ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਇਨ ਗੁਰਦੁਆਰਾ ਸਾਹਿਬ ਵਿੱਖੇ ਸ੍ਰ ਸੰਦੀਪ ਸਿੰਘ (ਦੀਪ)ਸਿੱਧੂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ

ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਇਨ ਗੁਰਦੁਆਰਾ ਸਾਹਿਬ ਵਿੱਖੇ ਸ੍ਰ ਸੰਦੀਪ ਸਿੰਘ (ਦੀਪ)ਸਿੱਧੂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ

ਅੰਮ੍ਰਿਤਸਰ ਟਾਈਮਜ਼

ਸ਼ਿਕਾਗੋ:(ਮੱਖਣ ਸਿੰਘ ਕਲੇਰ): ਪੈਲਾਟਾਇਨ ਗੁਰਦੁਆਰਾ ਸਾਹਿਬ ਵਿੱਖੇ ਸ਼ੰਘਰਸ਼ੀ ਯੋਧੇ ਤੇ ਕੌਮੀ ਸ਼ਹੀਦ ਸ੍ਰ ਸੰਦੀਪ ਸਿੰਘ(ਦੀਪ) ਸਿੱਧੂ ਦੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਅੰਮਿਤਸਰ ਅਮਰੀਕਾ ਸ਼ਿਕਾਗੋ ਯੂਨਿਟ ,ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ ਤੇ 18 ਮਾਰਚ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡਪਾਠ ਸਾਹਿਬ ਆਰੰਭ ਕਰਵਾਏ ਗਏ ਜਿੰਨਾਂ ਦੇ ਭੋਗ ਦਿਨ ਐਤਵਾਰ 20 ਫਰਵਰੀ ਨੂੰ ਸਵੇਰ ਵੇਲੇ ਪਾਏ ਗਏ।

ਉਪਰੰਤ ਕੀਰਤਨ, ਕਥਾ ਅਤੇ ਵੱਖ ਵੱਖ ਬੁਲਾਰਿਆਂ ਵਲੋਂ ਦੀਪ ਸਿੱਧੂ ਨੂੰ ਆਪਣੇ ਵੀਚਾਰਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ।ਗੁਰਦੁਆਰਾ ਸਾਹਿਬ ਦੀ ਧਾਰਮਿਕ ਸਕੱਤਰ ਬੀਬੀ ਜਸਵੀਰ ਕੌਰ ਨੇ ਸੰਗਤਾਂ ਨਾਲ ਅੱਜ ਦੇ ਸ਼ਰਧਾਂਜਲੀ ਸਮਾਗਮ ਤੋਂ ਜਾਣੂ ਕਰਵਾਇਆ ਤੇ ਦੀਪ ਸਿੱਧੂ ਵਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਜੋ ਕਿ 15 ਫਰਵਰੀ ਨੂੰ ਇਕ ਐਕਸੀਡੈਂਟ ਰਾਹੀਂ ਸਾਨੂੰ ਸਭ ਨੂੰ ਸਦੀਵ ਵਿਛੋੜਾ ਦੇ ਗਏ ਸਨ ਅਤੇ ਸਮਾਗਮ ਵਿੱਚ ਸ਼ਾਮਿਲ ਬੁਲਾਰਿਆਂ ਦੀ ਸੰਗਤਾਂ ਨਾਲ ਸਾਂਝ ਪੁਵਾਈ। ਬੁਲਾਰਿਆਂ ਵਿੱਚ ਸਭ ਤੋਂ ਪਹਿਲਾਂ ਸ੍ਰ ਹਰਜੀਤ ਸਿੰਘ ਗਿੱਲ ਜੋ ਕਿ ਗੁਰਦੁਆਰਾ ਸਾਹਿਬ ਦੇ ਸਾਬਕਾ ਧਾਰਮਿਕ ਸਕੱਤਰ ਦੀ ਸੇਵਾ ਨਿਭਾਅ ਚੁੱਕੇ ਹਨ ਨੇ ਉਨਾਂ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕੀਤੇ ਜਿਸ ਵਿੱਚ ਉਨਾਂ ਦੀਪ ਸਿੱਧੂ ਦੇ ਪਛੋਕੜ ,ਜਨਮ ਅਤੇ ਪਿੰਡ ਤੇ ਪਰਿਵਾਰ ਬਾਰੇ ਸੂਖਮ ਜਾਣਕਾਰੀ ਸਾਂਝੀ ਕੀਤੀ ਅਤੇ ਦੀਪ ਵਲੋਂ ਕਿਸਾਨੀ ਮੋਰਚੇ ਵਿੱਚ ਨਿਭਾਈਆਂ ਸੇਵਾਵਾਂ ਬਾਰੇ ਵੀ ਦੱਸਿਆ। ਅਖੀਰ ਉਨਾਂ ਦੱਸਿਆ ਕਿ ਉਹ ਦੀਪ ਸਿੱਧੂ ਦੇ ਸਸਕਾਰ  ਵਿੱਚ ਵੀ ਸ਼ਾਮਿਲ ਹੋਏ ਸਨ। ਕਿਉਂਕਿ ਉਨਾਂ ਦਿਨਾਂ ਵਿੱਚ ਉਹ ਪੰਜਾਬ ਵਿੱਚ ਸਨ।ਉਨਾਂ ਦੱਸਿਆ ਕਿ ਸਸਕਾਰ ਵਿੱਚ ਅੱਸੀ ਹਜਾਰ ਤੋਂ ਵੀ ਵੱਧ  ਦਾ ਇਕੱਠ ਸੀ।ਸਸਕਾਰ ਸਮੇਂ ਹਰ ਅੱਖ ਰੋ ਰਹੀ ਸੀ। ਬਹੁਤ ਹੀ ਸੋਗਮਈ ਪਲ ਸਨ। ਅਗਲੇ ਬੁਲਾਰੇ  ਸ੍ਰ ਗੁਰਮੁੱਖ ਸਿੰਘ ਭੁੱਲਰ ਹੁਰਾਂ ਨੇ ਦੀਪ ਸਿੱਧੂ ਦੀ ਪੜਾਈ ਤੇ ਉਸਦੇ ਫਿਲਮੀ ਕੈਰੀਅਰ ਅਤੇ ਦਿਉਲ ਪਰਿਵਾਰ ਨਾਲ ਨੇੜਤੇ ਬਾਰੇ ਹਰ ਪਹਿਲੂ ਤੇ ਵੀਚਾਰ ਸਾਂਝੇ ਕੀਤੇ। ਉਨਾਂ ਦੱਸਿਆ ਕਿ ਦੀਪ ਸਿੱਧੂ ਨੇ ਇੰਗਲੈਂਡ ਤੋਂ ਲਾਅ ਦੀ ਡਿਗਰੀ ਪ੍ਰਾਪਤ ਕੀਤੀ ਤੇ ਫਿਰ ਉਹ ਵਾਪਸ ਬੰਬਈ ਵਿੱਚ ਆ ਗਏ ਜਿਥੇ ਉਨਾਂ ਕਈ ਵੱਡੀਆਂ ਵੱਡੀਆਂ ਫਿਲਮੀ ਹਸਤੀਆਂ ਨਾਲ ਕੰਮ ਕੀਤਾ। ਫਿਰ ਉਹਨਾਂ ਆਪ ਵੀ ਫਿਲਮਾਂ ਕੀਤੀਆਂ। ਜਿੰਨਾਂ ਵਿੱਚ ਪਹਿਲੀ ਫਿਲਮ ਰਮਤਾ ਯੋਗੀ ਸੀ। ਉਸ ਤੋਂ ਬਾਅਦ ਬਹੁਤ ਹੀ ਚਰਚਿੱਤ ਜੋਰਾ ਦਸ ਨੰਬਰੀ ਫਿਲਮ ਵੀ ਆਈ ਸੀ।

