦੂਜੇ ਪਾਸੇ ਐਸਟੋਨੀਆ ਦੇ ਪ੍ਰਧਾਨ ਮੰਤਰੀ ਕਾਜਾ ਕਾਲਸ ਨੇ ਕਿਹਾ ਕਿ ਅਸੀਂ ਰੂਸ ਦੇ ਇਸ ਕਦਮ ਦੀ ਨਿੰਦਾ ਕਰਦੇ ਹਾਂ ਤੇ ਇਹ ਯੂਕ੍ਰੇਨ ਦੀ ਅਖੰਡਤਾ ਦੀ ਉਲੰਘਣਾ ਹੈ। ਰੂਸ ਕੂਟਨੀਤਕ ਦਰਵਾਜ਼ੇ ਬੰਦ ਕਰਕੇ ਜੰਗ ਦਾ ਬਹਾਨਾ ਬਣਾ ਰਿਹਾ ਹੈ।ਯੂਰਪੀਅਨ ਯੂਨੀਅਨ ਦੇ ਪ੍ਰਧਾਨ ਚਾਰਲਸ ਮਿਸ਼ੇਲ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੈਨ ਡੇਰ ਲੇਅਨ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਰੂਸ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ। ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਰੂਸ ਦਾ ਇਹ ਕਦਮ ਅੰਤਰਰਾਸ਼ਟਰੀ ਕਾਨੂੰਨ ਦੇ ਨਾਲ-ਨਾਲ ਮਿੰਸਕ ਸਮਝੌਤੇ ਦੀ ਵੀ ਉਲੰਘਣਾ ਕਰਦਾ ਹੈ। ਅਸੀਂ ਇਸਦੀਆਂ ਸਰਹੱਦਾਂ ਦੇ ਅੰਦਰ ਯੂਕ੍ਰੇਨ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਆਪਣੇ ਅਟੁੱਟ ਸਮਰਥਨ ਨੂੰ ਦੁਹਰਾਉਂਦੇ ਹਾਂ।

ਰੂਸ 'ਤੇ ਭੜਕਿਆ ਨਾਟੋ

ਇਸ ਦੇ ਨਾਲ ਹੀ ਯੂਕ੍ਰੇਨ 'ਤੇ ਰੂਸ ਦੇ ਇਸ ਕਦਮ ਤੋਂ ਬਾਅਦ ਨਾਟੋ ਵੀ ਭੜਕ ਗਿਆ ਹੈ। ਸਖ਼ਤ ਪ੍ਰਤੀਕਿਰਿਆ ਕਰਦੇ ਹੋਏ, ਨਾਟੋ ਨੇ ਕਿਹਾ ਕਿ ਇਹ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰੇਗਾ, ਅਤੇ ਸੰਘਰਸ਼ ਨੂੰ ਸੁਲਝਾਉਣ ਲਈ ਚੱਲ ਰਹੇ ਯਤਨਾਂ ਨੂੰ ਵੱਡਾ ਝਟਕਾ ਦੇਵੇਗਾ। 2015 ਵਿੱਚ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਯੂਕ੍ਰੇਨ ਦੀ ਪ੍ਰਭੂਸੱਤਾ, ਸੁਤੰਤਰਤਾ ਅਤੇ ਖੇਤਰੀ ਅਖੰਡਤਾ ਲਈ ਸਨਮਾਨ ਦੀ ਪੁਸ਼ਟੀ ਕੀਤੀ, ਜਿਸ ਵਿੱਚ ਰੂਸ ਵੀ ਸ਼ਾਮਲ ਸੀ।

ਮਾਮਲਾ ਕੀ ਹੈ

ਦਰਅਸਲ, ਯੂਕ੍ਰੇਨ 'ਤੇ ਵੱਡਾ ਕਦਮ ਚੁੱਕਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਸੋਮਵਾਰ ਨੂੰ ਪੂਰਬੀ ਯੂਕ੍ਰੇਨ ਦੇ ਬਾਗੀ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ ਆਜ਼ਾਦ ਦੇਸ਼ ਦੇ ਰੂਪ ਵਿਚ ਮਾਨਤਾ ਦਿੱਤੀ ਅਤੇ ਨਾਲ ਹੀ ਸੁਰੱਖਿਆ ਸਮਝੌਤੇ ਦਾ ਐਲਾਨ ਵੀ ਕੀਤਾ। ਪੁਤਿਨ ਨੇ ਯੂਕ੍ਰੇਨੀ ਫੌਜ ਨੂੰ ਦੋਵਾਂ ਖੇਤਰਾਂ 'ਤੇ ਗੋਲਾਬਾਰੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਸਮਝੌਤੇ ਦੇ ਤਹਿਤ ਰੂਸ ਹੁਣ ਉਨ੍ਹਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।