ਡਰੱਗ ਸਮਗਲਰਾਂ ਤੇ ਗਸ਼ਤ ਕਰ ਰਹੇ ਜਵਾਨਾਂ ਵਿਚਾਲੇ ਗੋਲੀਬਾਰੀ ਦੌਰਾਨ ਇਕ ਜਵਾਨ ਦੀ ਮੌਤ 2 ਜ਼ਖਮੀ , ਇਕ ਸਮਗਲਰ ਵੀ ਮਾਰਿਆ ਗਿਆ

ਡਰੱਗ ਸਮਗਲਰਾਂ ਤੇ ਗਸ਼ਤ ਕਰ ਰਹੇ ਜਵਾਨਾਂ ਵਿਚਾਲੇ ਗੋਲੀਬਾਰੀ ਦੌਰਾਨ ਇਕ ਜਵਾਨ ਦੀ ਮੌਤ 2 ਜ਼ਖਮੀ , ਇਕ ਸਮਗਲਰ ਵੀ ਮਾਰਿਆ ਗਿਆ
ਕੈਪਸ਼ਨ : ਹਸਪਤਾਲ ਦੇ ਬਾਹਰ ਤਾਇਨਾਤ ਜਵਾਨ ਜਿਥੇ ਜ਼ਖਮੀ ਜਵਾਨਾਂ ਨੂੰ ਦਾਖਲ ਕਰਵਾਇਆ ਗਿਆ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 18 ਨਵੰਬਰ (ਹੁਸਨ ਲੜੋਆ ਬੰਗਾ)-ਪੂਰਟੋ ਰੀਕੋ ਦੇ ਤੱਟ 'ਤੇ ਸ਼ੱਕੀ ਡਰੱਗ ਸਮਗਲਰਾਂ ਵਲੋਂ ਕੀਤੀ ਗੋਲੀਬਾਰੀ ਵਿਚ ਯੂ ਐਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ( ਸੀ ਬੀ ਪੀ) ਦੇ ਇਕ ਜਵਾਨ (ਏਜੰਟ) ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸੀ ਬੀ ਪੀ ਦੇ ਬੁਲਾਰੇ ਜੈਫਰੀ ਕੁਇਨੋਨਸ ਨੇ ਦਿੱਤੀ ਹੈ। ਉਨਾਂ ਕਿਹਾ ਹੈ ਕਿ ਇਕ ਜਵਾਨ ਨੂੰ ਮਾਇਆਗੁਏਜ਼ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਕੁਝ ਮਿੰਟ ਪਹਿਲਾਂ ਮੌਤ ਹੋਣ ਦੀ ਸੂਚਨਾ ਮਿਲੀ ਹੈ। ਉਨਾਂ ਘਟਨਾ ਦਾ ਵੇਰਵਾ ਦਿੰਦਿਆਂ ਕਿਹਾ  ਹੈ ਕਿ ਪੂਰਟੋ ਰੀਕੋ ਤੱਟ 'ਤੇ ਤਿੰਨ ਜਵਾਨ ਗਸ਼ਤ ਕਰ ਰਹੇ ਸਨ ਜਦੋਂ ਸ਼ੱਕੀ ਸਮਗਲਰ ਜੋ ਕਿਸ਼ਤੀ ਵਿਚ ਸਵਾਰ ਸਨ, ਨੇ ਉਨਾਂ ਉਪਰ ਗੋਲੀ ਚਲਾ ਦਿੱਤੀ। ਜਵਾਨਾਂ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੌਰਾਨ ਇਕ ਸ਼ੱਕੀ ਸਮਗਲਰ ਮਾਰਿਆ ਗਿਆ ਤੇ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨਾਂ ਸਮਗਲਰਾਂ ਦੀ ਕੌਮੀਅਤ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।