ਅਮਰੀਕਾ ਦੇ ਜਿਆਦਾਤਰ ਹਿੱਸੇ ਵਿਚ ਪੈ ਰਹੀ ਹੱਡ ਚੀਰਵੀਂ ਠੰਡ ਕਾਰਨ ਜਨ ਜੀਵਨ ਉਪਰ ਵਿਆਪਕ ਅਸਰ

ਅਮਰੀਕਾ ਦੇ ਜਿਆਦਾਤਰ ਹਿੱਸੇ ਵਿਚ ਪੈ ਰਹੀ ਹੱਡ ਚੀਰਵੀਂ ਠੰਡ ਕਾਰਨ ਜਨ ਜੀਵਨ ਉਪਰ ਵਿਆਪਕ ਅਸਰ

ਹਜਾਰਾਂ ਹਵਾਈ ਉਡਾਣਾਂ ਰੱਦ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ
24 ਦਸੰਬਰ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਜਿਆਦਾਤਰ ਹਿੱਸਿਆਂ ਵਿਚ ਹੱਡ ਚੀਰਵੀਂ ਠੰਡ ਪੈ ਰਹੀ ਹੈ ਜਿਸ ਕਾਰਨ ਜਨ ਜੀਵਨ ਉਪਰ ਵਿਆਪਕ ਅਸਰ ਪਿਆ ਹੈ। ਜਿੰਦਗੀ ਦੀ ਤੋਰ ਮੱਠੀ ਪੈ ਗਈ ਹੈ। ਜਿਆਦਾਤਰ ਪੂਰਬੀ ਤੱਟ ਦਾ ਹਿੱਸਾ ਬਰਫ਼ੀਲੇ ਤੂਫਾਨ ਦੀ ਲਪੇਟ ਵਿਚ ਹੈ ਜਿਸ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਹਜਾਰਾਂ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਬਿਜਲੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਵੈਬਸਾਈਟ ਫਲਾਈਟ ਅਵੇਅਰ ਅਨੁਸਾਰ ਸ਼ੁੱਕਰਵਾਰ ਸ਼ਾਮ 6 ਵਜੇ ਤੱਕ 5000 ਤੋਂ ਵਧ ਹਵਾਈ ਉਡਾਣਾਂ ਨੂੰ ਰੱਦ  ਕਰਨਾ ਪਿਆ ਹੈ। ਨੈਸ਼ਵਿਲੇ ਸਮੇਤ ਦੱਖਣ ਦੇ ਸ਼ਹਿਰਾਂ ਵਿਚ ਤਾਪਮਾਨ ਮਨਫੀ ਇਕ ਡਿਗਰੀ ਤੱਕ ਹੇਠਾਂ ਡਿਗ ਗਿਆ ਹੈ। ਵੈਦਰ ਸਰਵਿਸ ਡੈਟਾ ਅਨੁਸਾਰ ਤਕਰੀਬਨ 15 ਕਰੋੜ ਅਮਰੀਕੀਆਂ ਨੂੰ ਖਤਰਨਾਕ ਠੰਡੀਆਂ ਹਵਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 20 ਕਰੋੜ ਤੋਂ ਵਧ ਜੋ ਮੋਟੇ ਤੌਰ 'ਤੇ ਅਮਰੀਕਾ ਦੀ 60% ਆਬਾਦੀ ਬਣਦੀ ਹੈ, ਨੂੰ ਖਰਾਬ ਮੌਸਮ ਤੋਂ ਬਚਣ ਦੀ ਚਿਤਾਵਨੀ ਜਾਂ ਸਲਾਹ ਦਿੱਤੀ ਗਈ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਇਹ ਉਸ ਤਰਾਂ ਦੀ ਬਰਫ਼ਬਾਰੀ ਨਹੀਂ ਹੈ ਜਦੋਂ ਤੁਸੀਂ ਬੱਚੇ ਹੁੰਦੇ ਸੀ, ਇਸ ਦਾ ਰੂਪ ਖਤਰਨਾਕ ਹੈ।
ਕਈ ਵਾਹਣ ਆਪਸ ਵਿਚ ਟਕਰਾਏ-
ਖਰਾਬ ਮੌਸਮ ਕਾਰਨ ਈਰੀ ਕਾਊਂਟੀ ਵਿਚ ਉਹੀਓ ਟਰਨਪਾਈਕ 'ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਅਨੇਕਾਂ ਹੋਰ ਜ਼ਖਮੀ ਹੋ ਗਏ। ਇਹ ਪ੍ਰਗਟਾਵਾ ਕਰਦਿਆਂ ਉਹੀਓ ਸਟੇਟ ਹਾਈਵੇਅ ਪੈਟਰੋਲ ਸਾਰਜੈਂਟ ਰਿਆਨ ਪੁਰਪੁਰਾ ਨੇ ਕਿਹਾ ਹੈ ਕਿ ਇਸ ਹਾਦਸੇ ਵਿਚ ਤਕਰੀਬਨ 50 ਵਾਹਣ ਇਕ ਦੂਸਰੇ ਨਾਲ ਟਕਰਾਅ ਗਏ। ਉਨਾਂ ਕਿਹਾ ਕਿ ਹਾਦਸੇ ਵਿਚ ਸ਼ਾਮਿਲ ਵਾਹਣਾਂ ਵਿਚ ਸਵਾਰ ਲੋਕਾਂ ਨੂੰ ਬੱਸ ਦੁਆਰਾ ਨੇੜੇ ਸੁਰੱਖਿਅਤ ਜਗਾ 'ਤੇ ਪਹੁੰਚਾਇਆ ਗਿਆ ਤਾਂ ਜੋ ਉਹ ਆਪਣੇ ਆਪ ਨੂੰ ਗਰਮ ਰਖ ਸਕਣ। ਵੀਰਵਾਰ ਦੇਰ ਗਏ ਬਰਫ਼ੀਲਾ ਤੂਫਾਨ ਸਿਨਸਿਨਾਟੀ ਖੇਤਰ ਵਿਚ ਦਾਖਲ ਹੋਇਆ ਸੀ ਜਿਸ ਤੋਂ ਬਾਅਦ ਰਾਜ ਭਰ ਵਿਚ ਹੋਏ ਹਾਦਸਿਆਂ ਵਿੱਚ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਅਨੇਕਾਂ ਹੋਰ ਜ਼ਖਮੀ ਹੋਏ ਹਨ।