ਨਿਊਯਾਰਕ ਵਿਚ ਸਿੱਖ ਟੈਕਸੀ ਡਰਾਈਵਰ ਉਪਰ ਨਸਲੀ ਹਮਲਾ, ਦਸਤਾਰ ਉਤਾਰੀ

ਨਿਊਯਾਰਕ ਵਿਚ ਸਿੱਖ ਟੈਕਸੀ ਡਰਾਈਵਰ ਉਪਰ ਨਸਲੀ ਹਮਲਾ, ਦਸਤਾਰ ਉਤਾਰੀ

ਅੰਮ੍ਰਿਤਸਰ ਟਾਈਮਜ਼ 

 ਨਿਊਯਾਰਕ : ਨਿਊਯਾਰਕ ਵਿਚ ਜੌਹਨ ਐਫ ਕੈਨੇਡੀ  ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇਕ ਅਣਪਛਾਤੇ ਵਿਅਕਤੀ ਨੇ ਭਾਰਤੀ ਮੂਲ ਦੇ ਇਕ ਸਿੱਖ ਟੈਕਸੀ ਡਰਾਈਵਰ ਉਤੇ ਹਮਲਾ ਕੀਤਾ, ਉਸ ਦੀ ਪੱਗ ਉਤਾਰ ਦਿੱਤੀ ਅਤੇ ਉਸ ਖ਼ਿਲਾਫ਼ ਇਤਰਾਜ਼ਯੋਗ ਤੇ ਨਸਲੀ ਭਾਸ਼ਾ ਦਾ ਇਸਤੇਮਾਲ ਕੀਤਾ। ਇਹ ਅਮਰੀਕਾ ਵਿਚ ਨਸਲੀ ਨਫ਼ਰਤ ਨਾਲ ਪ੍ਰੇਰਿਤ ਅਪਰਾਧ ਦਾ ਇਕ ਹੋਰ ਸ਼ੱਕੀ ਮਾਮਲਾ ਹੈ। ਨਵਜੋਤ ਪਾਲ ਕੌਰ ਨੇ ਟਵਿਟਰ ਉਤੇ 4 ਜਨਵਰੀ ਨੂੰ 26 ਸਕਿੰਟਾਂ ਦੀ ਇਕ ਵੀਡੀਓ ਅਪਲੋਡ ਕੀਤੀ ਸੀ, ਜਿਸ ਵਿਚ ਇਕ ਵਿਅਕਤੀ ਹਵਾਈ ਅੱਡੇ ਦੇ ਬਾਹਰ ਇਕ ਸਿੱਖ ਟੈਕਸੀ ਡਰਾਈਵਰ ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਕੌਰ ਨੇ ਦੱਸਿਆ ਕਿ ਹਵਾਈ ਅੱਡੇ ਉਤੇ ਖੜ੍ਹੇ ਇਕ ਹੋਰ ਵਿਅਕਤੀ ਨੇ ਇਹ ਵੀਡੀਓ ਰਿਕਾਰਡ ਕੀਤੀ ਸੀ। ਇਹ ਵੀਡੀਓ ਕਿਸ ਤਾਰੀਖ਼ ਦੀ ਹੈ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।ਵੀਡੀਓ ਵਿਚ ਵਿਅਕਤੀ ਨੂੰ ਪੀੜਤ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਦੇਖਿਆ ਜਾ ਸਕਦਾ ਹੈ। ਉਹ ਵੀਡੀਓ ਵਿਚ ਸਿੱਖ ਵਿਅਕਤੀ ਨੂੰ ਵਾਰ-ਵਾਰ ਕੁੱਟਦਾ ਅਤੇ ਮੁੱਕੇ ਮਾਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਸਿੱਖ ਵਿਅਕਤੀ ਦੀ ਪੱਗ ਵੀ ਉਤਾਰ ਦਿੱਤੀ। ਕੌਰ ਨੇ ਕਿਹਾ, ‘ਇਹ ਵੀਡੀਓ ਜੌਹਨ ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਹੋਰ ਵਿਅਕਤੀ ਨੇ ਬਣਾਈ ਸੀ। ਮੈਂ ਇਹ ਵੀਡੀਓ ਰਿਕਾਰਡ ਨਹੀਂ ਕੀਤੀ ਪਰ ਮੈਂ ਇਸ ਤੱਥ ਨੂੰ ਉਜਾਗਰ ਕਰਨਾ ਚਾਹੁੰਦੀ ਸੀ ਕਿ ਸਾਡੇ ਸਮਾਜ ਵਿਚ ਨਫ਼ਰਤ ਹੁਣ ਵੀ ਬਰਕਰਾਰ ਹੈ ਅਤੇ ਬਦਕਿਸਮਤੀ ਨਾਲ ਮੈਂ ਕਈ ਸਿੱਖ ਕੈਬ ਡਰਾਈਵਰਾਂ ਨਾਲ ਕੁੱਟਮਾਰ ਕੀਤੇ ਜਾਣ ਦੀਆਂ ਘਟਨਾਵਾਂ ਕਈ ਵਾਰ ਦੇਖੀਆਂ ਹਨ।ਇਸ ਘਟਨਾ ਜਾਂ ਡਰਾਈਵਰ ਦੇ ਬਾਰੇ ਵਿਚ ਹੋਰ ਜਾਣਕਾਰੀ ਫਿਲਹਾਲ ਉਪਲਬੱਧ ਨਹੀਂ ਹੈ।

