ਸ. ਹਰਜੀਤ ਸਿੰਘ ਧਾਲੀਵਾਲ ਜੀ ਦਾ ਅਕਾਲ ਚਲਾਣਾ

ਸ. ਹਰਜੀਤ ਸਿੰਘ ਧਾਲੀਵਾਲ ਜੀ ਦਾ ਅਕਾਲ ਚਲਾਣਾ
ਸ.ਹਰਜੀਤ ਸਿੰਘ ਧਾਲੀਵਾਲ ਜੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੈਲੇਫੋਰਨੀਆ: 'ਚੜ੍ਹਦੀ ਕਲਾ ਨਿਊਜ਼ ਗਰੁੱਪ' ਪਰਿਵਾਰ ਦੇ ਅਮਰੀਕਾ 'ਚ ਥੰਮ੍ਹ, ਸ. ਹਰਜੀਤ ਸਿੰਘ ਧਾਲੀਵਾਲ ਵਾਹਿਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦਿਆਂ ਬੇਵਕਤ ਵਿਛੋੜਾ ਦੇ ਗਏ ਹਨ। ਭਾਈ ਸਾਹਿਬ ਲੰਮੇ ਅਰਸੇ ਤੋਂ ਬੇਕਸਰਸਫੀਲਡ (ਕੈਲੇਫੋਰਨੀਆ) ਰਹਿ ਰਹੇ ਸਨ ਅਤੇ 1998 ਤੋਂ ਚੜ੍ਹਦੀ ਕਲਾ ਪਰਿਵਾਰ ਨਾਲ ਜੁੜੇ ਹੋਏ ਸਨ। ਉਹਨਾਂ ਦਾ ਜੱਦੀ ਪਿੰਡ ਮਨਸੂਰਪੁਰ (ਨਜ਼ਦੀਕ ਬੜਾ ਪਿੰਡ, ਗੁਰਾਇਆ ਸੀ) ਪਰ ਲੰਮਾ ਸਮਾਂ ਨੂਰਪੁਰ (ਨਜ਼ਦੀਕ ਬਹਿਰਾਮ, ਬੰਗਾ) ਰਹੇ ਅਤੇ ਹੁਣ ਲਗਭਗ 3 ਦਹਾਕਿਆਂ ਤੋਂ ਅਮਰੀਕਾ ਵਾਸੀ ਸਨ।

ਸ.ਹਰਜੀਤ ਸਿੰਘ ਧਾਲੀਵਾਲ ਜੀ ਬਹੁਤ ਹੀ ਦ੍ਰਿੜ ਚਿੱਤ ਵਾਲੇ ਇਨਸਾਨ ਸਨ। ਔਖੇ ਤੋਂ ਔਖੇ ਸਮੇਂ ਵੀ ਭਾਈ ਸਾਹਿਬ ਨੇ ਕਦੇ ਪੰਥ ਦਾ ਸਾਥ ਨਹੀਂ ਛੱਡਿਆ ਅਤੇ ਆਪਣੇ ਵਿੱਤ ਤੋਂ ਵੱਧ ਹੋ ਕੇ ਪੰਥਕ ਕਾਰਜਾਂ 'ਚ ਹਿੱਸਾ ਪਾਉਂਦੇ ਰਹੇ। ਭਾਈ ਸਾਹਿਬ ਕੁਝ ਸਾਲਾਂ ਤੋਂ ਹਾਈ ਬਲੱਡ ਪਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸਨ ਜਿਸ ਕਾਰਨ ਰਾਤ ਸੁੱਤੇ ਪਏ ਹੀ ਅਕਾਲ ਚਲਾਣਾ ਕਰ ਗਏ।ਭਾਈ ਸਾਹਿਬ ਜੀ ਪਿੱਛੇ ਧਰਮ ਪਤਨੀ ਤੋਂ ਇਲਾਵਾ ਬੇਟੀਆਂ, ਬੇਟਾ, ਅਤੇ ਪੰਥ-ਦਰਦੀਆਂ ਦਾ ਵੱਡਾ ਪਰਿਵਾਰ ਛੱਡ ਗਏ ਹਨ। ਅਸੀਂ ਅਦਾਰਾ ਅੰਮ੍ਰਿਤਸਰ ਟਾਈਮਜ਼ ਵੱਲੋਂ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਜੀ ਸ. ਹਰਜੀਤ ਸਿੰਘ ਧਾਲੀਵਾਲ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।