ਅਮਰੀਕਾ ਵਿਚ ਭਾਰਤੀ ਮੂਲ ਦੇ ਨੌਜਵਾਨ ਦੀ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ਵਿਚ ਭਾਰਤੀ ਮੂਲ ਦੇ ਨੌਜਵਾਨ ਦੀ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ
ਕੈਪਸ਼ਨ ਮਨਦੀਪ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਜਾਰਜੀਆ ਰਾਜ ਵਿਚ ਵਾਪਰੀ ਇਕ ਦੁੱਖਦਾਈ ਘਟਨਾ ਵਿਚ ਭਾਰਤੀ ਮੂਲ ਦੇ 36 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਇਹ ਘਟਨਾ ਜਾਰਜੀਆ ਦੇ ਵਰੇਨਸ ਸ਼ਹਿਰ ਦੇ ਇਕ ਸਟੋਰ ਵਿਚ ਵਾਪਰੀ ਜਿਥੇ ਮਨਦੀਪ ਸਿੰਘ ਕਲਰਕ ਵਜੋਂ ਕੰਮ ਕਰਦਾ ਸੀ। ਉਸ ਦੇ ਦੋ ਗੋਲੀਆਂ ਮਾਰੀਆਂ ਗਈਆਂ ਜਿਸ ਉਪਰੰਤ ਉਹ ਮੌਕੇ 'ਤੇ ਹੀ ਦਮ ਤੋੜ ਗਿਆ। ਵਰੇਨਸ ਦੇ ਪੁਲਿਸ ਮੁੱਖੀ ਜੌਹਨ ਮੇਨਾਰਡ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਨਦੀਪ ਸਿੰਘ ਅਗਸਟਾ ਸ਼ਹਿਰ ਦਾ ਵਸਨੀਕ ਹੈ ਤੇ ਉਹ ਇਕ ਮਹੀਨਾ ਪਹਿਲਾਂ ਹੀ ਵਰੇਨਸ ਫੂਡ ਮਾਰਟ ਸਟੋਰ ਵਿਚ ਕੰਮ 'ਤੇ ਲੱਗਾ ਸੀ। ਉਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਲੁੱਟਮਾਰ ਕਰਨ ਦੀ ਨੀਅਤ ਨਾਲ ਹੱਤਿਆ ਕੀਤੀ ਗਈ ਹੈ। ਮੇਨਾਰਡ ਅਨੁਸਾਰ 15 ਸਾਲਾਂ ਦੇ 2 ਨਬਾਲਗਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਨਾਂ ਕਿਹਾ ਕਿ ਨਬਾਲਗਾਂ ਨੇ ਮਾਸਕ ਨਹੀਂ ਪਾਏ ਹੋਏ ਸਨ ਜਿਸ ਕਾਰਨ ਪੁਲਿਸ ਲਈ ਉਨਾਂ ਦੀ ਪਛਾਣ ਕਰਨਾ ਤੇ ਉਨਾਂ ਨੂੰ ਗ੍ਰਿਫਤਾਰ ਕਰਨਾ ਸੌਖਾ ਹੋ ਗਿਆ।