ਐਸਪੇਨ ਇੰਸਟੀਚਿਊਟ ਵਿਚ ਇਨਕਲੂਸਿਵ ਅਮਰੀਕਾ ਪ੍ਰਾਜੈਕਟ ਦੇ ਨਿਰਦੇਸ਼ਕ ਅਤੇ ਲੇਖਕ ਸਿਮਰਨਜੀਤ ਸਿੰਘ ਨੇ ਟਵੀਟ ਕੀਤਾ, ‘ਇਕ ਹੋਰ ਸਿੱਖ ਕੈਬ ਡਰਾਈਵਰ ਤੇ ਹਮਲਾ ਕੀਤਾ ਗਿਆ। ਇਸ ਵਾਰ ਨਿਊਯਾਰਕ ਵਿਚ ਜੇ.ਐਫ.ਕੇ. ਹਵਾਈ ਅੱਡੇ ਉਤੇ ਇਹ ਹੋਇਆ। ਇਹ ਦੇਖ ਕੇ ਬਹੁਤ ਦੁੱਖ ਹੋਇਆ।ਉਨ੍ਹਾਂ ਕਿਹਾ, ‘ਜੋ ਲੋਕ ਸਿੱਖ ਨਹੀਂ ਹਨ, ਉਨ੍ਹਾਂ ਨੂੰ ਮੈਂ ਸ਼ਬਦਾਂ ਵਿਚ ਨਹੀਂ ਸਮਝਾ ਸਕਦਾ ਕਿ ਕਿਸੇ ਸਿੱਖ ਦੀ ਪੱਗ ਉਤਾਰਨ ਦਾ ਕੀ ਮਤਲਬ ਹੁੰਦਾ ਹੈ ਜਾਂ ਕਿਸੇ ਹੋਰ ਸਿੱਖ ਦੀ ਪੱਗ ਉਤਾਰੀ ਜਾਂਦੇ ਦੇਖਣ ਤੇ ਕੀ ਮਹਿਸੂਸ ਹੁੰਦਾ ਹੈ।ਅਮਰੀਕਾ ਵਿਚ ਕਿਸੇ ਸਿੱਖ ਟੈਕਸੀ ਡਰਾਈਵਰ ਤੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਮੂਲ ਦੇ ਸਿੱਖ ਉਬੇਰ ਕੈਬ ਡਰਾਈਵਰ ਤੇ 2019 ਵਿਚ ਹਮਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨਿਊਯਾਰਕ ਵਿਚ 2017 ਵਿਚ ਵੀ 25 ਸਾਲਾ ਸਿੱਖ ਕੈਬ ਡਰਾਈਵਰ ਤੇ ਹਮਲਾ ਹੋਇਆ ਸੀ।