ਅਸਾਲਟ ਹੱਥਿਆਰਾਂ ਉਪਰ ਪਾਬੰਦੀ ਲਾਵੇ ਕਾਂਗਰਸ-ਜੋਅ ਬਾਈਡਨ 

ਅਸਾਲਟ ਹੱਥਿਆਰਾਂ ਉਪਰ ਪਾਬੰਦੀ ਲਾਵੇ ਕਾਂਗਰਸ-ਜੋਅ ਬਾਈਡਨ 

* ਅਮਰੀਕਾ ਵਿਚ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਵੱਲੋਂ ਗੰਨ ਨਿਯੰਤਰਣ ਉਪਰ ਜੋਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 3 ਜੂਨ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਦਰਮਿਆਨ ਰਾਸ਼ਟਰਪਤੀ ਜੋਅ ਬਾਈਡਨ ਨੇ ਕਾਂਗਰਸ ਨੂੰ ਜੋਰਦਾਰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਅਸਾਲਟ ਹੱਥਿਆਰਾਂ ਤੇ ਉੱਚ ਸਮਰੱਥਾ ਵਾਲੇ ਮੈਗਜੀਨਜ਼ ਉਪਰ ਪਾਬੰਦੀ ਲਾਵੇ। ਪਿਛਲੇ ਤਿੰਨ ਹਫਤਿਆਂ ਵਿਚ ਵਾਪਰੀਆਂ ਗੋਲੀਬਾਰੀ ਦੀਆਂ 3 ਵੱਡੀਆਂ ਘਟਨਾਵਾਂ ਦਾ ਸੇਕ ਸਹਿ ਰਹੇ ਅਮਰੀਕੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਬਾਈਡਨ ਨੇ ਵਾਈਟ ਹਾਊਸ ਤੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਕੋਲੰਬੀਨ, ਸੈਂਡੀ ਹੁਕ, ਚਾਰਸਲਟਨ, ਓਰਲੈਂਡੋ, ਲਾਸ ਵੇਗਾਸ ਤੇ ਪਾਰਕਲੈਂਡ ਦੀਆਂ ਘਟਨਾਵਾਂ ਤੋਂ ਬਾਅਦ ਕੁਝ ਨਹੀਂ ਹੋਇਆ ਪਰੰਤੂ ਇਸ ਵਾਰ ਅਜਿਹਾ ਨਹੀਂ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਕਾਂਗਰਸ ਅਸਾਲਟ ਹੱਥਿਆਰਾਂ ਉਪਰ ਪਾਬੰਦੀ ਨਹੀਂ ਲਾ ਸਕਦੀ ਤਾਂ ਫਿਰ ਉਹ ਇਸ ਕਿਸਮ ਦੇ ਹੱਥਿਆਰ ਖ੍ਰੀਦਣ ਲਈ ਉਮਰ ਹੱਦ 18 ਤੋਂ ਵਧਾ ਕੇ 21 ਸਾਲ ਕਰ ਦੇਵੇ। ਉਨਾਂ ਕਿਹਾ ਕਿ ਹੱਥਿਆਰ ਖ੍ਰੀਦਣ ਵਾਲਿਆਂ ਦੇ ਪਿਛੋਕੜ ਦਾ ਪਤਾ ਲਾਉਣ ਲਈ ਕਾਇਦੇ ਕਾਨੂੰਨ ਸਖਤ ਕੀਤੇ ਜਾਣ ਤੇ ''ਰੈੱਡ ਫਲੈਗ'' ਕਾਨੂੰਨ ਪਾਸ ਕੀਤੇ ਜਾਣ। ਰਾਸ਼ਟਰਪਤੀ ਦਾ ਇਹ ਬਿਆਨ ਬੁਫੈਲੋ , ਨਿਊਯਾਰਕ ਦੀ ਸੁਪਰਮਾਰਕਿਟ, ਉਵਾਲਡੇ ਦੇ ਐਲੀਮੈਂਟਰੀ ਸਕੂਲ ਤੇ ਟੁਲਸਾ, ਓਕਲਾਹੋਮਾ ਦੇ ਮੈਡੀਕਲ ਸੈਂਟਰ ਵਿਚ ਹੋਈਆਂ ਭਿਆਨਕ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਆਇਆ ਹੈ। ਰਾਸ਼ਟਰਪਤੀ ਨੇ ਗੰਨ ਨਿਯੰਤਰਣ 'ਤੇ ਜੋਰ ਦਿੰਦਿਆਂ ਬੁਫੈਲੋ ਤੇ ਉਵਾਲਡੇ ਵਿਚ ਪੀੜਤ ਪਰਿਵਾਰਾਂ ਨਾਲ ਬਿਤਾਏ ਪਲਾਂ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਉਨਾਂ ਤੇ ਪ੍ਰਥਮ ਮਹਿਲਾ ਜਿਲ ਬਾਈਡਨ ਨੇ ਉਨਾਂ ਉਦਾਸ ਤੇ ਦਿੱਲ ਟੁੱਟੇ ਚੇਹਰਿਆਂ ਨੂੰ ਵੇਖਿਆ ਹੈ ਜੋ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਆਪਣੇ ਪਿਆਰਿਆਂ ਨੂੰ ਗਵਾ ਚੁੱਕੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ''ਅਸੀਂ ਸੈਂਕੜੇ ਪਰਿਵਾਰਕ ਮੈਂਬਰਾਂ ਨਾਲ ਕਈ ਘੰਟੇ ਬਿਤਾਏ ਹਨ ਜਿਨਾਂ ਦੇ ਜੀਵਨ ਹੁਣ ਪਹਿਲਾਂ ਵਰਗੇ ਕਦੀ ਵੀ ਨਹੀਂ ਬਣ ਸਕਣਗੇ। ਉਨਾਂ ਨੂੰ ਹਮੇਸ਼ਾਂ ਆਪਣੇ ਵਿਛੜ ਚੁੱਕੇ ਪਿਆਰਿਆਂ ਦੀ ਯਾਦ ਸਤਾਉਂਦੀ ਰਹੇਗੀ। ਇਨਾਂ ਪਰਿਵਾਰਾਂ ਨੇ ਸਾਨੂੰ ਸਾਰਿਆਂ ਨੂੰ ਇਕ ਸੁਨੇਹਾ ਦਿੱਤਾ ਹੈ ਕਿ, ਰੱਬ ਦਾ ਵਾਸਤਾ ਹੈ ਕੁਝ ਤਾਂ ਕਰੋ। '' ਡੈਮੋਕਰੈਟਸ ਨੇ ਸੈਮੀ ਆਟੋਮੈਟਿਕ ਰਾਈਫਲਾਂ ਖਰੀਦਣ ਲਈ ਉਮਰ ਹੱਦ ਵਧਾ ਕੇ 18 ਸਾਲ ਤੋਂ 21 ਸਾਲ ਕਰਨ ਸਮੇਤ ਗੰਨ ਨਿਯੰਤਰਣ ਲਈ ਬਿੱਲ ਲਿਆਂਦੇ ਹਨ। ਰਾਸ਼ਟਰਪਤੀ ਨੇ ਇਨਾਂ ਬਿੱਲਾਂ ਦੇ ਹੱਕ ਵਿਚ ਸਮਰਥਨ ਜੁਟਾਉਣ ਲਈ ਕਾਂਗਰਸ ਨੂੰ ਕੁਝ ਕਰਨ ਲਈ ਕਿਹਾ ਹੈ।