ਅਮਰੀਕਾ ਵਿਚ ਨਿਹੱਥੇ ਕਾਲੇ ਵਿਅਕਤੀ ਉਪਰ ਇਕ ਪੁਲਿਸ ਅਫਸਰ ਨੇ ਛੱਡਿਆ ਕੁੱਤਾ

ਅਮਰੀਕਾ ਵਿਚ ਨਿਹੱਥੇ ਕਾਲੇ ਵਿਅਕਤੀ ਉਪਰ ਇਕ ਪੁਲਿਸ ਅਫਸਰ ਨੇ ਛੱਡਿਆ ਕੁੱਤਾ

ਮਨੁੱਖੀ ਹੱਕਾਂ ਬਾਰੇ ਐਸੋਸੀਏਸ਼ਨ ਨੇ ਘਟਨਾ ਨੂੰ ਸ਼ਰਮਨਾਕ ਤੇ ਜੰਗਲੀ ਕਰਾਰ ਦਿੱਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਇਕ ਪੁਲਿਸ ਅਫਸਰ ਵੱਲੋਂ ਇਕ ਨਿਹੱਥੇ ਕਾਲੇ ਵਿਅਕਤੀ ਉਪਰ ਕੁੱਤਾ ਛੱਡਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਹੱਕਾਂ ਬਾਰੇ ਇਕ ਸੰਗਠਨ ਨੇ ਇਸ ਘਟਨਾ ਨੂੰ ਸ਼ਰਮਨਾਕ ਤੇ ਅਸਭਿਅਕ ਕਰਾਰ ਦਿੱਤਾ ਹੈ। ਓਹੀਓ ਸਟੇਟ ਹਾਈਵੇਅ ਪੈਟਰੋਲ ਵੱਲੋਂ ਜਾਰੀ ਇਕ ਵੀਡੀਓ ਤੋਂ ਸਾਫ ਨਜਰ ਆਉਂਦਾ ਹੈ ਕਿ ਇਕ ਅਫਸਰ ਨੇ ਇਕ ਕਮਰਸ਼ੀਅਲ ਸੈਮੀ ਟਰੱਕ ਨੂੰ ਜਾਂਚ ਵਾਸਤੇ ਰੋਕਣ ਦਾ ਯਤਨ ਕੀਤਾ ਪਰੰਤੂ ਉਹ ਨਹੀਂ ਰੁਕਿਆ। ਜੈਕਸਨ ਕਾਊਂਟੀ ਵਿਚ ਯੂ ਐਸ 35 ਉਪਰ ਵਾਪਰੀ ਇਸ ਘਟਨਾ ਵਿਚ ਪੁਲਿਸ ਤੇ ਲਾਅ ਇਨਫੋਰਸਮੈਂਟ ਦੀਆਂ ਗੱਡੀਆਂ ਵੱਲੋਂ ਲੰਬਾ ਸਮਾਂ ਸੈਮੀ ਟਰੱਕ ਦਾ ਪਿੱਛਾ ਕੀਤਾ ਗਿਆ ਤੇ ਆਖਰਕਾਰ ਟਰੱਕ ਖੜਾ ਹੋ ਗਿਆ ਤੇ ਉਸ ਵਿਚੋਂ ਜਾਡਾਰੀਅਸ ਰੋਸ ਨਾਮੀ 23 ਸਾਲਾ ਡਰਾਈਵਰ ਨਿਕਲਿਆ ਜਿਸ ਨੇ ਆਪਣੇ ਹੱਥ ਉਪਰ ਕੀਤੇ ਹੋਏ ਸਨ। ਉਸ ਨੂੰ ਪੁਲਿਸ ਦੀਆਂ ਕਾਰਾਂ ਤੇ ਅਫਸਰਾਂ ਨੇ ਘੇਰਿਆ ਹੋਇਆ ਹੈ। ਡਰਾਈਵਰ ਨੂੰ ਇਕ ਪੁਲਿਸ ਅਫਸਰ ਜਮੀਨ ਉਪਰ ਲੇਟਣ ਲਈ ਕਹਿੰਦਾ ਹੈ। ਸਟੇਟ ਪੁਲਿਸ ਦੇ ਇਕ ਅਫਸਰ ਵੱਲੋਂ ਕੁੱਤਾ ਨਾ ਛੱਡਣ ਲਈ ਵਾਰ ਵਾਰ ਕਹਿਣ ਦੇ ਬਾਵਜੂਦ ਮੌਕੇ 'ਤੇ ਪੁੁੱਜੇ ਇਕ ਸਿਰਕਲਵਿਲੇ ਕੇ 9 ਅਫਸਰ ਵੱਲੋਂ ਕੁੱਤਾ ਛੱਡ ਦਿੱਤਾ ਜਾਂਦਾ ਹੈ ਜੋ ਡਰਾਈਵਰ ਉਪਰ ਹਮਲਾ ਕਰ ਦਿੰਦਾ ਹੈ ਤੇ ਉਸ ਨੂੰ ਜ਼ਖਮੀ ਕਰ ਦਿੰਦਾ ਹੈ। ਬਾਅਦ ਵਿਚ ਪੁਲਿਸ ਅਫਸਰ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਮੁੱਢਲੀ ਸਹਾਇਤਾ ਦਿੰਦੇ ਹਨ।

ਮਨੁੱਖੀ ਹੱਕਾਂ ਬਾਰੇ ਸੰਗਠਨ 'ਨੈਸ਼ਨਲ ਐਸੋਸੀਏਸ਼ਨ ਫਾਰ ਦਾ ਐਡਵਾਂਸਮੈਂਟ ਆਫ ਕਲਰਡ ਪੀਓਪਲ' ਨੇ ਇਸ ਘਟਨਾ ਨੂੰ ਅੱਤ ਸ਼ਰਮਨਾਕ ਕਰਾਰ ਦਿੱਤਾ ਹੈ। ਐਸੋਸੀਏਸ਼ਨ ਦੇ ਕੋਲੰਬਸ ਬਰਾਂਚ ਦੇ ਪ੍ਰਧਾਨ ਨਾਨਾ ਵਾਟਸਨ ਨੇ ਕਿਹਾ ਹੈ ਕਿ ਇਸ ਕਿਸਮ ਦੇ ਜੰਗਲੀ ਵਿਵਹਾਰ ਤੋਂ 1960 ਵਿਆਂ ਵਿਚ ਦੱਖਣ ਵਿਚ ਵਾਪਰੀਆਂ ਭਿਆਨਕ ਘਟਨਾਵਾਂ ਦੀ ਯਾਦ ਤਾਜਾ ਹੋ ਜਾਂਦੀ ਹੈ ਜਦੋਂ ਮਨੁੱਖੀ ਹੱਕਾਂ ਬਾਰੇ ਕਾਰਕੁੰਨਾਂ ਉਪਰ ਕੁੱਤੇ ਛੱਡੇ ਗਏ ਸਨ। ਵਾਟਸਨ ਨੇ ਕਿਹਾ ਹੈ ਕਿ ਇਕ ਨਿਹੱਥੇ ਕਾਲੇ ਵਿਅਕਤੀ ਨਾਲ ਕੀਤੇ ਵਿਵਹਾਰ ਤੋਂ ਅਨਿਆਂ ਤੇ ਭੇਦਭਾਵ ਦੀ ਝਲਕ ਵੀ ਮਿਲਦੀ ਹੈ। ਵਾਟਸਨ ਨੇ ਆਸ ਪ੍ਰਗਟਾਈ ਹੈ ਕਿ ਸਮੁੱਚੀ ਘਟਨਾ ਦੀ ਜਾਂਚ ਉਪਰੰਤ ਨਿਆਂ ਹੋਵੇਗਾ ਤੇ ਕਸੂਰਵਾਰ ਪੁਲਿਸ ਅਫਸਰ ਵਿਰੁੱਧ ਕਾਰਵਾਈ ਹੋਵੇਗੀ। ਡਰਾਈਵਰ ਨੂੰ ਰੋਸ ਕਾਊਂਟੀ ਜੇਲ ਵਿਚ ਲਿਜਾਇਆ ਗਿਆ ਹੈ।