ਜਿਸ ਨਾਲ ਉਨਾਂ ਦੀ ਬਹੁਤ ਵੱਡੀ ਪਹਿਚਾਣ ਹੋਈ ਸੀ। ਸ੍ਰ ਭੁੱਲਰ ਨੇ ਉਨਾਂ ਨਾਲ ਫੋਨ ਤੇ ਹੋਈ ਗਲਬਾਤ ਬਾਰੇ ਵੀ ਦੱਸਿਆ।ਇਸੇ ਤਰਾਂ ਦੀਪ ਸਿੱਧੂ ਦੇ ਬਚਪਨ ਦੇ ਦੋਸਤ ਹਰਮੀਤ ਸਿੰਘ ਸੈਣੀ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੇ ਵੀਚਾਰਾਂ ਦੀ ਸਾਂਝ ਪਾਈ। ਜਿਸ ਵਿੱਚ ਉਨਾਂ ਦੱਸਿਆ ਕਿ ਜਦ ਅਸੀਂ ਲੁਧਿਆਣੇ ਪੜਦੇ ਹੁੰਦੇ ਸੀ। ਉਸ ਸਮੇਂ ਦੀਪ 14/15 ਸਾਲ ਦਾ ਹੁੰਦਾ ਸੀ। ਸਾਡੇ ਨਾਲ ਬਾਸਕਟਬਾਲ ਖੇਡਦਾ ਹੁੰਦਾ ਸੀ।ਇਹ ਬਾਸਕਟ ਦੀ ਗੇਮ ਸਮੇਂ ਵੀ ਬਹੁਤ ਵਧੀਆ ਢੰਗ ਨਾਲ ਖੇਡਦਾ ਹੁੰਦਾ ਸੀ ਤੇ ਅਸੀਂ ਦਾ ਨਾਮ ਪ੍ਰਛਾਵਾਂ ਰੱਖਿਆ ਹੁੰਦਾ ਸੀ ਕਿਉਕਿਂ ਉਹ ਹਰ ਸਮੇਂ ਸਾਡੇ ਤੇ ਚੜਿਆ ਰਹਿੰਦਾ ਸੀ ਤੇ ਸਾਥੋਂ ਬਾਲ ਖੋਹ ਲੈਂਦਾ ਸੀ।ਅਸੀਂ ਉਸ ਤੋਂ ਸੱਤ/ ਅੱਠ ਸਾਲ ਵੱਡੇ ਸੀ। ਇਹ ਛੋਟਾ ਹੁੰਦਾ ਹੀ ਸਾਡੇ ਨਾਲੋਂ ਵੱਧ ਸਿਆਣੀਆਂ ਗੱਲਾਂ ਕਰਦਾ ਤੇ ਇਤਿਹਾਸ ਪ੍ਰਤੀ ਵੀ ਬਹੁਤ ਜਾਣਕਾਰੀ ਰੱਖਦਾ ਹੁੰਦਾ ਸੀ।ਫਿਰ ਉਨਾਂ ਇਹ ਵੀ ਦੱਸਿਆ ਕਿ ਮੈਂ 2001 ਦੇ ਕਰੀਬ ਅਮਰੀਕਾ ਆ ਗਿਆ ਤੇ ਸਾਡਾ ਮਿਲਾਪ ਨਹੀਂ ਹੋ ਸਕਿਆ ਪਰ ਇਕ ਵਾਰ ਅਸੀਂ ਉਸਦੀ ਫਿਲਮ ਦੇਖ ਰਹੇ ਸੀ ਤਾਂ ਮੈਨੂੰ ਇੰਝ ਲੱਗਾ ਕਿ ਮੈਂ ਇਸ ਨੂੰ ਜਾਣਦਾ ਹਾਂ ਪਰ ਯਾਦ ਨਹੀਂ ਸੀ ਆ ਰਿਹਾ ਪਰ ਕੁਝ ਸਮੇਂ ਇਸ ਵਾਰੇ ਯਾਦ ਆਇਆ ਤੇ ਇਸ ਦਾ ਨੰਬਰ ਲੱਭਕੇ ਕਾਲ ਕੀਤੀ ਤੇ ਦੀਪ ਨਾਲ ਗਲ ਕੀਤੀ ਤਾਂ ਸਭ ਪੁਰਾਣੀਆਂ ਯਾਦਾਂ ਵਾਪਸ ਆ ਗਈਆਂ। ਸ੍ਰ ਸੈਣੀ ਨੇ ਦੱਸਿਆ ਕਿ ਮੇਰੇ ਨਾਲ ਫੋਨ ਤੇ ਬਹੁਤ ਗੰਭੀਰ ਗਲਾਂ ਬਾਤਾਂ ਤੇ ਪੰਜਾਬ ਤੇ ਨੌਜਵਾਨੀ ਲਈ ਕੁਝ ਕਰਨ ਲਈ ਪ੍ਰੇਰਦਾ ਹੁੰਦਾ ਸੀ। ਪਰ ਆਹ ਨਹੀਂ ਪਤਾ ਸੀ ਕਿ ਦੀਪ ਸਾਨੂੰ ਵਿੱਚ ਹੀ ਛੱਡ ਕੇ ਚਲੇ ਜਾਏਗਾ। ਅਗਲੇ ਬੁਲਾਰੇ ਗੁਰਿੰਦਰ ਕੌਰ ਕਲੇਰ ਜੋ ਕਿ ਸਿੱਖ ਯੂਥ ਆਫ ਸ਼ਿਕਾਗੋ ਵਲੋਂ ਸਨ। ਜਿਸ ਨੇ ਆਪਣੇ ਵੀਚਾਰਾਂ ਰਾਹੀਂ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਥੇ ਹੀ ਉਸਨੇ ਦੀਪ ਸਿੱਧੂ ਬਾਰੇ ਕਿਹਾ ਕਿ ਸਾਡੇ ਦੀਪ ਵੀਰੇ ਦੀ ਐਕਸੀਡਿੰਟ ਰਾਹੀਂ ਮੌਤ ਨਹੀਂ ਹੋਈ ਸਗੋਂ ਨਾਟਕੀ ਢੰਗ ਰਾਹੀਂ ਉਸਦਾ ਕਤਲ ਕੀਤਾ ਗਿਆ ਹੈ। ਕਿਉਂਕਿ ਦੀਪ ਸਿੱਧੂ ਤੇ ਉਨਾਂ ਸਾਥੀਆਂ ਵਲੋਂ 26 ਜਨਵਰੀ ਨੂੰ ਦਿੱਲੀ ਵਿੱਚ ਲਾਲ ਕਿਲੇ ਉਪਰ ਨਿਸ਼ਾਨ ਸਾਹਿਬ ਝੁਲਾਉਣ ਤੋਂ ਬਾਅਦ ਉਹ ਭਾਰਤੀ ਏਜੰਸੀਆਂ ਅਤੇ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਸੀ।ਕੁਝ ਆਪਣਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਵੱਖ ਵੱਖ ਨਾਵਾਂ ਨਾਲ ਉਸ ਨੂੰ ਭੰਡਿਆ ਗਿਆ ਤੇ ਫਿਰ ਉਸ ਨੂੰ ਕੁਝ ਸਮੇਂ ਲਈ ਜੇਲ ਵੀ ਜਾਣਾ ਪਿਆ।ਜੇਲ ਤੋਂ ਬਾਹਰ ਆਕੇ ਉਨਾਂ ਦਾ ਮਿਲਾਪ ਪੰਥਕ ਲੀਡਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨਾਲ ਹੁੰਦਾ ਹੈ। ਦੋਨੋਂ ਜਣੇ ਇਕੱਠੇ ਹੋ ਕਿ ਪੰਥ ਦੀ ਵਿਗੜੀ ਨੂੰ ਸੰਵਾਰਨ ਲਈ ਇਕੱਠੇ ਕਦਮ ਪੁੱਟਣ ਲੱਗੇ। ਪੰਜਾਬ ਵਿੱਚ ਵੋਟਾਂ ਦੇ ਐਲਾਨ ਤੋਂ ਬਾਅਦ ਸ੍ਰ ਦੀਪ ਸਿੱਧੂ ਨੇ ਆਪਣੇ ਸਾਥੀਆਂ  ਨਾਲ ਸ੍ਰ ਸਿਮਰਨਜੀਤ ਸਿੰਘ ਮਾਨ ਸਾਬ ਦੀ ਸਪੋਟ ਵਿੱਚ ਰੈਲੀਆਂ ਸ਼ੁਰੂ ਕਰ ਦਿੱਤੀਆਂ ਤੇ ਪ੍ਰਭਾਵਸ਼ਾਲੀ ਤਕਰੀਰਾਂ ਰਾਹੀਂ ਨੌਜਵਾਨੀ ਵਿੱਚ ਨਵੀਂ ਰੂਹ ਭਰ ਦਿੱਤੀ ਜਿਸ ਨਾਲ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਬਹੁਤ ਬਲ ਮਿਲਿਆ। ਦੀਪ ਦੇ ਹਰ ਇਕ ਬੋਲ ਨੂੰ ਨੌਜਵਾਨੀ ਹੁਣ ਰੱਬੀ ਫੁਰਮਾਨ ਸਮਝਣ ਲੱਗੀ। ਪਰ ਇਕ ਮਨਹੂਸ ਘੜੀ ਆਈ ਤੇ ਦੀਪ ਵੀਰੇ ਨੂੰ ਸਾਡੇ ਨਾਲੋਂ ਹਮੇਸ਼ਾ ਲਈ ਵਿਛੋੜਕੇ ਲੈ ਗਈ । ਦੀਪ ਵੀਰੇ ਦਾ ਸੁਪਨਾ ਸੀ ਕਿ ਸ੍ਰ ਸਿਮਰਨਜੀਤ ਮਾਨ ਨੂੰ ਵੋਟਾਂ ਚ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਾ ਤੇ ਪੰਜਾਬ ਦੀ ਅਜਾਦੀ । ਗੁਰਿੰਦਰ ਕੌਰ ਨੇ ਅਖੀਰ ਦੀਪ ਦੇ ਸੁਪਨੇ ਦੇ ਪੰਜ ਨਾਅਰੇ ਸੰਗਤ ਤੋਂ ਖਾਲਿਸਤਾਨ ਜਿੰਦਾਬਾਦ ਦੇ ਵੀ ਲਗਵਾਏ।

