ਅਮਰੀਕਾ ਵਿਚ ਰਾਤ ਵੇਲੇ ਚੱਲ ਰਹੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ 10 ਜ਼ਖਮੀ, ਗੋਲੀਬਾਰੀ ਉਪਰੰਤ ਮੱਚੀ ਭਗਦੜ

ਅਮਰੀਕਾ ਵਿਚ ਰਾਤ ਵੇਲੇ ਚੱਲ ਰਹੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ 10 ਜ਼ਖਮੀ, ਗੋਲੀਬਾਰੀ ਉਪਰੰਤ ਮੱਚੀ ਭਗਦੜ
ਕੈਪਸ਼ਨ ਮੈਡੀਸਨ ਵਿਚ ਗੋਲੀਬਾਰੀ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਵਿਸਕਾਨਸਿਨ ਰਾਜ ਦੇ ਸ਼ਹਿਰ ਮੈਡੀਸਨ ਵਿਖੇ ਰਾਤ ਵੇਲੇ ਚੱਲ ਰਹੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ ਘੱਟੋ ਘੱਟ  10 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪਾਰਟੀ ਅਪਾਰਟਮੈਂਟ ਇਮਾਰਤ ਦੀ ਛੱਤ ਉਪਰ ਹੋ ਰਹੀ ਸੀ ਜਦੋਂ ਕਿਸੇ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਉਪਰੰਤ ਭਗਦੜ ਮਚ ਗਈ ਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਭੱਜ ਗਏ। ਅਜੇ ਇਹ ਪਤਾ ਨਹੀਂ ਲੱਗਾ ਕਿ ਗੋਲੀ ਪਾਰਟੀ ਵਿਚ ਸ਼ਾਮਿਲ ਕਿਸੇ ਵਿਅਕਤੀ ਨੇ ਚਲਾਈ ਹੈ ਜਾਂ ਕੋਈ ਬਾਹਰੋਂ ਆਇਆ ਅਣਪਛਾਤਾ ਵਿਅਕਤੀ ਗੋਲੀਬਾਰੀ ਲਈ ਜਿੰਮੇਵਾਰ ਹੈ। ਪੁਲਿਸ ਨੇ ਸ਼ੱਕੀ ਹਮਲਾਵਰ ਦੀ ਗ੍ਰਿਫਤਾਰੀ ਲਈ ਲੋਕਾਂ ਤੋਂ ਮੱਦਦ ਮੰਗੀ ਹੈ ਤੇ ਇਸ ਦੇ ਨਾਲ ਹੀ ਪੁਲਿਸ  ਆਲੇ ਦੁਆਲੇ ਲੱਗੇ ਨਿਗਰਾਨ ਕੈਮਰਿਆਂ ਦੀ ਛਾਣਬੀਣ ਕਰ ਰਹੀ ਹੈ।  ਮੈਡੀਸਨ ਪੁਲਿਸ ਮੁੱਖੀ ਸ਼ੋਨ ਬਰਨੇਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਚਮਤਕਾਰ ਹੀ ਹੈ ਕਿ ਗੋਲੀਬਾਰੀ ਵਿਚ ਕਿਸੇ ਦੀ ਮੌਤ ਨਹੀਂ ਹੋਈ। ਉਨਾਂ ਕਿਹਾ ਕਿ ਜ਼ਖਮੀਆਂ ਵਿਚ 14 ਸਾਲ ਤੋਂ ਲੈ ਕੇ 23 ਸਾਲ ਦੇ ਲੋਕ ਸ਼ਾਮਿਲ ਹਨ। ਇਹ ਸਾਰੇ ਖਤਰੇ ਤੋਂ ਬਾਹਰ ਹਨ ਤੇ ਕਿਸੇ ਦੇ ਵੀ ਜਾਨਲੇਵਾ ਜ਼ਖਮ ਨਹੀਂ ਹਨ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਹਿ ਇਹ ਹਾਈ ਸਕੂਲ ਗਰੈਜੂਏਸ਼ਨ ਪਾਰਟੀ ਸੀ ਤੇ ਗੋਲੀ ਚੱਲਣ ਦੀ ਘਟਨਾ ਅੱਧੀ ਰਾਤ ਤੋਂ ਬਾਅਦ 1 ਵਜੇ ਸਵੇਰੇ ਵਾਪਰੀ। ਪੁਲਿਸ ਮੌਕੇ ਉਪਰ ਪੁੱਜੀ ਤਾਂ ਉਥੇ ਅਫਰਾ ਤਫਰੀ ਦਾ ਮਹੌਲ ਸੀ। ਮੈਡੀਸਨ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਉਹ 5 ਜਣਿਆਂ ਨੂੰ ਜਿਨਾਂ ਦੇ ਗੋਲੀਆਂ ਵੱਜੀਆਂ ਸਨ, ਨੂੰ ਹਸਪਤਾਲ ਲੈ ਕੇ ਗਏ ਹਨ ਜਦ ਕਿ ਬਾਕੀ ਖੁਦ ਹੀ ਹਸਪਤਾਲ ਪੁੱਜੇ ਹਨ। ਕੁਝ ਲੋਕ ਬਚਣ ਦੀ ਕੋਸ਼ਿਸ਼ ਦੌਰਾਨ ਮਾਮੂਲੀ ਜ਼ਖਮੀ ਹੋਏ ਹਨ। ਪੁਲਿਸ ਮੁੱਖੀ ਨੇ ਹੋਰ ਕਿਹਾ ਹੈ ਕਿ ਘਟਨਾ ਲਈ ਜੋ ਵੀ ਜਿੰਮੇਵਾਰ ਹੈ, ਉਸ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ ਪਰੰਤੂ ਅਜਿਹਾ ਲੋਕਾਂ ਦੀ ਮੱਦਦ ਨਾਲ ਹੀ ਸੰਭਵ ਹੈ।