75 ਦਿਨਾਂ ਤੋਂ ਲਾਪਤਾ ਭਾਰਤੀ ਅਮਰੀਕੀ ਨਬਾਲਗ ਕੁੜੀ ਫਲੋਰਿਡਾ ਵਿਚੋਂ ਮਿਲੀ

75 ਦਿਨਾਂ ਤੋਂ ਲਾਪਤਾ ਭਾਰਤੀ ਅਮਰੀਕੀ ਨਬਾਲਗ ਕੁੜੀ ਫਲੋਰਿਡਾ ਵਿਚੋਂ ਮਿਲੀ
ਕੈਪਸ਼ਨ : ਤਾਨਵੀ ਮਰੂਪਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪਿਛਲੇ 75 ਦਿਨਾਂ ਤੋਂ ਲਾਪਤਾ ਭਾਰਤੀ ਅਮਰੀਕੀ  ਲੜਕੀ ਤਾਨਵੀ ਮਰੂਪਲੀ ਫਲੋਰਿਡਾ ਵਿਚੋਂ ਸੁਰੱਖਿਅਤ ਮਿਲ ਗਈ ਹੈ। ਕੋਨਵੇਅ ਦੇ ਪੁਲਿਸ ਮੁੱਖੀ ਵਿਲੀਅਮ ਟਪਲੇ ਨੇ ਕਿਹਾ ਹੈ ਕਿ ਲੜਕੀ ਨੂੰ ਸੁਰੱਖਿਅਤ ਮਾਪਿਆਂ ਕੋਲ ਪਹੁੰਚਾ ਦਿੱਤਾ ਗਿਆ ਹੈ। ਆਈ ਟੀ ਖੇਤਰ ਵਿਚ ਵੱਡੀ ਪੱਧਰ ਉਪਰ ਛਾਂਟੀ ਉਪਰੰਤ ਵਾਪਿਸ ਭਾਰਤ ਭੇਜੇ ਜਾਣ ਦੇ ਡਰ ਤੋਂ 15 ਸਾਲਾ ਤਾਨਵੀ ਅਰਕਨਸਾਸ ਸਥਿੱਤ ਆਪਣੇ ਘਰ ਤੋਂ ਫਰਾਰ ਹੋ ਗਈ ਸੀ। ਉਸ ਨੂੰ ਆਖਰੀ ਵਾਰ 17 ਜਨਵਰੀ ਨੂੰ ਕੋਨਵੇਅ ਜੂਨੀਅਰ ਹਾਈ ਸਕੂਲ ਨੇੜੇ ਵੇਖਿਆ ਗਿਆ ਸੀ। ਪੁਲਿਸ ਮੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਤਾਨਵੀ ਕਈ ਮੀਲ ਤੁਰ ਕੇ 22 ਜਨਵਰੀ ਨੂੰ ਕਨਸਾਸ ਸ਼ਹਿਰ ਵਿਚ ਪਹੁੰਚੀ ਜਿਥੇ ਉਹ ਆਪਣੀ ਗਲਤ ਪਛਾਣ ਦਸ ਕੇ ਬੇਘਰਿਆਂ ਲਈ ਬਣੀ ਸ਼ਰਨਗਾਹ ਵਿਚ ਦੋ ਮਹੀਨੇ ਰਹੀ। ਬਾਅਦ ਵਿਚ ਉਹ ਫਲੋਰਿਡਾ ਚਲੀ ਗਈ ਜਿਥੇ ਉਹ ਇਕ ਖੰਡਰ ਇਮਾਰਤ ਵਿਚ ਰਹੀ। ਲਾਇਬ੍ਰੇਰੀ ਵਿਚ ਉਸ ਦੇ ਪੜਨ ਦੇ ਸ਼ੌਕ ਕਾਰਨ ਪੁਲਿਸ ਉਸ ਨੂੰ ਲੱਭਣ ਵਿਚ ਕਾਮਯਾਬ ਰਹੀ। ਕੋਨਵੇਅ ਪੁਲਿਸ ਵਿਭਾਗ ਨੂੰ 29 ਮਾਰਚ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਤਾਨਵੀ ਨੂੰ ਉਸ ਨੇ ਲਾਇਬ੍ਰੇਰੀ ਵਿਚ ਵੇਖਿਆ ਹੈ ਜਿਥੇ ਪੁਲਿਸ ਨੇ ਉਸ ਨੂੰ ਆਪਣੀ ਸੁਰੱਖਿਅਤ ਹਿਰਾਸਤ ਵਿਚ ਲੈ ਲਿਆ। ਤਾਨਵੀ ਦੇ ਪਿਤਾ ਪਵਨ ਰਾਏ ਮਰੂਪਲੀ ਨੇ ਪੁਲਿਸ ਨੂੰ ਦਸਿਆ ਕਿ ਇਸ ਸਮੇ ਉਸ ਨੂੰ ਨੌਕਰੀ ਖੁਸਣ ਤੇ ਦੇਸ਼ ਨਿਕਾਲੇ ਦਾ ਕੋਈ ਖਤਰਾ ਨਹੀਂ ਹੈ। ਇਥੇ ਜਿਕਰਯੋਗ ਹੈ ਕਿ ਭਾਰਤੀ ਭਾਈਚਾਰੇ ਨੇ ਪਰਿਵਾਰ ਨਾਲ ਮਿਲ ਕੇ ਤਾਨਵੀ  ਨੂੰ ਲੱਭਣ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਤੇ ਸੂਹ ਦੇਣ ਵਾਲੇ ਨੂੰ 5 ਹਜਾਰ ਡਾਲਰ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।