ਸਿੱਖ ਯੂਥ ਵਲੋਂ ਦੀਪ ਦੀ ਸਪੀਚਾਂ ਵਾਲੀ ਇਕ ਦਸ ਕੁ ਮਿੰਟ ਦੀ ਇਕ ਡਾਕੁਮੈਂਟਰੀ ਵੀ ਸੰਗਤਾਂ ਨੂੰ ਦਿਖਾਈ ਗਈ। ਉਸ ਸਮੇਂ ਸੰਗਤ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਵੱਗ ਰਹੇ ਸਨ। ਸ੍ਰ ਹਰਵੀਰ ਸਿੰਘ ਵਿਰਕ ਨੇ ਵੀ ਬਹੁਤ ਪ੍ਰਭਾਵਸ਼ਾਲੀ ਵੀਚਾਰ ਸੰਗਤਾਂ ਸਾਂਝੇ ਕੀਤੇ।ਉਨਾਂ ਵੀ ਆਪਣੇ ਮੰਨ ਚੋਂ ਗੰਭੀਰ ਵੀਚਾਰਾਂ ਰਾਹੀਂ ਦੀਪ ਨੂੰ ਸ਼ਰਧਾਂਜਲੀ ਭੇਟ ਕੀਤੀ ।ਸ੍ਰ ਵਿਰਕ ਨੇ ਤਾਂ ਇਥੋਂ ਕਹਿ ਦਿੱਤੇ ਜਿਹੜੇ ਦੀਪ ਸਿੱਧੂ ਨੂੰ ਗਦਾਰੀ ਦੇ ਸਰਟੀਫਿਕੇਟ ਵੰਡਦੇ ਸਨ। ਉਹ ਅੱਜ ਖੁਦ ਆਰ ਐਸ ਐਸ ਤੇ ਭਾਜਪਾ ਦੀ ਝੋਲੀ ਵਿੱਚ ਪੈ ਚੁੱਕੇ ਹਨ। ਦੀਪ ਸਿੱਧੂ ਇਨਾਂ ਕਾਮਰੇਡਾਂ ਵਲੋਂ ਲਾਏ ਝੂਠੇ ਇਲਜਾਮਾਂ ਪ੍ਰਤੀ ਸਫਾਈਆਂ ਦਿੰਦਾ ਦਿੰਦਾ ਇਸ ਦੁਨੀਆਂ ਤੋਂ ਤੁਰ ਗਿਆ। ਪਰ ਉਨਾਂ ਕਿਹਾ ਕਿ ਅਸੀਂ ਦੀਪ ਦੀ ਸੋਚ ਨੂੰ ਨਹੀਂ ਮਰਨ ਦਿਆਂਗੇ। ਸ੍ਰ ਵਿਰਕ ਨੇ ਵੀ ਸਿੱਖਾਂ ਲਈ ਵੱਖਰੇ ਰਾਜ ਦੀ ਗਲ ਕੀਤੀ ਉਪਰੰਤ ਜੈਕਾਰੇ ਲਾਏ ਗਏ।ਸਿੱਖ ਯੂਥ ਆਫ ਸ਼ਿਕਾਗੋ ਵਲੋਂ ਦੀਪ ਦੀ ਯਾਦ ਵਿੱਚ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਕੀਤੀ ਗਈ ਤੇ ਬੱਚਿਆਂ ਵਲੋਂ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਗਏ। ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ ਅਮਰਦੇਵ ਸਿੰਘ ਬਦੇਸ਼ਾ ਨੇ ਵੀ ਆਪਣੇ ਵੀਚਾਰ ਸਾਂਝੇ ਕੀਤੇ ਤੇ ਸੰਗਤਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ।